ਦਸੂਹਾ ’ਚ ਨਿਕਾਸੀ ਨਾ ਹੋਣ ਦੀ ਸਮੱਸਿਆ ਜਿਉਂ ਦੀ ਤਿਉਂ
ਭਗਵਾਨ ਦਾਸ ਸੰਦਲ
ਦਸੂਹਾ, 5 ਜੁਲਾਈ
ਇਥੇ ਨਗਰ ਕੌਂਸਲ ਦਸੂਹਾ ਦੇ ਅਧਿਕਾਰੀਆਂ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਥਾਈ ਹੱਲ ਦੇ ਭਰੋਸਿਆਂ ਦੇ ਬਾਵਜੂਦ ਇਸ ਸਮੱਸਿਆ ਦਾ ਪਰਨਾਲਾ ਉਥੇ ਦਾ ਉਥੇ ਹੀ ਹੈ। ਜ਼ਿਕਰਯੋਗ ਹੈ ਕਿ ਕੌਂਸਲ ਵੱਲੋਂ 2023-24 ਵਿੱਤੀ ਵਰ੍ਹੇ ਲਈ ਸ਼ਹਿਰ ਦੇ ਵਿਕਾਸ ਲਈ 9.20 ਕਰੋੜ ਦਾ ਬਜਟ ਪਾਸ ਕੀਤਾ ਹੈ, ਜਿਸ ’ਚੋਂ ਸੀਵਰੇਜ ਪ੍ਰਬੰਧਾਂ ਤੇ ਗਲੀਆਂ-ਨਾਲੀਆਂ ਦੀ ਮੁਰੰਮਤ ਲਈ 3.55 ਕਰੋੜ ਰਾਖਵੇਂ ਰੱਖੇ ਗਏ ਹਨ ਪਰ ਅੱਜ ਸਵੇਰੇ ਤਿੰਨ ਘੰਟੇ ਪਏ ਮੀਂਹ ਨੇ ਸੀਵਰੇਜ ਸਿਸਟਮ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਕਾਰਨ ਭਾਵੇਂ ਮੌਸਮ ਖੁਸ਼ਗਵਾਰ ਹੋ ਗਿਆ ਪਰ ਸ਼ਹਿਰ ਦੀਆਂ ਨੀਵੇਂ ਇਲਾਕਿਆਂ ਦੀਆਂ ਜ਼ਿਆਦਾਤਰ ਗਲੀਆਂ ਤੇ ਬਾਜ਼ਾਰਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਤਲਾਬ ਰੋਡ, ਪੁਰਾਣਾ ਸੁਨਿਆਰਾ ਬਾਜ਼ਾਰ, ਪੁਰਾਣਾ ਬੈਂਕ ਰੋਡ, ਪੁਰਾਣੀ ਸਬਜ਼ੀ ਮੰਡੀ ਰੋਡ ਆਦਿ ਵਿੱਚ ਮੀਂਹ ਤੇ ਸੀਵਰ ਦਾ ਪਾਣੀ ਭਰ ਗਿਆ। ਕਈ ਮੁਹੱਲਿਆਂ ਵਿੱਚ ਸੀਵਰੇਜ ਦੀਆਂ ਪਾਈਪਾਂ ਬਲੌਕ ਹੋਣ ਕਾਰਨ ਗੰਦਾ ਪਾਣੀ ਘਰਾਂ ਅੰਦਰ ਵੜ ਗਿਆ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰੀਆਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਇਸ ਸਮੱਸਿਆ ਦਾ ਯੋਜਨਾਬੱਧ ਢੰਗ ਨਾਲ ਹਲ ਕਰਵਾਇਆ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਟੈਂਡਰ ਲਗਾਏ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪਾਣੀ ਦੀ ਨਿਕਾਸੀ ਕਰਵਾ ਕੇ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।