For the best experience, open
https://m.punjabitribuneonline.com
on your mobile browser.
Advertisement

ਰੋਪਵੇਅ ਪ੍ਰਾਜੈਕਟ: ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ

06:24 AM Nov 26, 2024 IST
ਰੋਪਵੇਅ ਪ੍ਰਾਜੈਕਟ  ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ
ਕੱਟੜਾ ’ਚ ਪ੍ਰਦਰਸ਼ਨਕਾਰੀਆਂ ਤੋਂ ਬਚ ਕੇ ਭੱਜਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਰਿਆਸੀ/ਜੰਮੂ, 25 ਨਵੰਬਰ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਵੈਸ਼ਨੋ ਦੇਵੀ ਮੰਦਰ ਤੱਕ ਜਾਣ ਵਾਲੇ ਪੈਦਲ ਮਾਰਗ ’ਤੇ ਬਣਨ ਵਾਲੇ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਅੱਜ ਦੁਕਾਨਦਾਰਾਂ ਤੇ ਮਜ਼ਦੂਰਾਂ ਵੱਲੋਂ ਕੀਤਾ ਗਿਆ ਰੋਸ ਮਾਰਚ ਝੜੱਪ ’ਚ ਤਬਦੀਲ ਹੋ ਗਿਆ। ਪੁਲੀਸ ਮੁਤਾਬਕ ਰੋਸ ਮਾਰਚ ਦੇ ਕੱਟੜਾ ਬੇਸ ਕੈਂਪ ਪਹੁੰਚਣ ਮਗਰੋਂ ਕੁਝ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਝੜਪ ਹੋ ਗਈ।
ਪੁਲੀਸ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਵਿਗੜ ਗਈ ਹਾਲਾਂਕਿ ਮਾਹੌਲ ਸ਼ਾਂਤ ਕਰਨ ਲਈ ਗੱਲਬਾਤ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਕੁੱਟਮਾਰ ’ਚ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਅੱਜ ਕੱਟੜਾ ਸ਼ਹਿਰ ’ਚ ਮਾਰਚ ਕੱਢਿਆ ਤੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪਹਿਲਾਂ 72 ਘੰਟੇ ਦੀ ਹੜਤਾਲ ਦਾ ਸੱਦਾ ਦਿੱਤਾ ਸੀ ਪਰ ਬਾਅਦ ਵਿੱਚ ਇਸ ਨੂੰ ਹੋਰ 24 ਘੰਟੇ ਲਈ ਵਧਾ ਦਿੱਤਾ ਗਿਆ। ਅੱਜ ਰੋਸ ਮੁਜ਼ਾਹਰੇ ਦੌਰਾਨ ਉਸ ਸਮੇਂ ਤਣਾਅ ਵੱਧ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਦੇ ਧਰਨੇ ਦੌਰਾਨ ਸੀਆਰਪੀਐੱਫ ਦਾ ਇੱਕ ਵਾਹਨ ਸ਼ਹਿਰ ’ਚੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ ਅਤੇ ਉਨ੍ਹਾਂ ਵਾਹਨ ’ਤੇ ਹਮਲਾ ਕਰਕੇ ਉਸ ਦਾ ਸ਼ੀਸ਼ਾ ਤੋੜ ਦਿੱਤਾ। ਪੁਲੀਸ ਦੇ ਦਖਲ ਨਾਲ ਵਾਹਨ ਪਿੱਛੇ ਹਟਾਇਆ ਗਿਆ ਜਿਸ ਮਗਰੋਂ ਝੜਪ ਹੋ ਗਈ ਅਤੇ ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਇੱਟਾਂ ਮਾਰੀਆਂ। ਸੀਨੀਅਰ ਪੁਲੀਸ ਅਧਿਕਾਰੀ (ਰਿਆਸੀ) ਪਰਮਵੀਰ ਸਿੰਘ ਨੇ ਦੱਸਿਆ, ‘ਅਮਨ ਕਾਨੂੰਨ ਦੀ ਸਥਿਤੀ ਚੁਣੌਤੀਪੂਰਨ ਹੋ ਗਈ ਹੈ ਅਤੇ ਅਸੀਂ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਧਿਕਾਰੀ ਇਸ ਮੁੱਦੇ ਨੂੰ ਸੁਲਝਾਉਣ ਲਈ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।’
ਇਸ ਮਗਰੋਂ ਮੁਜ਼ਾਹਰਾਕਾਰੀਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇੱਕ ਘੰਟਾ ਤੱਕ ਗੱਲਬਾਤ ਕੀਤੀ। ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਮਸਲੇ ਹੱਲ ਕਰਨ ਲਈ ਵੱਖ ਵੱਖ ਧਿਰਾਂ ਨਾਲ ਗੱਲਬਾਤ ਕੀਤੀ ਜਾਵੇਗੀ ਜਿਸ ਮਗਰੋਂ ਮੁਜ਼ਾਹਰਾਕਾਰੀਆਂ ਨੇ ਹੜਤਾਲ ਵਾਪਸ ਲੈ ਲਈ।
ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਅਤੇ ਖੱਚਰ ਤੇ ਪਾਲਕੀ ਮਾਲਕਾਂ ਨੇ 22 ਨਵੰਬਰ ਨੂੰ ਹੜਤਾਲ ਉਸ ਸਮੇਂ ਸ਼ੁਰੂ ਕੀਤੀ ਸੀ ਜਦੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਤਾਰਾਕੋਟ ਮਾਰਗ ਅਤੇ ਸਾਂਝੀ ਛੱਤ ਵਿਚਾਲੇ 12 ਕਿਲੋਮੀਟਰ ਲੰਮੇ ਮਾਰਗ ’ਤੇ 250 ਕਰੋੜ ਰੁਪਏ ਦੀ ਲਾਗਤ ਨਾਲ ਰੋਪਵੇਅ ਪ੍ਰਾਜੈਕਟ ਨੂੰ ਅਮਲ ’ਚ ਲਿਆਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਦੁਕਾਨਦਾਰਾਂ ਨੂੰ ਡਰ ਹੈ ਕਿ ਦੋ ਸਾਲਾਂ ਅੰਦਰ ਪੂਰੇ ਹੋਣ ਵਾਲੇ ਇਸ ਪ੍ਰਾਜੈਕਟ ਕਾਰਨ ਉਹ ਬੇਰੁਜ਼ਗਾਰ ਹੋ ਜਾਣਗੇ। -ਪੀਟੀਆਈ

Advertisement

ਲੋਕਾਂ ਦੀਆਂ ਫਿਕਰਾਂ ਵੱਲ ਧਿਆਨ ਦੇਵਾਂਗੇ: ਉਪ ਰਾਜਪਾਲ

ਜੰਮੂ:

Advertisement

ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਕਿਹਾ ਕਿ ਵੈਸ਼ਨੋ ਦੇਵੀ ਮੰਦਰ ਮਾਰਗ ’ਤੇ ਬਣਨ ਵਾਲੇ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਜਾਇਜ਼ ਚਿੰਤਾਵਾਂ ਵੱਲ ਧਿਆਨ ਦਿੱਤਾ ਜਾਵੇਗਾ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਪ੍ਰਧਾਨ ਸਿਨਹਾ ਨੇ ਕਿਹਾ ਕਿ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਦੀ ਪ੍ਰਧਾਨਗੀ ਹੇਠਲੀ ਇੱਕ ਕਮੇਟੀ ਨੇ ਵਿਕਾਸ ਪ੍ਰਾਜੈਕਟਾਂ ’ਤੇ ਆਮ ਸਹਿਮਤੀ ਬਣਾਉਣ ਲਈ ਸਬੰਧਤ ਧਿਰਾਂ ਨਾਲ ਪਹਿਲਾਂ ਹੀ ਗੱਲ ਕਰ ਲਈ ਹੈ। ਪ੍ਰਾਜੈਕਟ ਖ਼ਿਲਾਫ਼ ਚੱਲ ਰਹੀ ਲੋਕਾਂ ਦੀ ਹੜਤਾਲ ਬਾਰੇ ਉਨ੍ਹਾਂ ਕਿਹਾ ਕਿ ਰੁਜ਼ਗਾਰ ਖੋਹੇ ਜਾਣ ਸਬੰਧੀ ਲੋਕਾਂ ਦੀਆਂ ਫਿਕਰਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਹਾਲਾਂਕਿ ਸਪੱਸ਼ਟ ਕੀਤਾ ਕਿ ਵਿਕਾਸ ਪ੍ਰਾਜੈਕਟਾਂ ਤੇ ਲੋਕਾਂ ਲਈ ਰੁਜ਼ਗਾਰ ਦੇ ਢੁੱਕਵੇਂ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। -ਪੀਟੀਆਈ

Advertisement
Author Image

joginder kumar

View all posts

Advertisement