ਫ਼ਾਰਚੂਨਰ ਤੇ ਆਟੋ ਦੀ ਟੱਕਰ ’ਚ ਦਰਜਨ ਸਕੂਲੀ ਬੱਚੇ ਜ਼ਖ਼ਮੀ
ਸ਼ਗਨ ਕਟਾਰੀਆ
ਬਠਿੰਡਾ, 5 ਸਤੰਬਰ
ਇੱਥੇ ਸੌ ਫੁੱਟੀ ਰੋਡ ’ਤੇ ਗੁਰੂ ਨਾਨਕ ਸਕੂਲ ਦੇ ਨੇੜੇ ਹੋਏ ਸੜਕ ਹਾਦਸੇ ਦੌਰਾਨ ਕਰੀਬ ਇੱਕ ਦਰਜਨ ਸਕੂਲੀ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ। ਇੱਕ ਨਿੱਜੀ ਸਕੂਲ ਦੇ ਇਹ ਵਿਦਿਆਰਥੀ ਛੁੱਟੀ ਹੋਣ ਮਗਰੋਂ ਆਪਣੇ ਘਰਾਂ ਨੂੰ ਪਰਤ ਰਹੇ ਸਨ।
ਜਾਣਕਾਰੀ ਮੁਤਾਬਕ ਬੱਚੇ ਇੱਕ ਆਟੋ ’ਤੇ ਸਵਾਰ ਸਨ। ਆਟੋ ਚਾਲਕ ਜਦੋਂ ਆਪਣੇ ਵਾਹਨ ਨੂੰ ਧੋਬੀਆਣਾ ਰੋਡ ਤਰਫ਼ ਮੋੜ ਰਿਹਾ ਸੀ, ਤਾਂ ਪ੍ਰਤੱਖਦਰਸ਼ੀਆਂ ਮੁਤਾਬਿਕ ਇੱਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ, ਆਟੋ ਨਾਲ ਟਕਰਾ ਗਈ। ਨਤੀਜੇ ਵਜੋਂ ਆਟੋ ਪਲਟ ਗਿਆ ਅਤੇ ਇਸ ਵਿੱਚ ਸਵਾਰ ਬੱਚਿਆਂ ਦਾ ਚੀਕ-ਚਿਹਾੜਾ ਮੱਚ ਗਿਆ। ਰੌਲੇ-ਰੱਪੇ ਦੌਰਾਨ ਫਾਰਚੂਨਰ ਦਾ ਚਾਲਕ ਲੁਕ ਛਿਪ ਕੇ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ। ਨੇੜਲੇ ਲੋਕਾਂ ਨੇ ਫੌਰੀ ਮਦਦ ਕਰਦਿਆਂ ਬੱਚਿਆਂ ਅਤੇ ਆਟੋ ਚਾਲਕ ਨੂੰ ਨੇੜੇ ਦੇ ਨਿੱਜੀ ਹਸਪਤਾਲ ’ਚ ਪਹੁੰਚਾਇਆ। ਕੁਝ ਮਿੰਟਾਂ ’ਚ ਹੀ ਸਕੂਲ ਦਾ ਸਟਾਫ਼ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਨੌਜਵਾਨ ਵੈਲਫ਼ੇਅਰ ਸੁਸਾਇਟੀ ਅਤੇ ਸਹਾਰਾ ਕਲੱਬ ਦੇ ਵਰਕਰ ਵੀ ਇੱਥੇ ਪਹੁੰਚ ਗਏ। ਬੱਚਿਆਂ ਨੂੰ ਹਸਪਤਾਲ ’ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਦੋ ਬੱਚਿਆਂ ਦੇ ਗੰਭੀਰ ਚੋਟਾਂ ਹਨ ਜਦ ਕਿ ਬਾਕੀ ਬੱਚਿਆਂ ਦੇ ਸਰੀਰ ’ਤੇ ਹਲਕੀਆਂ ਸੱਟਾਂ ਹਨ। ਉਨ੍ਹਾਂ ਕਿਹਾ ਕਿ ਪੂਰੀ ਜਾਣਕਾਰੀ ਦਾ ਮੈਡੀਕਲ ਰਿਪੋਰਟਾਂ ਆਉਣ ’ਤੇ ਹੀ ਪਤਾ ਲੱਗੇਗਾ। ਪੁਲੀਸ ਨੇ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਹੁਣ ਉਸ ਵੱਲੋਂ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।