ਲੱਦਾਖ ਤੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਅੱਜ ਹੋ ਸਕਦਾ ਹੈ ਮੁਕੰਮਲ
ਸ੍ਰੀਨਗਰ, 28 ਅਕਤੂਬਰ
ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਭਾਰਤ ਤੇ ਚੀਨ ਵਿਚਾਲੇ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਅੱਜ ਮੁਕੰਮਲ ਹੋਣ ਦੀ ਸੰਭਾਵਨਾ ਸੀ ਪਰ ਨਵੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਦੇਪਸਾਂਗ ਤੇ ਡੈਮਚੌਕ ’ਚ ਇਹ ਅਮਲ ਜਾਰੀ ਹੈ ਤੇ ਇਹ 29 ਅਕਤੂਬਰ ਨੂੰ ਮੁਕੰਮਲ ਹੋ ਸਕਦਾ ਹੈ। ਫੌਜਾਂ ਦੀ ਵਾਪਸੀ ਬਾਰੇ ਸਮਝੌਤਾ ਸਿਰਫ਼ ਡੈਮਚੌਕ ਤੇ ਦੇਪਸਾਂਗ ਲਈ ਹੀ ਹੈ।
ਰੱਖਿਆ ਵਿਭਾਗ ਦੇ ਸੂਤਰਾਂ ਨੇ ਕਿਹਾ, ‘ਇਹ ਸਮਝੌਤਾ ਵਿਵਾਦ ਦੇ ਹੋਰ ਬਿੰਦੂਆਂ ਲਈ ਨਹੀਂ ਹੈ। ਦੋਵਾਂ ਧਿਰਾਂ ਦੀਆਂ ਫੌਜਾਂ ਅਪਰੈਲ 2020 ਤੋਂ ਪਹਿਲੀ ਦੀ ਸਥਿਤੀ ਵਿੱਚ ਆ ਜਾਣਗੀਆਂ ਅਤੇ ਉਹ ਉਨ੍ਹਾਂ ਖੇਤਰਾਂ ’ਚ ਗਸ਼ਤ ਕਰਨਗੀਆਂ ਜਿੱਥੇ ਉਨ੍ਹਾਂ ਅਪਰੈਲ 2020 ਤੱਕ ਗਸ਼ਤ ਕੀਤੀ ਸੀ।’ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਕਹਿਣਾ ਹੈ ਕਿ ਲੱਦਾਖ ਸਰਹੱਦ ’ਤੇ ਵਿਵਾਦ ਵਾਲੇ ਦੋ ਬਿੰਦੂਆਂ ਤੋਂ ਫੌਜਾਂ ਦੀ ਵਾਪਸੀ ਪਹਿਲਾ ਕਦਮ ਹੈ ਅਤੇ ਤਣਾਅ ਘਟਾਉਣਾ ਦੂਜਾ ਕਦਮ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਭਰੋਸਾ ਬਹਾਲ ਹੋਣ ਵਿੱਚ ਸਮਾਂ ਲੱਗੇਗਾ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਹ ਸਮਝੌਤਾ ਤਿੰਨ ਮੁੱਖ ਮੁੱਦਿਆਂ ਬਾਰੇ ਹੈ। ਪਹਿਲਾ ਤੇ ਸਭ ਤੋਂ ਅਹਿਮ ਮੁੱਦਾ ਪਿੱਛੇ ਹਟਣਾ ਹੈ ਕਿਉਂਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਇਕ-ਦੂਜੇ ਦੇ ਨੇੜੇ ਹਨ ਤੇ ਕੁਝ ਵੀ ਹੋਣ ਦੀ ਸੰਭਾਵਨਾ ਹੈ। ਦੂਜਾ ਤਣਾਅ ਘਟਾਉਣਾ ਹੈ ਅਤੇ ਫਿਰ ਤੀਜਾ ਵੱਡਾ ਮੁੱਦਾ ਇਹ ਹੈ ਕਿ ਤੁਸੀਂ ਸਰਹੱਦ ਦਾ ਪ੍ਰਬੰਧਨ ਕਿਸ ਤਰ੍ਹਾਂ ਕਰਦੇ ਹੋ ਤੇ ਸਮਝੌਤੇ ਬਾਰੇ ਕਿਸ ਤਰ੍ਹਾਂ ਗੱਲਬਾਤ ਕਰਦੇ ਹੋ।
ਰੱਖਿਆ ਮੰਤਰਾਲੇ ਦੇ ਇੱਕ ਬਿਆਨ ’ਚ ਪਹਿਲਾਂ ਕਿਹਾ ਗਿਆ ਸੀ ਕਿ ਦੋਵੇਂ ਮੁਲਕਾਂ ਵਿਚਾਲੇ ਕੂਟਨੀਤਕ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਇੱਕ ਵੱਡੇ ਕਦਮ ਤਹਿਤ ਭਾਰਤ ਤੇ ਚੀਨ 28-29 ਅਕਤੂਬਰ ਤੱਕ ਐੱਲਏਸੀ ਤੋਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕਰ ਲੈਣਗੇ। -ਪੀਟੀਆਈ
ਮੋਦੀ-ਸ਼ੀ ਵਾਰਤਾ ਭਾਰਤ-ਚੀਨ ਸਬੰਧਾਂ ’ਚ ਸਕਾਰਾਤਮਕ ਪ੍ਰਗਤੀ: ਰੂਸੀ ਰਾਜਦੂਤ
ਨਵੀਂ ਦਿੱਲੀ: ਭਾਰਤ ’ਚ ਰੂਸ ਦੇ ਰਾਜਦੂਤ ਡੈਨਿਸ ਅਲੀਪੋਵ ਨੇ ਬਰਿਕਸ ਸਿਖਰ ਸੰਮੇਲਨ ਦੇ ਇੱਕ ਪਾਸੇ ਕਜ਼ਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਮੀਟਿੰਗ ਨੂੰ ਅੱਜ ਭਾਰਤ ਤੇ ਚੀਨ ਵਿਚਾਲੇ ਦੁਵੱਲੇ ਸਬੰਧਾਂ ਨੂੰ ਸਕਾਰਾਤਮਕ ਕਦਮ ਦੱਸਿਆ। ਅਲੀਪੋਵ ਨੇ ਕਿਹਾ ਕਿ ਰੂਸ ਦੇ ਕਜ਼ਾਨ ਸ਼ਹਿਰ ’ਚ ਹਾਲ ਹੀ ਵਿੱਚ ਮੁਕੰਮਲ ਹੋਇਆ ਬਰਿਕਸ ਸਿਖਰ ਸੰਮੇਲਨ ਪੂਰੀ ਤਰ੍ਹਾਂ ਸਫਲ ਰਿਹਾ ਅਤੇ ਇਹ ਕੋਈ ਵਿਸ਼ੇਸ਼ ਨਹੀਂ ਬਲਕਿ ਸਾਂਝਾ ਮੰਚ ਹੈ। ਅਲੀਪੋਵ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਬਰਿਕਸ ਪੱਛਮ ਵਿਰੋਧੀ ਨਹੀਂ ਬਲਕਿ ਗ਼ੈਰ-ਪੱਛਮੀ ਮੁਲਕਾਂ ਦਾ ਸਮੂਹ ਹੈ।’ ਮੋਦੀ ਤੇ ਸ਼ੀ ਵਿਚਾਲੇ ਹੋਈ ਮੀਟਿੰਗ ਬਾਰੇ ਪੁੱਛੇ ਜਾਣ ’ਤੇ ਰੂਸੀ ਰਾਜਦੂਤ ਨੇ ਕਿਹਾ, ‘ਅਸੀਂ ਇਸ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ ਪਰ ਸਾਨੂੰ ਖੁਸ਼ੀ ਹੈ ਕਿ ਇਹ ਕਜ਼ਾਨ ’ਚ ਹੋਈ।’ ਉਨ੍ਹਾਂ ਕਿਹਾ ਕਿ ਉਹ ਇਸ ਮੀਟਿੰਗ ਦਾ ਦਿਲੋਂ ਸਵਾਗਤ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਗਸ਼ਤ ਤੇ ਸੈਨਿਕਾਂ ਨੂੰ ਪਿੱਛੇ ਹਟਾਉਣ ਸਬੰਧੀ ਹੋਏ ਭਾਰਤ-ਚੀਨ ਸਮਝੌਤੇ ਦੀ ਹਮਾਇਤ ਕੀਤੀ ਸੀ। ਰੂਸੀ ਰਾਜਦੂਤ ਨੇ ਕਜ਼ਾਨ ’ਚ ਬਰਿਕਸ ਸਿਖਰ ਸੰਮੇਲਨ ਦੌਰਾਨ ਹੋਈ ਭਾਰਤ-ਚੀਨ ਵਾਰਤਾ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘ਇਹ ਭਾਰਤ-ਚੀਨ ਦੁਵੱਲੇ ਸਬੰਧਾਂ ’ਚ ਇੱਕ ਸਕਾਰਾਤਮਕ ਪ੍ਰਗਤੀ ਹੈ।’ -ਪੀਟੀਆਈ