ਟੀਐੱਮਸੀ ਆਗੂਆਂ ਦਾ ਥਾਣੇ ਅੰਦਰ ਰੋਸ ਮੁਜ਼ਾਹਰਾ ਸਮਾਪਤ
ਨਵੀਂ ਦਿੱਲੀ, 9 ਅਪਰੈਲ
ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਧਰਨੇ ਦੌਰਾਨ ਦਿੱਲੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਟੀਐੱਮਸੀ ਆਗੂਆਂ ਨੇ ਮੰਦਰ ਮਾਰਗ ਥਾਣੇ ’ਚ ਆਪਣਾ ਰੋਸ ਮੁਜ਼ਾਹਰਾ ਅੱਜ ਵੀ ਜਾਰੀ ਰੱਖਿਆ। ਸੌਰਭ ਭਾਰਦਵਾਜ ਸਮੇਤ ਆਮ ਆਦਮੀ ਪਾਰਟੀ ਦੇ ਨੇਤਾ ਟੀਐੱਮਸੀ ਦੇ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਏ। ਟੀਐੱਮਸੀ ਆਗੂਆਂ ਨੇ ਦੇਰ ਸ਼ਾਮ ਧਰਨਾ ਸਮਾਪਤ ਕਰ ਦਿੱਤਾ।
ਟੀਐੱਮਸੀ ਦੇ ਦਸ ਮੈਂਬਰੀ ਵਫ਼ਦ ਨੇ ਬੀਤੇ ਦਿਨ ਚੋਣ ਕਮਿਸ਼ਨ ਦੇ ਪੂਰਨ ਬੈਂਚ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਸੀ ਕਿ ਈਡੀ, ਸੀਬੀਆਈ, ਐੱਨਆਈਏ ਤੇ ਆਮਦਨ ਕਰ ਵਿਭਾਗ ਦੇ ਮੁਖੀਆਂ ਨੂੰ ਬਦਲਿਆ ਜਾਵੇ ਕਿਉਂਕਿ ਉਹ ਕਥਿਤ ਤੌਰ ’ਤੇ ਹਾਕਮ ਧਿਰ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। ਟੀਐੱਮਸੀ ਆਗੂਆਂ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਉਹ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ 24 ਘੰਟੇ ਦੇ ਧਰਨੇ ’ਤੇ ਬੈਠ ਰਹੇ ਹਨ। ਵਫ਼ਦ ’ਚ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ, ਮੁਹੰਮਦ ਨਦੀਮੁਲ ਹੱਕ, ਡੋਲਾ ਸੇਨ, ਸਾਕੇਤ ਗੋਖਲੇ, ਸਾਗਰਿਕਾ ਘੋਸ਼, ਵਿਧਾਇਕ ਵਿਵੇਕ ਗੁਪਤਾ, ਸਾਬਕਾ ਸੰਸਦ ਮੈਂਬਰ ਅਰਪਿਤਾ ਘੋਸ਼, ਸ਼ਾਂਤਨੂ ਸੇਨ ਤੇ ਅਬੀਰ ਰੰਜਨ ਵਿਸ਼ਵਾਸ ਅਤੇ ਟੀਐੱਮਸੀ ਦੀ ਪੱਛਮੀ ਬੰਗਾਲ ਇਕਾਈ ਦੇ ਮੀਤ ਪ੍ਰਧਾਨ ਸੁਦੀਪ ਰਾਹਾ ਸ਼ਾਮਲ ਸਨ। ਨੇਤਾਵਾਂ ਨੂੰ ਬਾਅਦ ’ਚ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਉੱਥੋਂ ਜਬਰੀ ਹਟਾ ਦਿੱਤਾ।
ਪੁਲੀਸ ਨੇ ਕਿਹਾ ਕਿ ਉਸ ਨੇ ਟੀਐੱਮਸੀ ਆਗੂਆਂ ਨੂੰ ਲੰਘੀ ਰਾਤ ਰਿਹਾਅ ਕਰ ਦਿੱਤਾ। ਹਾਲਾਂਕਿ ਨੇਤਾ ਰਾਤ ਭਰ ਥਾਣੇ ਵਿੱਚ ਹੀ ਡਟੇ ਰਹੇ ਅਤੇ ਆਪਣਾ ਧਰਨਾ ਜਾਰੀ ਰੱਖਿਆ। ਪੁਲੀਸ ਦੇ ਇੱਕ ਅਧਿਕਾਰੀ ਨੇ ਕਿਹਾ, ‘ਅੱਜ ਉਹ ਮੁੜ ਥਾਣੇ ਆਏ। ਉਨ੍ਹਾਂ ਨੂੰ ਅਜੇ ਵੀ ਜਾਣ ਦੀ ਇਜਾਜ਼ਤ ਹੈ ਪਰ ਉਹ ਥਾਣੇ ’ਚੋਂ ਨਹੀਂ ਜਾ ਰਹੇ।’ -ਪੀਟੀਆਈ