ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਨਾਫਾਖ਼ੋਰੀ ਦਾ ਸਿਧਾਂਤ ਅਤੇ ਕਿਰਤੀਆਂ ਦੇ ਹਾਲਾਤ

06:11 AM Jun 27, 2024 IST

ਜਤਿੰਦਰ ਸਿੰਘ
Advertisement

ਫਰੈਡਰਿਕ ਏਂਗਲਜ਼ ਦੀ ਕਿਤਾਬ ‘ਬਰਤਾਨੀਆ ਦੇ ਮਜ਼ਦੂਰ ਵਰਗ ਦੇ ਹਾਲਾਤ’ (The Condition of the Working Class in England) ਦੇ ਹਵਾਲੇ ਨਾਲ ਕੁਝ ਗੱਲਾਂ ਸਮਕਾਲ ਨੂੰ ਸਮਝਣ ਅਤੇ ਬਿਆਨ ਕਰਨ ਦੀਆਂ ਚੁਣੌਤੀਆਂ ਬਾਬਤ ਰੱਖਾਂਗਾ ਜਿਨ੍ਹਾਂ ਕਾਰਨ ਇਹ ਕਿਤਾਬ ਅੱਜ ਵੀ ਸਾਰਥਕ ਹੈ। ਕਿਤਾਬ ਤਕਰੀਬਨ 180 ਸਾਲ ਪਹਿਲਾਂ ਛਪੀ ਸੀ, ਉਦੋਂ ਏਂਗਲਜ਼ ਦੀ ਉਮਰ ਚੌਵੀ ਸਾਲ ਸੀ। ਇਹ ਦਸਤਾਵੇਜ਼ ਬੇਮੁਹਾਰ ਮੁਨਾਫਾਖ਼ੋਰ ਸਿਧਾਂਤ ਨੂੰ ਪ੍ਰਨਾਏ ਪੂੰਜੀਵਾਦ ਦੇ ਮੁੱਢਲੇ ਦੌਰ ਸਮੇਂ ਦਾ ਹੈ। ਇਹ ਸਮਾਂ ਧਾਗਾ ਮਿੱਲਾਂ ਅਤੇ ਕੱਪੜਾ ਉਦਯੋਗ ’ਚ ਵੱਡੀ ਤਬਦੀਲੀ ਦਾ ਗਵਾਹ ਹੈ। ਉਦਯੋਗੀਕਰਨ ਦੇ ਸ਼ੁਰੂਆਤੀ ਦੌਰ ’ਚ ਕਈ ਵਿਦਵਾਨਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਪੂੰਜੀਵਾਦ ਦੇ ਫੈਲਾਉ ਨੇ ਮਨੁੱਖਤਾ ਦਾ ਘਾਣ ਕਰਨਾ ਹੈ, ਸਮਾਜ ਦੇ ਵੱਡੇ ਤਬਕੇ ਨੂੰ ਗਰੀਬੀ ਤੇ ਭੁੱਖਮਰੀ ਦੀ ਦਲਦਲ ਵੱਲ ਧੱਕ ਦੇਣਾ ਹੈ, ਸਮਾਜਿਕ ਤਣਾਅ ਨੂੰ ਜ਼ਰਬਾਂ ਦੇਣੀਆਂ ਹਨ। ਏਂਗਲਜ਼ ਨੇ 1842 ਤੋਂ ਬਰਤਾਨੀਆ ਦੇ ਮਾਨਚੈਸਟਰ ਸ਼ਹਿਰ ’ਚ ਲਗਭਗ ਦੋ ਸਾਲ ਬਿਤਾਏ। ਪੂੰਜੀਵਾਦ ਦਾ ਜਨਮ ਸਥਾਨ ਸਮਝੇ ਜਾਂਦੇ ਮੁਲਕ ’ਚ ਸਮਾਜਿਕ ਟੁੱਟ-ਭੱਜ ਨੂੰ ਸਮਝਣ ਅਤੇ ਮੁਨਾਫਾਖ਼ੋਰੀ ਦੇ ਸਿਧਾਂਤ ਵਲੋਂ ਵਸੂਲੀ ਜਾ ਰਹੀ ਸਮਾਜਿਕ-ਘਾਣ ਰੂਪੀ ਕੀਮਤ ਨੂੰ ਪਰਖਣ ਦਾ ਉਸ ਕੋਲ ਸੁਨਹਿਰੀ ਮੌਕਾ ਸੀ।
ਸਵਾਲ ਬਣਿਆ ਕਿ ਸਮਾਜਿਕ ਹਕੀਕਤ ਦੀ ਤਹਿ ਤੱਕ ਕਿਵੇਂ ਪੁੱਜਿਆ ਜਾਵੇ? ਬਰਤਾਨੀਆ ਦਾ ਸਮਾਜਿਕ ਇਤਿਹਾਸ ਲਿਖਣ ਦਾ ਫੈਸਲਾ ਹੋਇਆ। ਇਹ ਲਿਖਤ ਕਾਰਖ਼ਾਨਾ ਮਜ਼ਦੂਰਾਂ ਦੀ ਜ਼ਿੰਦਗੀ ਦੀਆਂ ਪਰਤਾਂ ਫਰੋਲਦੀ, ਖ਼ਦਾਨ ਮਜ਼ਦੂਰਾਂ ਨੂੰ ਵਾਚਦੀ ਅਤੇ ਖੇਤ ਮਜ਼ਦੂਰਾਂ ਨੂੰ ਕਲਾਵੇ ’ਚ ਲੈਂਦੀ ਹੈ। ਇੰਝ ਇਹ ਬਰਤਾਨੀਆ ਦੀ ਮਜ਼ਦੂਰ ਜਮਾਤ ਦਾ ਬਿਆਨੀਆ ਹੈ। ਕਿਹਾ ਜਾ ਸਕਦਾ ਹੈ ਕਿ ਇਹ ਕਿਤਾਬ ਸੂਰ-ਵਾੜਿਆਂ ਵਰਗੇ ਘਰਾਂ ’ਚ ਰਹਿੰਦੇ, ਦੋ ਟੁੱਕ ਰੋਟੀ ਤੋਂ ਮੁਥਾਜ, ਚੀਥੜਿਆਂ ਨਾਲ ਤਨ ਢਕਦੇ, ਬਾਲ ਉਮਰ ਤੋਂ ਹੱਡ-ਪੈਰ ਚੱਲਣ ਤੱਕ 12 ਤੋਂ 18 ਘੰਟੇ ਇਕੋ ਕਿਸਮ ਦਾ ਨੀਰਸ ਕੰਮ ਕਰਦੇ, ਨਿਰਾਸਤਾ ਦੀ ਡੂੰਘੀ ਖਾਈ ’ਚ ਧੱਕੇ ਪਰ ਹੌਸਲਾ ਨਾ ਹਾਰਦੇ ਤੇ ਹਾਲਾਤ ਵਿਰੁੱਧ ਸੰਘਰਸ਼ਸ਼ੀਲ ਬਰਤਾਨੀਆ ਦੇ ਉਦਯੋਗਕ ਸ਼ਹਿਰ ਮਾਨਚੈਸਟਰ ਦੇ ਮਜ਼ਦੂਰਾਂ ਦੀ ਦਾਸਤਾਨ ਹੈ। ਬਦਬੂਦਾਰ ਮਹੱਲੇ, ਸ਼ਹਿਰਾਂ ਦੀ ਮਜ਼ਦੂਰ ਵਿਰੋਧੀ ਬੇਢਵੀ ਬਣਤਰ, ਕੰਮ ਦੇ ਬੋਝ ਕਾਰਨ ਵਿਕਰਿਤ ਹੋ ਰਹੇ ਸਰੀਰ, ਨਸ਼ਾ ਤੇ ਵੇਸਵਾਗਿਰੀ ਨੂੰ ਜ਼ਰਬਾਂ, ਜੁਰਮਾਂ ’ਚ ਅਥਾਹ ਵਾਧਾ, ਪਰਿਵਾਰਕ ਜ਼ਿੰਦਗੀ ਤੋਂ ਵਾਂਝੇ ਹੋਣਾ, ਘਰੇਲੂ ਝਗੜੇ ਵਧਣਾ, ਲਾ-ਇਲਾਜ ਬਿਮਾਰੀਆਂ ਫੈਲਣਾ, ਪੂੰਜੀਪਤੀਆਂ ਦਾ ਬੇ-ਲਗਾਮ ਲਾਲਚ, ਉਨ੍ਹਾਂ ਦੀ ਕਰੂਰਤਾ ਤੇ ਹਿੰਸਾ, ਮਜ਼ਦੂਰਾਂ ਦੀ ਡਾਵਾਂਡੋਲ ਮਨੋ-ਸਥਿਤੀ, ਉਨ੍ਹਾਂ ਦੇ ਸੁਫ਼ਨਿਆਂ ਦਾ ਜੀਣ-ਮਰਨ, ਲੰਮੀਆਂ ਹੜਤਾਲਾਂ, ਜਲਸੇ, ਸੱਤਾ ਨਾਲ ਟਕਰਾਅ ਆਦਿ ਦਾ ਬਿਰਤਾਂਤ ਹਰ ਪੰਨੇ ’ਤੇ ਮੌਜੂਦ ਹੈ। ਉਦਯੋਗਕ ਕ੍ਰਾਂਤੀ ਦੇ ਅਸਰ ਅਤੇ ਦਬਾਅ ਕਾਰਨ ਪੂੰਜੀਵਾਦ ਦੇ ਪੱਖ ’ਚ ਬਦਲ ਰਹੀ ਸਿਆਸੀ ਫਿਜ਼ਾ ’ਤੇ ਨਜ਼ਰ ਹੈ। ਬਰਤਾਨਵੀ ਸੰਸਦ (ਹਾਊਸ ਆਫ ਕਾਮਨਜ਼) ’ਚ ਕਾਰਖਾਨਾ ਮਾਲਕਾਂ ਦੀ ਵਧ ਰਹੀ ਨੁਮਾਇੰਦਗੀ ਅਤੇ ਸਾਧਨਾਂ ਤੇ ਪੂੰਜੀ ਕੁਝ ਹੱਥਾਂ ਤੱਕ ਸਿਮਟ ਜਾਣ ਦੀ ਕਾਨੂੰਨੀ ਚਾਰਾਜੋਈ ਦਰਜ ਕੀਤੀ ਗਈ ਹੈ।
ਇਨ੍ਹਾਂ ਕਰੂਰ ਹਾਲਾਤ ਦੀ ਉਪਜ ਦੇ ਮੁੱਖ ਕਾਰਕ ਮੁਨਾਫਾਖ਼ੋਰ ਪੂੰਜੀਵਾਦੀ ਪ੍ਰਬੰਧ ਦਾ ਜ਼ਿਕਰ ਹੈ। ਲਿਖਿਆ ਹੈ: ‘ਬਦਲ ਰਹੇ ਆਰਥਿਕ ਤਾਣੇ-ਬਾਣੇ ਨੇ ਮਜ਼ਦੂਰਾਂ ਨੂੰ ਕਾਰਖਾਨਿਆਂ, ਖਦਾਨਾਂ ਤੇ ਖੇਤਾਂ ’ਚ ਸਿਰਫ ਸੰਦ ਵਾਂਗ ਵਰਤੇ ਜਾਣ ਤੱਕ ਮਹਿਦੂਦ ਕਰ ਦਿੱਤਾ ਹੈ। ਕਾਰਖਾਨਾ ਮਾਲਕਾਂ ’ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦਾ ਪਾਗਲਪਣ ਸਵਾਰ ਹੈ।’ ਏਂਗਲਜ਼ ਉਨ੍ਹਾਂ ਨੂੰ ਸਭ ਤੋਂ ਲਾਲਚੀ ਵਰਗ ਦਾ ਦਰਜਾ ਦਿੰਦਾ ਹੈ।
ਇਸ ਲਿਖਤ ਵਿੱਚ ਚਾਰ ਅਹਿਮ ਸਬਕ ਹਨ: ਪਹਿਲਾ, ਮੌਜੂਦਾ ਸਮੇਂ ਦੀਆਂ ਪੇਚੀਦਗੀਆਂ ਅਤੇ ਸੱਤਾ ’ਤੇ ਕਾਬਜ਼ ਵਰਗਾਂ ਦੀਆਂ ਘੁਣਤਰਾਂ ਨੂੰ ਪਹਿਲ ਦੇ ਆਧਾਰ ’ਤੇ ਜਾਣਨਾ ਤੇ ਸਮਝਣਾ ਜ਼ਰੂਰੀ ਹੈ। ਫਿਰ ਤਰੀਕਾਕਾਰ ਕੀ ਹੋਵੇ? ਏਂਗਲਜ਼ ਨੇ ਬਿਸਮਿੱਲ੍ਹਾ ਬਦਲ ਰਹੇ ਸਮਾਜਿਕ ਹਾਲਾਤ ਬਾਰੇ ਛਪੀਆਂ ਸਰਕਾਰੀ ਤੇ ਗੈਰ-ਸਰਕਾਰੀ ਲਿਖਤਾਂ ਦੇ ਅਧਿਐਨ ਨਾਲ ਕੀਤਾ। ਕਾਰਖਾਨਾ ਮਜ਼ਦੂਰਾਂ ਦੇ ਹਾਲਾਤ ਜਾਣਨ ਲਈ ਸਮੇਂ-ਸਮੇਂ ਸਰਕਾਰ ਕਮੇਟੀਆਂ ਅਤੇ ਕਮਿਸ਼ਨ ਬਣਾਉਂਦੀ ਸੀ। ਹਾਲਾਤ ਇੰਨੇ ਬਦਤਰ ਸਨ ਕਿ ਕੁਝ ਤੱਥ ਇਨ੍ਹਾਂ ਰਿਪੋਰਟਾਂ ’ਚ ਬਿਆਨਣੇ ਮਜਬੂਰੀ ਸੀ। ਕੁਝ ਗ਼ੈਰ-ਮਜ਼ਦੂਰ ਪਰ ਸੰਵੇਦਨਸ਼ੀਲ ਮਨੁੱਖਾਂ ਨੂੰ ਅਮਨੁੱਖੀ ਹਾਲਾਤ ਹੈਰਾਨ ਪ੍ਰੇਸ਼ਾਨ ਕਰਦੇ ਸਨ। ਉਹ ਆਪਣੀਆਂ ਲਿਖਤਾਂ ਰਾਹੀਂ ਚਿੰਤਾਵਾਂ ਤੇ ਸੰਭਾਵੀ ਹੱਲ ਲਗਾਤਾਰ ਬਿਆਨ ਕਰ ਰਹੇ ਸਨ ਪਰ ਛਪੇ ਗਿਆਨ ਦਾ ਇਹ ਖ਼ਜ਼ਾਨਾ ਏਂਗਲਜ਼ ਲਈ ਅਧੂਰਾ ਸੀ। ਉਹਨੇ ਮਾਨਚੈਸਟਰ ਦੀ ਸਮਾਜਿਕ ਜ਼ਿੰਦਗੀ ਨੂੰ ਨੇੜਿਓਂ ਘੋਖਣ ਦਾ ਫੈਸਲਾ ਕੀਤਾ। ਮਾਨਚੈਸਟਰ ਦੀ ਧੂੜ ਫੱਕਦਿਆਂ, ਨਦੀਆਂ ’ਚ ਵਹਿੰਦੀ ਬਦਬੂ ਸੁੰਘਦਿਆਂ, ਸੂਰਜ ਨੂੰ ਢਕ ਲੈਣ ਜਿੰਨੇ ਸੰਘਣੇ ਧੂੰਏਂ ’ਚ ਸਾਹ ਲੈਂਦਿਆਂ ਏਂਗਲਜ਼ ਦੀ ਨਿਗ੍ਹਾ ਮਜ਼ਦੂਰ ਵਰਗ ’ਤੇ ਟਿਕ ਗਈ।
ਏਂਗਲਜ਼ ਮਜ਼ਦੂਰਾਂ ਦੇ ਹਾਲਾਤ ਓਪਰੀ ਨਜ਼ਰੇ ਨਹੀਂ ਬਲਕਿ ਉਨ੍ਹਾਂ ’ਚ ਖੁਦ ਵਿਚਰ ਕੇ ਜਾਨਣਾ ਚਾਹੁੰਦਾ ਸੀ। ਉਹਨੇ ਸਮਾਜਿਕ ਪਾਲਾਬੰਦੀ ਪਛਾਣਦਿਆਂ ਆਪਣੀ ਧਿਰ ਚੁਣ ਲਈ ਸੀ। ਉਸ ਦਾ ਮੰਨਣਾ ਸੀ ਕਿ ਲੋਕਾਈ ਨੂੰ ਜਾਣੇ ਬਿਨਾਂ ਸਿਧਾਂਤ ਪੱਕੇ ਪੈਰੀਂ ਨਹੀਂ ਹੋ ਸਕਦਾ। ਮੁੱਖਬੰਦ ’ਚ ਲਿਖਦਾ ਹੈ: ‘ਸਮਾਜਵਾਦੀ ਸਿਧਾਂਤਕਾਰੀ ਨੂੰ ਮਜ਼ਬੂਤ ਆਧਾਰ ਦੇਣ ਅਤੇ ਇਸ ਦੀ ਹੋਂਦ ਨੂੰ ਸਹੀ ਸਿੱਧ ਕਰਨ ਲਈ ਮਜ਼ਦੂਰਾਂ ਦੇ ਹਾਲਾਤ ਜਾਣਨਾ ਸਭ ਤੋਂ ਅਹਿਮ ਹੈ।’ ਖੋਜ ਦੌਰਾਨ ਆਇਰਿਸ਼ ਮਜ਼ਦੂਰ ਔਰਤ ਮੈਰੀ ਬ੍ਰਨਜ਼ ਨਾਲ ਦੋਸਤੀ ਹੋਈ। ਮੈਰੀ ਦੀ ਬਾਂਹ ਫੜ ਏਂਗਲਜ਼ ਨੇ ਮਜ਼ਦੂਰ ਜਮਾਤ ਦੇ ਮਹੱਲਿਆਂ ਦਾ ਹਰ ਕੋਨਾ ਛਾਣ ਮਾਰਿਆ। ਮੈਰੀ ਜ਼ਰੀਏ ਉਹ ਥਾਵਾਂ ਵੀ ਗਾਹੀਆਂ ਜਿਥੇ ਵਿਦੇਸ਼ੀਆਂ ਦਾ ਆਉਣਾ ਪਸੰਦ ਨਹੀਂ ਕੀਤਾ ਜਾਂਦਾ ਸੀ।
ਏਂਗਲਜ਼ ਜਰਮਨੀ ਦੇ ਬਾਅਰਮਨ ਸ਼ਹਿਰ ਦੇ ਕੁਲੀਨ ਅਤੇ ਉਦਯੋਗਪਤੀ ਪਰਿਵਾਰ ’ਚ 1820 ਨੂੰ ਪੈਦਾ ਹੋਇਆ। ਮੁੱਢਲੀ ਉਮਰੇ ਮੋਜ਼ਿਜ਼ ਹੈੱਸ ਵਰਗੇ ਚਿੰਤਕਾਂ ਤੋਂ ਪ੍ਰਭਾਵਿਤ ਹੋਇਆ ਜੋ ਕਹਿ ਰਹੇ ਸਨ ਕਿ ਉਦਯੋਗਕ ਕ੍ਰਾਂਤੀ ਵਰਗੇ ਵਰਤਾਰੇ ਨੇ ਸਮਾਜਿਕ ਤਬਾਹੀ ਦਾ ਸਬਬ ਬਣਨਾ ਹੈ; ਇਨ੍ਹਾਂ ਦਾ ਮੰਨਣਾ ਸੀ ਕਿ ਨਿੱਜੀ ਸੰਪਤੀ ਤੋਂ ਨਿਜਾਤ ਹੀ ਆਖ਼ਿਰੀ ਹੱਲ ਹੈ। ਹੇਗਲ ਨੂੰ ਪੜ੍ਹਿਆ ਤੇ ‘ਯੰਗ ਹੇਗੇਲਿਅਨ’ ਸਮੂਹਾਂ ਨਾਲ ਸੰਵਾਦ ਰਚਾਇਆ। ਉਦਯੋਗਪਤੀ ਬਾਪੂ ਨੂੰ ਵੱਡੇ ਮੁੰਡੇ ਦੀਆਂ ‘ਹਰਕਤਾਂ’ ਨੇ ਚਿੰਤਤ ਕੀਤਾ। ਮਾਨਚੈਸਟਰ ਸ਼ਹਿਰ ਦੇ ਪੱਛਮ ਵੱਲ ਸਥਿਤ ਸੈਲਫਰਡ ’ਚ ਆਪਣਾ ਕਾਰਖਾਨਾ ਸੰਭਾਲਣ ਦਾ ਹੁਕਮ ਦਿੱਤਾ। ਏਂਗਲਜ਼ ਨੇ ਇਸ ਘਟਨਾ ਨੂੰ ਉਦਯੋਗਕ ਕ੍ਰਾਂਤੀ ਦੀ ਸ਼ੁਰੂਆਤ ਵਾਲੇ ਮੁਲਕ ’ਚ ਸ਼ੁਰੂ ਹੋਈ ਸਮਾਜਿਕ-ਆਰਥਿਕ-ਸਿਆਸੀ ਉਥਲ-ਪੁਥਲ ਨੂੰ ਸਮਝਣ ਅਤੇ ਅਧਿਐਨ ਕਰਨ ਦੇ ਸ਼ਾਨਦਾਰ ਮੌਕੇ ਵਜੋਂ ਲਿਆ। ਬਾਪੂ ਨੇ ਸਫਲ ਪੂੰਜੀਪਤੀ ਬਣਨ ਭੇਜਿਆ ਪਰ ਮੁੰਡਾ ਤਾਉਮਰ ਮਜ਼ਦੂਰਾਂ ਦਾ ਆੜੀ ਹੋ ਨਿਬੜਿਆ, ਉਨ੍ਹਾਂ ਦੀ ਮੁਕਤੀ ਦਾ ਰਾਹ ਖੋਜਦਾ ਰਿਹਾ, ਕਹਿੰਦਾ ਰਿਹਾ ਕਿ ਸਮਾਜ ਦੀ ਮੁਕਤੀ ਮਜ਼ਦੂਰ ਵਰਗ ਦੀ ਮੁਕਤੀ ਤੋਂ ਬਿਨਾਂ ਸੰਭਵ ਨਹੀਂ।
ਇਹ ਏਂਗਲਜ਼ ਦੀ ਜ਼ਿੰਦਗੀ, ਉਸ ਦੇ ਫੈਸਲੇ ਹਨ ਪਰ ਗੱਲ ਬੜੀ ਸਪੱਸ਼ਟ ਹੈ ਕਿ ਮੌਜੂਦਾ ਸਮਾਜ ਨੂੰ ਦਰਪੇਸ਼ ਮਸਲਿਆਂ ਦੀ ਗੂੰਜ ਸਾਫ ਸੁਣਨ ਲਈ ਕੰਨ ਜ਼ਮੀਨ ਨਾਲ ਲਾ ਕੇ ਰੱਖਣੇ ਜ਼ਰੂਰੀ ਹਨ। ਕਿਸੇ ਖਿੱਤੇ ਦੇ ਹਾਲਾਤ ਦਾ ਸਟੀਕ ਅੰਦਾਜ਼ਾ ਲਗਾਉਣ ਲਈ ਉੱਥੋਂ ਦੀ ਅਵਾਮ ਨੂੰ ਗਹੁ ਨਾਲ ਵਾਚਣਾ ਜ਼ਰੂਰੀ ਹੈ। ਇਸ ਲਿਖਤ ਨੂੰ ਏਂਗਲਜ਼ ਨੇ ਆਪਣੇ ਨਿੱਜੀ ਤਜਰਬਿਆਂ ਤੱਕ ਮਹਿਦੂਦ ਨਹੀਂ ਰੱਖਿਆ। ਅਖ਼ਬਾਰਾਂ ਦੀਆਂ ਖ਼ਬਰਾਂ, ਰਸਾਲਿਆਂ ’ਚ ਛਪੇ ਲੇਖਾਂ, ਸਰਕਾਰੀ ਅਧਿਕਾਰੀਆਂ ਦੀਆਂ ਰਿਪੋਰਟਾਂ, ਇਨ੍ਹਾਂ ਰਿਪੋਰਟਾਂ ’ਚ ਛਪੇ ਕਾਬਿਲ ਡਾਕਟਰਾਂ, ਚਰਚ ਦੇ ਪਾਦਰੀਆਂ ਦੇ ਬਿਆਨ, ਸੰਵੇਦਨਸ਼ੀਲ ਸੰਸਦ ਮੈਂਬਰਾਂ ਦੀਆਂ ਟਿੱਪਣੀਆਂ, ਚਿੰਤਕਾਂ ਦੇ ਲੇਖ ਆਦਿ ਕਿਤਾਬ ਦਾ ਹਿੱਸਾ ਹਨ। ਦਿਲਚਸਪ ਤੱਥ ਇਹ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਹਵਾਲੇ ਪੂੰਜੀਵਾਦੀ ਪ੍ਰਬੰਧ ਦੇ ਹਮਾਇਤੀਆਂ ਦੇ ਹਨ। ਉਸ ਸਮੇਂ ਸਿਆਸਤਦਾਨਾਂ, ਉਦਯੋਗਕ ਘਰਾਣਿਆਂ, ਨੌਕਰਸ਼ਾਹਾਂ, ਖੁੱਲ੍ਹੀ ਮੰਡੀ ਤੋਂ ਕਮਾਈ ਕਰਨ ਵਾਲਿਆਂ ਨੇ ਪੂੰਜੀਵਾਦੀ ਪ੍ਰਬੰਧ ਲਈ ਆਮ ਸਹਿਮਤੀ ਬਣਾਉਣ ’ਤੇ ਜ਼ੋਰ ਲਾਇਆ ਹੋਇਆ ਸੀ। ਹਵਾਲਿਆਂ ਤੇ ਸਰੋਤਾਂ ਨਾਲ ਲੈਸ ਹੋਣ ਦੀ ਕਵਾਇਦ ਇਸ ਲਈ ਕਿ ਇਸ ਕਿਤਾਬ ਨੂੰ ਪੂੰਜੀਵਾਦ ਦਾ ਕੋਈ ਚਹੇਤਾ ਇਕਪਾਸੜ ਤੇ ਮਨਘੜਤ ਬਿਆਨਬਾਜ਼ੀ ਆਖ ਸੌਖਿਆਂ ਰੱਦ ਨਾ ਕਰ ਸਕੇ। ਤਜਰਬਾ, ਹਵਾਲੇ ਅਤੇ ਸਰੋਤਾਂ ਦਾ ਸੁਮੇਲ। ਇਸ ਤਰਕੀਬ ਨੇ ਏਂਗਲਜ਼ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਦੀਆਂ ਦਾ ਸਫ਼ਰ ਤੈਅ ਕੀਤਾ ਪਰ ਇਸ ਦਾ ਕੋਈ ਤੋੜ ਨਹੀਂ ਮਿਲਿਆ। ਉਹ ਇਸ ਪ੍ਰਬੰਧ ਦੀ ਕਾਟ ’ਚ ਦਿੱਤੀਆਂ ਦਲੀਲਾਂ ਵਿੱਚ ਰੱਤੀ ਭਰ ਵੀ ਕੱਚ ਨਹੀਂ ਸੀ ਛੱਡਣਾ ਚਾਹੁੰਦਾ। ਉਹ ਸਿਧਾਂਤਕ ਸਮਝ ਤੋਂ ਇਲਾਵਾ ਡੀ-ਕਲਾਸ ਹੋਣ ਦੀ ਜੁਗਤ ਦੇਣ ਦੇ ਵੀ ਸਮਰੱਥ ਹੈ।
ਦੂਜਾ, ਸਮਾਜ ਨੂੰ ਸਮੁੱਚਤਾ ’ਚ ਦੇਖਣਾ, ਅੱਡ-ਅੱਡ ਕਣਾਂ ਵਾਂਗ ਬਿਖਰੀਆਂ ਘਟਨਾਵਾਂ ਦਾ ਆਪਸੀ ਰਿਸ਼ਤਾ ਤੇ ਇੱਕ-ਦੂਜੇ ’ਤੇ ਪ੍ਰਭਾਵ ਨੂੰ ਸਮਝਣਾ। ਏਂਗਲਜ਼ ਮਜ਼ਦੂਰਾਂ ਦੀ ਰਹਿਣੀ-ਸਹਿਣੀ, ਆਰਥਿਕ-ਸਮਾਜਿਕ ਪ੍ਰਬੰਧ, ਸਿਆਸੀ ਜੋੜ-ਤੋੜ, ਆਲਮੀ ਤਬਦੀਲੀਆਂ ਨੂੰ ਇੱਕ ਕੜੀ ’ਚ ਪਰੋਣ ਦਾ ਤਰੱਦਦ ਕਰ ਰਿਹਾ ਹੈ। ਉਸ ਮੁਤਾਬਕ ਹਰ ਸ਼ੈਅ ਮਨੁੱਖ ਨੂੰ ਅਸਰਅੰਦਾਜ਼ ਕਰਦੀ ਹੈ। ਜਾਣਨ ਦਾ ਲਗਾਤਾਰ ਯਤਨ ਰਿਹਾ ਕਿ ਇਨ੍ਹਾਂ ਸ਼ੈਆਂ ਦਾ ਚੰਡਿਆ ਬੰਦਾ ਕਿਰਦਾਰ ਪੱਖੋਂ ਕਿਸ ਕਿਸਮ ਦੀ ਬਣਤਰ ਲੈਂਦਾ ਹੈ। ਲਿਖਤ ਦਰਸਾਉਂਦੀ ਹੈ ਕਿ ਵਰਤਾਰੇ ਤੇ ਨਿੱਜੀ ਜ਼ਿੰਦਗੀਆਂ ਦੇ ਵੇਰਵੇ ਕੈਨਵਸ ’ਤੇ ਬਿਖਰੇ ਬਿੰਦੂਆਂ ਵਾਂਗ ਹਨ ਜਿਨ੍ਹਾਂ ਨੂੰ ਜੋੜ ਕੇ ਸਮਕਾਲੀ ਸਮਾਜ ਦੀ ਅਧੂਰੀ ਤੇ ਧੁੰਦਲੀ ਤਸਵੀਰ ਨੂੰ ਮੁਕੰਮਲ ਤੇ ਸਪੱਸ਼ਟ ਕਰਨ ਦਾ ਯਤਨ ਜਾਰੀ ਰਹਿਣਾ ਚਾਹੀਦਾ ਹੈ। ਇਸ ਦੇ ਬਰ-ਅਕਸ ਨਿੱਜੀ ਤਜਰਬਿਆਂ ਅਤੇ ਸਾਰੀ ਅਕਾਦਮਿਕ ਕਵਾਇਦ ਨੇ ਸਾਨੂੰ ਘਟਨਾਵਾਂ ਅਤੇ ਵਰਤਾਰਿਆਂ ਨੂੰ ਆਪਣੀ ਸਹੂਲਤ ਅਨੁਸਾਰ ਅੱਡ-ਅੱਡ ਖਾਂਚਿਆਂ ’ਚ ਵੰਡ ਕੇ ਦੇਖਣਾ ਸਿਖਾਇਆ ਹੈ। ਰਾਜਨੀਤੀ ਵਿਗਿਆਨ, ਅਰਥ ਸ਼ਾਸਤਰ, ਇਤਿਹਾਸ, ਭੂਗੋਲ, ਮਨੋਵਿਗਿਆਨ ਤੇ ਭਾਸ਼ਾ ਵਿਭਾਗਾਂ ਨੇ ਸਹੂਲਤ ਮੁਤਾਬਕ ਵਿਸ਼ਿਆਂ ਨੂੰ ਹੀ ਨਹੀਂ, ਵਿਦਿਆਰਥੀਆਂ ਨੂੰ ਵੀ ਵੰਡ ਲਿਆ ਹੈ। ਵੱਖ-ਵੱਖ ਵਿਭਾਗਾਂ ਦੇ ਖੋਜਾਰਥੀਆਂ ਦਾ ਆਪਸੀ ਸੰਵਾਦ ਦੁਰਲੱਭ ਹੈ। ਵਿਭਾਗ ਰੇਲਗੱਡੀ ਦੇ ਉਨ੍ਹਾਂ ਡੱਬਿਆਂ ਵਾਂਗ ਬਣਾ ਲਏ ਜਿਨ੍ਹਾਂ ’ਚ ਇਕ-ਦੂਜੇ ’ਚ ਆਣ-ਜਾਣ ਦੇ ਲਾਂਘੇ ਬੰਦ ਹਨ। ਆਪਸ ’ਚ ਜੁੜੇ ਡੱਬੇ ਦੌੜ ਇੱਕੋ ਪਟੜੀ ’ਤੇ ਰਹੇ ਨੇ, ਇੱਕੋ ਇੰਜਣ ਖਿੱਚ ਰਿਹਾ ਹੈ; ਬੇ-ਖ਼ਬਰੀ ਦਾ ਆਲਮ ਐਸਾ ਕਿ ਆਪਣਾ ਡੱਬਾ ਹੀ ਖੋਜਾਰਥੀ ਨੂੰ ਪੂਰਾ ਸੰਸਾਰ ਜਾਪਦਾ ਹੈ।
ਤੀਜਾ ਸਬਕ ਸਿਰਜਣਾ ਦੇ ਮਕਸਦ ਨਾਲ ਜੁੜਿਆ ਹੈ। ਏਂਗਲਜ਼ ਦੀ ਲਿਖਤ ਅਕਾਦਮਿਕ ਅਦਾਰਿਆਂ ’ਚ ਨਾਮਣਾ ਖੱਟਣ ਅਤੇ ‘ਪੜ੍ਹਿਆਂ-ਲਿਖਿਆਂ’ ਦੀਆਂ ਮਹਿਫਲਾਂ ’ਚ ਠੁੱਕ ਜਮਾਉਣ ਲਈ ਨਹੀਂ ਸੀ। ਮਾਰਕਸ ਤੋਂ ਉਲਟ ਏਂਗਲਜ਼ ਯੂਨੀਵਰਸਟੀ ਪੜ੍ਹਨ ਵੀ ਨਹੀਂ ਗਿਆ। ਵਡੇਰਿਆਂ ਨੇ 12ਵੀਂ ਤੋਂ ਬਾਅਦ ਹੀ ਪਰਿਵਾਰਕ ਕਾਰੋਬਾਰ ਵੱਲ ਧੱਕ ਦਿੱਤਾ। ਬੰਦਿਸ਼ਾਂ ਮਜ਼ਦੂਰਾਂ ਦੀ ਬਾਤ ਪਾਉਣ ਦੇ ਜਨੂਨ ਨੂੰ ਠੱਲ੍ਹ ਨਾ ਸਕੀਆਂ। ਟੀਚਾ ਮਾਰੂ ਪੂੰਜੀਵਾਦੀ ਪ੍ਰਬੰਧ ਨੂੰ ਸਹੀ ਠਹਿਰਾਉਣ ਵਾਲਿਆਂ ਦੀ ਹਰ ਦਲੀਲ ਨੂੰ ਤੱਥਾਂ ਸਹਿਤ ਕੱਟਣਾ ਸੀ। ਸਮੇਂ ਦੀ ਚੁਣੌਤੀ ਕਬੂਲਦਿਆਂ ਉਸ ਨੂੰ ਟੱਕਰ ਦੇਣ ਦੇ ਸਮਰੱਥ ਸਾਹਿਤ ਦੀ ਰਚਨਾ ਕਰਨਾ ਸੀ। ਸ਼ੋਸ਼ਣ ਰਹਿਤ ਖ਼ੂਬਸੂਰਤ ਜ਼ਿੰਦਗੀ ਦਾ ਸੁਫ਼ਨਾ ਸਾਕਾਰ ਕਰਨ ’ਚ ਲੱਗੇ ਕਾਰਕੁਨਾਂ ਨਾਲ ਸੰਵਾਦ ਰਚਾਉਣਾ ਸੀ। ਇਸ ਜਦੋ-ਜਹਿਦ ’ਚ ਸਾਥੀਆਂ, ਹਮਦਰਦਾਂ ਦੀ ਪਛਾਣ ਕਰਨੀ ਤੇ ਕਰਾਉਣੀ ਸੀ। ਅਸਲ ਦੁਸ਼ਮਣਾਂ ਨੂੰ ਬੇਪਰਦ ਕਰਨਾ ਸੀ ਤਾਂ ਕਿ ਅੰਦੋਲਨ ਉਨ੍ਹਾਂ ਵੱਲ ਸੇਧਿਤ ਹੋ ਸਕੇ। ਪ੍ਰਬੰਧ ਦੇ ਲਤਾੜੇ ਤੇ ਨਿਆਸਰਾ ਬਣਾਏ ਲੋਕਾਂ ’ਚ ਚੇਤਨਾ ਦਾ ਪਸਾਰ ਕਰ ਕੇ ਸੰਘਰਸ਼ ਲਈ ਪ੍ਰੇਰਨਾ ਸੀ।
ਚੌਥਾ ਤੇ ਅਹਿਮ ਸਬਕ, ਇਹ ਲਿਖਤ ਲੋਕਾਈ ਨੂੰ ਅਮੂਰਤ ਰੂਪ ’ਚ ਨਹੀਂ ਦੇਖ ਰਹੀ। ਇਹ ਉਸ ਧਿਰ ਨੂੰ ਵੀ ਖੋਜਦੀ ਹੈ ਜਿਸ ਨੇ ਮੁੱਢੋਂ ਤਬਦੀਲੀ ਲਿਆਉਣ ’ਚ ਮੋਹਰੀ ਭੂਮਿਕਾ ਅਦਾ ਕਰਨੀ ਹੈ। ਇਹ ਲਿਖਤ ਸਭ ਤੋਂ ਲਤਾੜੇ ਤਬਕੇ ਮਜ਼ਦੂਰ ਵਰਗ ਦੀ ਗੱਲ ਪ੍ਰਮੁੱਖਤਾ ਨਾਲ ਰੱਖਦੀ ਇਸ ਧਿਰ ਵੱਲ ਖਲੋ ਕੇ ਦੁਨੀਆ ਦੇ ਵਰਤਾਰੇ ਸਮਝਣ ਅਤੇ ਕੜੀਆਂ ਜੋੜਨ ਵਾਲਾ ਉੱਦਮ ਹੈ। ਮੰਤਵ ਨਿਰਾ ਸਮਾਜਿਕ ਸਚਾਈ ਨੂੰ ਬੇਪਰਦ ਕਰਨਾ ਤੇ ਕਾਰਖਾਨਾ ਮਾਲਕਾਂ ਦੇ ਕਾਰੇ ਉਜਾਗਰ ਕਰਨਾ ਹੀ ਨਹੀਂ ਸੀ; ਦਿਲੀ ਤਮੰਨਾ ਸੀ ਕਿ ਮਨੁੱਖਤਾ ਦੀ ਬਿਹਤਰੀ ਲਈ ਦੁਨੀਆ ਦਾ ਸਮਾਜਿਕ-ਆਰਥਿਕ-ਸਿਆਸੀ ਢਾਂਚਾ ਮੁੱਢੋਂ-ਸੁੱਢੋਂ ਬਦਲੇ। ਅਜਿਹਾ ਪ੍ਰਬੰਧ ਉਸਰੇ ਜੋ ਬਰਾਬਰੀ, ਨਿਆਂ ਆਦਿ ਮਨੁੱਖੀ ਕਦਰਾਂ ’ਤੇ ਪਹਿਰਾ ਦੇਣ ਵਾਲਾ ਹੋਵੇ। ਤੈਅ ਕੀਤਾ ਕਿ ਅਮਨੁੱਖੀ ਢਾਂਚੇ ਦੇ ਜਬਰ ਦਾ ਸ਼ਿਕਾਰ ਅਨੇਕ ਧਿਰਾਂ ’ਚੋਂ ਕਿਹੜੀ ਧਿਰ ਫੈਸਲਾਕੁਨ ਲੜਾਈ ਦੀ ਰਹਿਨੁਮਾਈ ਕਰੇਗੀ। ਲਿਖਤ ਨੇ ਮਜ਼ਦੂਰ ਜਮਾਤ ਨੂੰ ਰਹਿਨੁਮਾ ਚੁਣਿਆ ਹੈ। ਸੱਚ ਨੂੰ ਬੇਪਰਦ ਕਰਨਾ ਜ਼ਰੂਰੀ ਤਾਂ ਹੈ ਪਰ ਮੁਕੰਮਲ ਕਾਰਜ ਨਹੀਂ। ਮਸਲਾ ਸਿਰਫ ਸੱਚ ਦੀ ਖੋਜ ਦਾ ਨਹੀਂ; ਝੂਠ ਤੇ ਫ਼ਰੇਬ ਤੋਂ ਪਰਦਾ ਹਟਾਉਣ ਨਾਲ ਆਪਣੇ ਆਪ ਤਾਂ ਸਮਾਜ ਨੇ ਬਦਲ ਨਹੀਂ ਜਾਣਾ। ਕਾਰਲ ਮਾਰਕਸ ਨੇ ਕਿਹਾ ਸੀ: ‘ਦਾਰਸ਼ਨਿਕਾਂ ਨੇ ਹੁਣ ਤੱਕ ਸੰਸਾਰ ਦੀ ਵਿਆਖਿਆ ਹੀ ਕੀਤੀ ਹੈ, ਲੋੜ ਇਸ ਨੂੰ ਬਦਲਣ ਦੀ ਹੈ’।
ਅਗਲਾ ਸਬਕ ਲਿਖਣ ਸ਼ੈਲੀ ਬਾਰੇ ਹੈ। ਮਾਰਕਸਵਾਦੀਆਂ ਬਾਰੇ ਕਿਹਾ ਜਾਂਦਾ (ਜੋ ਕਾਫੀ ਹੱਦ ਤੱਕ ਸਹੀ ਹੈ) ਕਿ ਉਨ੍ਹਾਂ ਦਾ ਅੰਦਾਜ਼-ਏ-ਬਿਆਂ ਬੜਾ ਨੀਰਸ ਹੈ। ਇਹ ਰੋਸ ਇਸ ਲਿਖਤ ਲਈ ਢੁਕਵਾਂ ਨਹੀਂ। ਇਸ ਵਾਰਤਕ ਦੀ ਆਪਣੀ ਰਵਾਨੀ ਹੈ। ਲੇਖਕ ਪਾਠਕ ਨੂੰ ਮਜ਼ਦੂਰ ਬਸਤੀਆਂ ਦੀਆਂ ਗਲੀਆਂ ’ਚ ਆਪਣੇ ਨਾਲ ਤੋਰ ਲੈਂਦਾ ਹੈ। ਇਹ ਲਿਖਤ ਪੜ੍ਹਨ ਲਈ ਮਾਰਕਸਵਾਦੀ ਹੋਣਾ ਅਤੇ ਏਂਗਲਜ਼ ਦੇ ਵਿਸ਼ਲੇਸ਼ਣ ਤੇ ਸਿੱਟਿਆਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।
ਆਖ਼ਰੀ ਗੱਲ ਭਾਸ਼ਾ ਦੇ ਹਵਾਲੇ ਨਾਲ ਹੈ। ਏਂਗਲਜ਼ ਨੇ ਇਹ ਕਿਤਾਬ ਜਰਮਨ ਭਾਸ਼ਾ ’ਚ ਲਿਖੀ। ਜੋ ਦੇਖਿਆ, ਮਹਿਸੂਸ ਕੀਤਾ ਤੇ ਪਰਖਿਆ, ਉਸ ਨੂੰ ਆਪਣੀ ਮਾਤ-ਭਾਸ਼ਾ ’ਚ ਬਿਆਨ ਕੀਤਾ। ਉਹ ਜਿਸ ਭਾਸ਼ਾ ’ਚ ਸੋਚ ਰਿਹਾ, ਉਸੇ ਭਾਸ਼ਾ ’ਚ ਲਿਖ ਰਿਹਾ ਸੀ।
ਸੰਪਰਕ: 97795-30032

Advertisement
Advertisement