Opposition used ‘rusted knife: ਉਪ ਰਾਸ਼ਟਰਪਤੀ ਧਨਖੜ ਨੇ ਬੇਭਰੋਸਗੀ ਮਤੇ ’ਤੇ ਚੁੱਪੀ ਤੋੜੀ
ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 24 ਦਸੰਬਰ
ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਖਿਲਾਫ਼ ਦਿੱਤੇ ਬੇਭਰੋਸਗੀ ਮਤੇ ਦੇ ਨੋਟਿਸ ’ਤੇ ਆਪਣੀ ਚੁੱਪੀ ਤੋੜਦਿਆਂ ਵਿਰੋਧੀ ਧਿਰਾਂ ਦੀ ਇਸ ਪੇਸ਼ਕਦਮੀ ਨੂੰ ਕਾਹਲੀ ਵਿਚ ਕੀਤੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਾਈਪਾਸ ਸਰਜਰੀ ਲਈ ਜੰਗਾਲ ਲੱਗਿਆ ਚਾਕੂ ਵਰਤਣ ਵਾਂਗ ਹੈ। ਇਥੇ ਉਪ ਰਾਸ਼ਟਰਪਤੀਆਂ ਦੀ ਐਨਕਲੇਵ ਵਿਚ ਵਿਮੈੱਨ ਜਰਨਲਿਸਟ ਵੈਲਫੇਅਰ ਟਰੱਸਟ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ, ‘‘ਉਪ ਰਾਸ਼ਟਰਪਤੀ ਖਿਲਾਫ਼ ਦਿੱਤੇ ਨੋਟਿਸ ’ਤੇ ਨਜ਼ਰ ਮਾਰੋ। ਉਨ੍ਹਾਂ ਵੱਲੋਂ ਦਿੱਤੇ ਛੇ ਲਿੰਕਾਂ ਵੱਲ ਦੇਖੋ। ਤੁਸੀਂ ਹੈਰਾਨ ਰਹਿ ਜਾਵੋਗੇ। ਚੰਦਰ ਸ਼ੇਖਰ ਜੀ ਨੇ ਇਕ ਵਾਰ ਕਿਹਾ ਸੀ, ‘‘ਬਾਈਪਾਸ ਸਰਜਰੀ ਲਈ ਕਦੇ ਵੀ ਸਬਜ਼ੀਆਂ ਕੱਟਣ ਵਾਲਾ ਚਾਕੂ ਨਾ ਵਰਤਿਓ।’ ਇਹ ਨੋਟਿਸ ਤਾਂ ਸਬਜ਼ੀਆਂ ਕੱਟਣ ਵਾਲਾ ਚਾਕੂ ਵੀ ਨਹੀਂ ਸੀ; ਇਹ ਜੰਗਾਲਿਆ ਹੋਇਆ ਸੀ। ਉਹ ਕਾਹਲੀ ਵਿਚ ਸਨ। ਜਦੋਂ ਮੈਂ ਇਹ (ਨੋਟਿਸ) ਪੜ੍ਹਿਆ, ਮੈਂ ਹੈਰਾਨ ਰਹਿ ਗਿਆ। ਪਰ ਜਿਸ ਨੇ ਮੈਨੂੰ ਹੈਰਾਨ ਕੀਤਾ ਉਹ ਇਹ ਸੀ ਕਿ ਤੁਹਾਡੇ ’ਚੋਂ ਕਿਸੇ ਨੇ ਵੀ ਇਸ ਨੂੰ ਨਹੀਂ ਪੜ੍ਹਿਆ। ਜੇ ਤੁਸੀਂ ਪੜ੍ਹਿਆ ਹੁੰਦਾ, ਤਾਂ ਤੁਸੀਂ ਕਈ ਦਿਨਾਂ ਤੱਕ ਨਾ ਸੌਂਦੇ।’’ ਉਨ੍ਹਾਂ ਕਿਹਾ, ‘‘ਕਿਸੇ ਵੀ ਸੰਵਿਧਾਨਕ ਅਹੁਦੇ ਨੂੰ ਸਰਵੋਤਮਤਾ, ਸ਼ਾਨਦਾਰ ਗੁਣਾਂ ਅਤੇ ਸੰਵਿਧਾਨਵਾਦ ਪ੍ਰਤੀ ਵਚਨਬੱਧਤਾ ਦੁਆਰਾ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਥੇ ਇਕ ਦੂਜੇ ਖਿਲਾਫ਼ ਕਿੜ ਕੱਢਣ ਦੀ ਸਥਿਤੀ ਵਿੱਚ ਨਹੀਂ ਹਾਂ। ਕਿਉਂਕਿ ਜਮਹੂਰੀਅਤ ਦੀ ਸਫਲਤਾ ਲਈ, ਦੋ ਚੀਜ਼ਾਂ ਅਟੱਲ ਹਨ: ਪ੍ਰਗਟਾਵਾ ਅਤੇ ਸੰਵਾਦ।”