ਜਬਰ-ਜਨਾਹ ਦੇ ਦੋਸ਼ ਹੇਠ ਮੁਅੱਤਲ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਦੀਆਂ ਮੁਸ਼ਕਲਾਂ ਵਧੀਆਂ
ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਜੁਲਾਈ
ਸੂਬੇ ਦੇ ਇੱਕ ਸਰਕਾਰੀ ਵਿਭਾਗ ’ਚ ਤਾਇਨਾਤ ਵਿਆਹੁਤਾ ਔਰਤ ਮੁਲਾਜ਼ਮ ਨਾਲ ਜਬਰ ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਤੇ ਪਾਰਟੀ ਵੱਲੋਂ ਮੁਅੱਤਲ ਕੀਤੇ ਗਏ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਵਰੁਣ ਜੋਸ਼ੀ ਦੀ ਰਾਜਸੀ ਪਹੁੰਚ ਸਦਕਾ ਵੀ ਮੁਸ਼ਕਲਾਂ ਘੱਟ ਨਹੀਂ ਹੋਈਆਂ। ਮੁਲਜ਼ਮ ਆਗੂ ਦੀ ਪਤਨੀ ਜ਼ਿਲ੍ਹੇ ਦੇ ਵੱਡੇ ਪਿੰਡ ਹਿੰਮਤਪੁਰਾ ਦੀ ਮੌਜੂਦਾ ਸਰਪੰਚ ਹੈ।
ਜਾਣਕਾਰੀ ਮੁਤਾਬਕਯੂਥ ਕਾਂਗਰਸ ਆਗੂ ਖ਼ਿਲਾਫ਼ ਅਦਾਲਤ ਦੇ ਹੁਕਮ ਉੱਤੇ 2 ਜੂਨ ਨੂੰ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਕੇਸ ਦਰਜ ਹੋਇਆ ਸੀ। ਪੰਜਾਬ ਹਰਿਆਣਾ ਹਾਈਕੋਰਟ ਵਿੱਚੋਂ ਮੁਲਜ਼ਮ ਕਾਂਗਰਸ ਆਗੂ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਪੁਲੀਸ ਨੇ ਉਸ ਨੂੰ ਬੀਤੀ 17 ਜੁਲਾਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਦੌਰਾਨ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਸਨੂੰ ਸਰਕਾਰੀ ਏਕਾਂਤਵਾਸ ਕੇਂਦਰ ਵਿੱਚ ਰੱਖਿਆ ਹੋਇਆ ਹੈ। ਇਸ ਦੌਰਾਨ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਖੇਤਰੀ ਮੈਜਿਸਟਰੇਟ ਦੀ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਵੀ ਕਰ ਦਿੱਤਾ।
ਪੰਜਾਬ ਪੁਲੀਸ ਦੀ ਕਥਿਤ ਜਾਂਚ ਉੱਤੇ ਸੁਆਲ ਚੁੱਕਦਿਆਂ ਪੀੜਤਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਸ ਕੇਸ ਦੀ ਜਾਂਚ ਸੀਬੀਆਈ ਜਾਂ ਹੋਰ ਕਿਸੇ ਨਿਰਪੱਖ ਏਜੰਸੀ ਨੂੰ ਸੌਂਪਣ ਲਈ ਅਰਜ਼ੀ ਦਾਇਰ ਕੀਤੀ ਹੋਈ ਹੈ। ਅੱਜ ਕੇਸ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਪੀੜਤਾ ਦੇ ਵਕੀਲ ਨੇ ਪੁਲੀਸ ਦੀ ਜਾਂਚ ਤੇ ਅਦਾਲਤ ’ਚ ਦਾਇਰ ਕੀਤੇ ਦੋਸ਼ ਪੱਤਰ ’ਤੇ ਸੁਆਲ ਨੁਕਤੇ ਉਠਾਏ।
ਸ਼ਿਕਾਇਤਕਰਤਾ ਧਿਰ ਨੇ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦਾ ਕਿ ਪੁਲੀਸ ਨੇ ਘਟਨਾ ਸਥਾਨ ਦੀ ਨਿਸ਼ਾਨਦੇਹੀ ਤੇ ਨਕਸ਼ਾ ਮੌਕਾ ਨਹੀਂ ਬਣਾਇਆ ਅਤੇ ਨਾ ਹੀ ਹੋਰ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ। ਇਸ ਤੋਂ ਇਲਾਵਾ ਪੀੜਤ ਧਿਰ ਨੂੰ ਸਿਆਸੀ ਤੇ ਕੁਝ ਅਣਪਛਾਤੇ ਨੰਬਰਾਂ ਤੋਂ ਕਥਿਤ ਧਮਕੀਆਂ ਵੀ ਮਿਲ ਰਹੀਆਂ ਹਨ।
ਹਾਈ ਕੋਰਟ ਨੇ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਸੁਣਨ ਮਗਰੋਂ ਸਥਾਨਕ ਪੁਲੀਸ ਵੱਲੋਂ ਦਾਇਰ ਕੀਤੇ ਗਏ ਦੋਸ਼ ਪੱਤਰ ਉੱਤੇ ਹੇਠਲੀ ਅਦਾਲਤ ਵਿੱਚ ਅਗਲੇ ਹੁਕਮਾਂ ਉੱਤੇ ਰੋਕ ਲਗਾ ਦਿੱਤੀ ਹੈ। ਹੁਕਮ ਮੁਤਾਬਕ ਸਰਕਾਰੀ ਧਿਰ ਨੂੰ 3 ਹਫ਼ਤੇ ਵਿੱਚ ਜਵਾਬ ਦੇਣ ਲਈ ਆਖਿਆ ਹੈ ਅਤੇ ਜਵਾਬ ਦੀ ਕਾਪੀ ਪੇਸ਼ਗੀ ਸ਼ਿਕਾਇਤਕਰਤਾ ਦੇ ਵਕੀਲ ਨੂੰ ਦੇਣ ਦਾ ਹੁਕਮ ਦਿੰਦੇ ਅਗਲੇ ਸੁਣਵਾਈ ਲਈ 18 ਸਤੰਬਰ ਦੀ ਤਰੀਕ ਮੁਕੱਰਰ ਕੀਤੀ ਗਈ ਹੈ।