For the best experience, open
https://m.punjabitribuneonline.com
on your mobile browser.
Advertisement

ਕਿਸਾਨੀ ਮਸਲੇ ਹੱਲ ਨਾ ਹੋਣ ’ਤੇ ਕੇਂਦਰ ਖ਼ਿਲਾਫ਼ ਰੋਸ ਵਧਿਆ

08:43 AM Mar 05, 2024 IST
ਕਿਸਾਨੀ ਮਸਲੇ ਹੱਲ ਨਾ ਹੋਣ ’ਤੇ ਕੇਂਦਰ ਖ਼ਿਲਾਫ਼ ਰੋਸ ਵਧਿਆ
ਬਠਿੰਡਾ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ।
Advertisement

ਪੱਤਰ ਪ੍ਰੇਰਕ
ਬਠਿੰਡਾ, 4 ਮਾਰਚ
ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਪੱਧਰੀ ਮੀਟਿੰਗ ਅੱਜ ਇੱਥੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ’ਤੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਸੰਘਰਸ਼ ਸਬੰਧੀ ਲਏ ਫੈਸਲਿਆਂ ਅਨੁਸਾਰ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਕਿਸਾਨ ਮਹਾਪੰਚਾਇਤ ਰੱਖੀ ਗਈ ਹੈ। ਇਸ ਵਿੱਚ ਕੁੱਲ ਹਿੰਦ ਕਿਸਾਨ ਸਭਾ ਵੱਧ ਚੜ੍ਹ ਕੇ ਹਿੱਸਾ ਲਵੇਗੀ ਤੇ ਪੰਜਾਬ ਵਿੱਚੋਂ ਹਜ਼ਾਰਾਂ ਸਾਥੀਆਂ ਦਾ ਜਥਾ ਰੇਲ ਗੱਡੀਆਂ, ਬੱਸਾਂ ਅਤੇ ਹੋਰ ਸਾਧਨਾਂ ਰਾਹੀਂ 13 ਮਾਰਚ ਨੂੰ ਦਿੱਲੀ ਵੱਲ ਕੂਚ ਕਰੇਗਾ। ਮੀਟਿੰਗ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਲੋਕ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੀ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਲਿਖਤੀ ਸਮਝੌਤੇ ਅਨੁਸਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਪੂਰੇ ਦੇਸ਼ ਵਿੱਚ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਾਰੀਆਂ ਫਸਲਾਂ ਦੀ ਖਰੀਦ ਦੀ ਕਾਨੂੰਨੀ ਗਾਰੰਟੀ ਕਰੇ, ਕਿਸਾਨ ਮਜ਼ਦੂਰਾਂ ਦੇ ਕਰਜ਼ੇ ਉੱਪਰ ਲਕੀਰ ਮਾਰੀ ਜਾਵੇ, ਕਿਸਾਨਾਂ ਮਜ਼ਦੂਰਾਂ ਨੂੰ 58 ਸਾਲ ਦੀ ਉਮਰ ਹੋਣ ’ਤੇ 10 ਹਜ਼ਾਰ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ, ਬਿਜਲੀ ਬਿੱਲ 2023 ਵਾਪਸ ਲਿਆ ਜਾਵੇ, ਮੀਟਿੰਗ ਵਿੱਚ ਲਖਮੀਰਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੇ ਦੋਸ਼ੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਮੁੜ ਲੋਕ ਸਭਾ ਦੀ ਟਿਕਟ ਦੇਣ ਦੀ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਦੋਸ਼ੀ ਮੰਤਰੀ ਦੀ ਟਿਕਟ ਕੱਟੀ ਜਾਵੇ ਅਤੇ ਕਿਸਾਨਾਂ ਨੂੰ ਨਿਆਂ ਦੇਣ ਲਈ ਸਾਰੇ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਈਆਂ ਜਾਣ, ਫਸਲਾਂ ਦੇ ਵਾਰ ਵਾਰ ਕੁਦਰਤੀ ਆਫਤਾਂ ਨਾਲ ਹੋ ਰਹੇ ਖਰਾਬੇ ਦੇ ਪੱਕੇ ਹੱਲ ਲਈ ਪੱਕੀ ਫਸਲੀ ਬੀਮਾ ਸਕੀਮ ਲਿਆਂਦੀ ਜਾਵੇ, ਮੀਟਿੰਗ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਪਿਛਲੇ ਦਿਨੀ ਪੰਜਾਬ ਵਿੱਚ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ ਤੇ ਖਰਾਬ ਹੋਈਆਂ ਫਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਕਿਸਾਨ ਸਭਾ ਦੇ ਸੂਬਾ ਆਗੂ ਹਰਦੇਵ ਸਿੰਘ ਅਰਸ਼ੀ, ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ, ਸੂਬਾ ਸਕੱਤਰ ਸੂਰਤ ਸਿੰਘ ਧਰਮਕੋਟ, ਰੂਪ ਸਿੰਘ ਢਿੱਲੋਂ, ਬਲਦੇਵ ਸਿੰਘ ਵੇਰਕਾ, ਸੁਰਿੰਦਰ ਸਿੰਘ ਢੰਡੀਆਂ, ਚਰਨਜੀਤ ਸਿੰਘ ਬਣਵਾਲਾ ਆਦਿ ਮੌਜੂਦ ਸਨ।

Advertisement

Advertisement
Author Image

Advertisement
Advertisement
×