ਪਾਕਿਸਤਾਨ ਪੱਖੀ ਨਾਅਰੇ ਲਾਉਣ ਵਾਲੇ ਨੇ ਤਿਰੰਗੇ ਨੂੰ 21 ਵਾਰ ਦਿੱਤੀ ਸਲਾਮੀ
ਭੋਪਾਲ, 22 ਅਕਤੂਬਰ
ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪਾਕਿਸਤਾਨ ਪੱਖੀ ਨਾਅਰੇ ਲਾਉਣ ਵਾਲੇ ਨੇ ਅੱਜ ਦੇਸ਼ ਦੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਹੈ। ਇਸ ਵਿਅਕਤੀ ਨੇ ਪੁਲੀਸ ਸਟੇਸ਼ਨ ’ਤੇ ਜਾ ਕੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾ ਕੇ 21 ਵਾਰ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਵਿਅਕਤੀ ਦੀ ਪਛਾਣ ਫੈਜ਼ਾਨ ਵਜੋਂ ਹੋਈ ਹੈ। ਫੈਜ਼ਾਨ ਉਰਫ਼ ਫੈਜ਼ਲ ਨੂੰ ਇਸ ਸਾਲ ਮਈ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ’ਤੇ ਦੋਸ਼ ਲੱਗੇ ਸਨ ਕਿ ਉਸ ਨੇ ਪਾਕਿਸਤਾਨੀ ਪੱਖੀ ਨਾਅਰੇ ਲਾਏ ਸਨ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿਚ ਉਹ ਪਾਕਿਸਤਾਨ ਪੱਖੀ ਨਾਅਰੇ ਲਾਉਂਦੇ ਨਜ਼ਰ ਆ ਰਹੇ ਸਨ। ਮਿਸਰੋਦ ਪੁਲੀਸ ਸਟੇਸ਼ਨ ਦੇ ਇੰਚਾਰਜ ਮਨੀਸ਼ ਰਾਜ ਭਦੋਰੀਆ ਨੇ ਦੱਸਿਆ ਕਿ ਇਸ ਦੀ ਮੀਡੀਆ ਦੀ ਮੌਜੂਦਗੀ ਵਿਚ ਵੀਡੀਓਗ੍ਰਾਫੀ ਕੀਤੀ ਗਈ ਸੀ ਅਤੇ ਇਸ ਦੀ ਰਿਪੋਰਟ ਹਾਈ ਕੋਰਟ ਨੂੰ ਭੇਜੀ ਜਾਵੇਗੀ। ਫੈਜ਼ਾਨ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਰੀਲਾਂ ਬਣਾਉਣ ਲਈ ਅਜਿਹੇ ਨਾਅਰੇ ਲਾਏ ਸਨ ਪਰ ਇਹ ਉਸ ਦੀ ਬਹੁਤ ਵੱਡੀ ਗਲਤੀ ਸੀ ਅਤੇ ਉਸ ਨੂੰ ਇਸ ਦਾ ਪਛਤਾਵਾ ਹੋ ਰਿਹਾ ਹੈ। ਉਸ ਨੇ ਆਪਣੇ ਦੋਸਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਰੀਲਾਂ ਨਾ ਬਣਾਉਣ। ਹਾਈ ਕੋਰਟ ਨੇ ਫੈਜ਼ਾਨ ਨੂੰ ਪਿਛਲੇ ਹਫ਼ਤੇ ਮਿਸਰੋਦ ਥਾਣੇ ਵਿੱਚ ਮਹੀਨੇ ਦੇ ਹਰ ਪਹਿਲੇ ਅਤੇ ਚੌਥੇ ਮੰਗਲਵਾਰ ਨੂੰ ਤਿਰੰਗੇ ਨੂੰ ਸਲਾਮੀ ਦੇਣ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਉਣ ਦਾ ਨਿਰਦੇਸ਼ ਦਿੱਤਾ ਸੀ। -ਪੀਟੀਆਈ