For the best experience, open
https://m.punjabitribuneonline.com
on your mobile browser.
Advertisement

ਦਿੱਲੀ ਕੂਚ ਲਈ ਕਿਸਾਨਾਂ ਦਾ ਜਥਾ ਤਿਆਰ

06:10 AM Dec 06, 2024 IST
ਦਿੱਲੀ ਕੂਚ ਲਈ ਕਿਸਾਨਾਂ ਦਾ ਜਥਾ ਤਿਆਰ
ਸ਼ੰਭੂ ਬਾਰਡਰ ’ਤੇ ਸਰਵਣ ਸਿੰਘ ਪੰਧੇਰ, ਸੁਰਜੀਤ ਫੂਲ ਤੇ ਹੋਰ ਆਗੂ ਪ੍ਰੈੱਸ ਕਾਨਫਰੰਸ ਕਰਦੇ ਹੋਏ।
Advertisement

* ਕਿਸਾਨ ਦਿੱਲੀ ਕੂਚ ਲਈ ਅਤੇ ਹਰਿਆਣਾ ਸਰਕਾਰ ਬਾਰਡਰ ਨਾ ਟੱਪਣ ਦੇਣ ਲਈ ਬਜ਼ਿੱਦ

Advertisement

ਸਰਬਜੀਤ ਸਿੰਘ ਭੰਗੂ
ਸ਼ੰਭੂ ਬਾਰਡਰ (ਪਟਿਆਲਾ), 5 ਦਸੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਜਾਰੀ ਕਿਸਾਨ ਮੋਰਚੇ ਕਾਰਨ ਸ਼ੰਭੂ ਬਾਰਡਰ ਕਰੀਬ ਦਸ ਮਹੀਨਿਆਂ ਤੋਂ ਬੰਦ ਪਰ ਸ਼ਾਂਤ ਸੀ ਪਰ ਅੱਜ ਇੱਥੇ ਮੁੜ ਤੋਂ ਤਣਾਅ ਪੈਦਾ ਹੋ ਗਿਆ। ਇਕ ਪਾਸੇ ਜਿੱਥੇ ਕਿਸਾਨ 6 ਦਸੰਬਰ ਨੂੰ ਬਾਅਦ ਦੁਪਹਿਰ 1 ਵਜੇ ਦਿੱਲੀ ਕੂਚ ਲਈ ਬਜ਼ਿੱਦ ਹਨ, ਉੱਥੇ ਹੀ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਨੇ ਵੀ ਬਾਰਡਰ ’ਤੇ ਮੁੜ ਤੋਂ ਮੋਰਚੇ ਸੰਭਾਲ ਲਏ ਹਨ ਜੋ ਕਿ ਹੋਰ ਸਾਧਨਾਂ ਸਣੇ ਪਿਛਲੇ ਸਾਲ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਲਈ ਵਰਤੇ ਗਏ ਡਰੋਨਾਂ ਨਾਲ ਵੀ ਲੈਸ ਹੈ।
ਉੱਧਰ, ਹਰਿਆਣਾ ਸਰਕਾਰ ਦੇ ਇਰਾਦੇ ਸਪੱਸ਼ਟ ਹੋਣ ਦੇ ਬਾਵਜੂਦ ਅੱਜ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਕਰ ਕੇ ਪ੍ਰ੍ਰਮੁੱਖ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਹੋਰਾਂ ਨੇ ਸਮੁੱਚੀ ਰੂਪਰੇਖਾ ਜਾਰੀ ਕਰਦਿਆਂ ਸੁਰਜੀਤ ਫੂਲ ਤੇ ਹੋਰਾਂ ਦੀ ਅਗਵਾਈ ਹੇਠ ਭਲਕੇ ਕੂਚ ਕਰਨ ਵਾਲੇ ਪਹਿਲੇ ਜਥੇ ਵਿਚਲੇ 101 ਕਿਸਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਤਰਕ ਸੀ ਕਿ ਬਾਰਡਰ ’ਤੇ ਹਰਿਆਣਾ ਪੁਲੀਸ ਦਾ ਜਬਰ ਅਤੇ ਜ਼ੁਲਮ ਸਬਰ ਤੇ ਸੰਤੋਖ ਨਾਲ ਸਹਿੰਦੇ ਹੋਏ ਉਹ ਸ਼ਹਾਦਤਾਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਾਰਵਾਈ ਭਲਕੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਹੇਗੀ। ਸੁਰਜੀਤ ਫੂਲ ਦਾ ਕਹਿਣਾ ਸੀ ਕਿ 101 ਕਿਸਾਨਾਂ ਦਾ ਜਥਾ ਇੱਥੋਂ ਹੀ ਰੋਜ਼ਾਨਾ ਰਵਾਨਾ ਹੋਇਆ ਕਰੇਗਾ। ਆਗੂਆਂ ਨੇ ਕਿਹਾ ਕਿ ਕੇਂਦਰ ਦੇ ਇਸ਼ਾਰੇ ’ਤੇ ਅੱਗੇ ਆਈ ਹਰਿਆਣਾ ਸਰਕਾਰ ਜੇਕਰ ਦਿੱਲੀ ਕੂਚ ਕਰਦੇ ਨਿਹੱਥੇ ਕਿਸਾਨਾਂ ’ਤੇ ਵੀ ਤਸ਼ੱਦਦ ਕਰਦੀ ਹੈ ਤਾਂ ਇਹ ਉਨ੍ਹਾਂ ਦੀ ਨੈਤਿਕ ਜਿੱਤ ਹੋਵੇਗੀ, ਕਿਉਂਕਿ ਪਿਛਲੀ ਵਾਰ ਕਿਸਾਨਾਂ ਨੂੰ ਅਤਿਵਾਦੀ ਕਹਿ ਕੇ ਬਦਨਾਮ ਕਰਨ ਵਾਲੀ ਹਕੂਮਤ ਦੇ ਅਜਿਹੇ ਰੂਪ ਨੂੰ ਉਹ ਦੁਨੀਆਂ ਦੇ ਸਾਹਮਣੇ ਨੰਗਾ ਕਰਨਾ ਚਾਹੁੰਦੇ ਹਨ। ਇਸ ਨਾਲ ਸਪੱਸ਼ਟ ਹੋ ਜਾਵੇਗਾ ਕਿ ਅਸਲ ’ਚ ਭਾਜਪਾ ਹੀ ਧਾੜਵੀ ਹੈ ਅਤੇ ਰਾਹ ਵੀ ਕਿਸਾਨਾਂ ਨੇ ਨਹੀਂ ਬਲਕਿ ਹਰਿਆਣਾ ਸਰਕਾਰ ਨੇ ਹੀ ਰੋਕੇ ਹੋਏ ਹਨ। ਪਹਿਲੇ ਜਥੇ ਦੀ ਅਗਵਾਈ ਸਰਜੀਤ ਫੂਲ, ਸਤਨਾਮ ਪੰਨੂ, ਸਵਿੰਦਰ ਚਤਾਲਾ ਤੇ ਬਲਜਿੰਦਰ ਚੰਡਿਆਲਾ ਕਰਨਗੇ। ਪੰਧੇਰ ਨੇ ਮੁੜ ਸਪੱਸ਼ਟ ਕੀਤਾ ਕਿ ਗੱਲਬਾਤ ਤੋਂ ਉਹ ਨਾ ਹੀ ਪਹਿਲਾਂ ਭੱਜੇ ਹਨ ਤੇ ਨਾ ਹੀ ਹੁਣ ਭੱਜਣਗੇ, ਬਸ਼ਰਤੇ ਕਿ ਇਸ ਵਾਰ ਗੱਲਬਾਤ ਦਾ ਲਿਖਤੀ ਸੱਦਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ੰਭੂ ਨੂੰ ਸੂਬੇ ਦਾ ਨਹੀਂ ਬਲਕਿ ਕੌਮਾਂਤਰੀ ਬਾਰਡਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੀ ਨਹੀਂ ਤਾਂ ਪ੍ਰਧਾਨ ਮੰਤਰੀ ਆਪਣੇ ਉਪ ਰਾਸ਼ਟਰਪਤੀ ਦੀ ਅਪੀਲ ’ਤੇ ਹੀ ਗੌਰ ਫਰਮਾ ਲੈਣ। ਪੰਧੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਨੀਮ ਫੌਜੀ ਬਲ ਵੀ ਸੱਦ ਲਿਆ ਹੈ।

Advertisement

ਡੱਬਵਾਲੀ ’ਚ ਪੰਜਾਬ ਦੀ ਸਰਹੱਦ ਸੀਲ

ਡੱਬਵਾਲੀ (ਪੱਤਰ ਪ੍ਰੇਰਕ):

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨੀ ਮੰਗਾਂ ਸਬੰਧੀ ਭਲਕੇ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ ਜਿਸ ਤਹਿਤ ਪੁਲੀਸ ਨੇ ਡੱਬਵਾਲੀ ’ਚ ਪੰਜਾਬ ਹੱਦ ’ਤੇ 7 ਸਥਾਈ ਨਾਕੇ ਅਤੇ 14 ਅਸਥਾਈ ਨਾਕੇ ਲਾ ਦਿੱਤੇ ਹਨ। ਬਠਿੰਡਾ ਰੋਡ ਅਤੇ ਮਲੋਟ ਰੋਡ ਦੀਆਂ ਹੱਦਾਂ ’ਤੇ ਨਾਕੇਬੰਦੀ ਕਾਰਨ ਨੀਮ ਫੌਜੀ ਬਲਾਂ ਦੀ ਇੱਕ ਕੰਪਨੀ ਨੂੰ ਤਾਇਨਾਤ ਕੀਤਾ ਗਿਆ ਹੈ।

ਪੰਜਾਬ ਤੇ ਹਰਿਆਣਾ ਦੇ ਪੁਲੀਸ ਅਫ਼ਸਰਾਂ ਨਾਲ ਬੇਸਿੱਟਾ ਰਹੀਆਂ ਮੀਟਿੰਗਾਂ

ਅੱਜ ਦਿਨ ਵੇਲੇ ਪਟਿਆਲਾ ਦੇ ਡੀਆਈਜੀ ਮਨਦੀਪ ਸਿੱਧੂ, ਐੱਸਐੱਸਪੀ ਡਾ. ਨਾਨਕ ਸਿੰਘ ਤੇ ਐੱਸਪੀ ਸਰਫ਼ਰਾਜ਼ ਆਲਮ ਨੇ ਸ਼ੰਭੂ ਬਾਰਡਰ ’ਤੇ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਕੇ ਕਿਹਾ ਕਿ ਉਨ੍ਹਾਂ ਬਾਬਤ ਵੱਖ-ਵੱਖ ਪੱਧਰ ’ਤੇ ਗੱਲਬਾਤ ਚੱਲ ਰਹੀ ਹੈ, ਇਸ ਲਈ ਉਨ੍ਹਾਂ ਨੂੰ ਅਜੇ ਉਡੀਕ ਕਰ ਲੈਣੀ ਚਾਹੀਦੀ ਹੈ। ਉਪਰੰਤ, ਹਰਿਆਣਾ ਦੇ ਦੋ ਐੱਸਪੀ ਰੈਂਕ ਦੇ ਅਧਿਕਾਰੀਆਂ ਰਜਤ ਗੁਲੀਆ ਅਤੇ ਰਾਮ ਕੁਮਾਰ ਨੇ ਵੀ ਸ਼ੰਭੂ ਬਾਰਡਰ ’ਤੇ ਆ ਕੇ ਕਿਸਾਨਾਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਦਿੱਲੀ ’ਚ ਪ੍ਰਦਰਸ਼ਨ ਸਬੰਧੀ ਉਨ੍ਹਾਂ ਨੂੰ ਦਿੱਲੀ ਸਰਕਾਰ ਤੋਂ ਪ੍ਰਵਾਨਗੀ ਲੈ ਲੈਣੀ ਚਾਹੀਦੀ ਹੈ ਪਰ ਕਿਸਾਨਾਂ ਦਾ ਦੋ ਟੁੱਕ ਜਵਾਬ ਸੀ ਕਿ ਉਹ ਭਲਕੇ ਕੂਚ ਕਰਨਗੇ। ਇਸ ਤਰ੍ਹਾਂ ਦੋਵੇਂ ਮੀਟਿੰਗਾਂ ਬੇਸਿੱਟਾ ਰਹੀਆਂ।

Advertisement
Author Image

joginder kumar

View all posts

Advertisement