For the best experience, open
https://m.punjabitribuneonline.com
on your mobile browser.
Advertisement

ਵੇਖਣਯੋਗ ਹੈ ਪ੍ਰਧਾਨ ਮੰਤਰੀ ਸੰਗ੍ਰਹਿਆਲਯ

11:59 AM Jul 21, 2024 IST
ਵੇਖਣਯੋਗ ਹੈ ਪ੍ਰਧਾਨ ਮੰਤਰੀ ਸੰਗ੍ਰਹਿਆਲਯ
Advertisement

ਅਵਨੀਸ਼ ਲੌਂਗੋਵਾਲ

ਇਸ ਵਾਰ ਦਿੱਲੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮਿਊਜ਼ੀਅਮ ਜਾਣ ਦਾ ਮੌਕਾ ਮਿਲਿਆ। ਪਿਛਲੇ ਸਮੇਂ ਵਿੱਚ ਇਹ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਮੈਂ, ਮੇਰੀ ਪਤਨੀ, ਬੱਚੇ ਅਤੇ ਦਿੱਲੀ ਰਹਿੰਦੀ ਧਰਮ ਪਤਨੀ ਦੀ ਭੈਣ ਪੰਜਾਬ ਭਵਨ ਗੱਡੀ ਲਾ ਕੇ ਤੀਨਮੂਰਤੀ ਮਾਰਗ ਰਾਹੀਂ ਪ੍ਰਧਾਨ ਮੰਤਰੀ ਮਿਊਜ਼ੀਅਮ ਪਹੁੰਚੇ। ਇਸ ਨੂੰ ਪ੍ਰਧਾਨ ਮੰਤਰੀ ਸੰਗ੍ਰਹਿਆਲਯ ਆਖਦੇ ਹਨ। ਇਸ ਦੇ ਗੇਟ ਨੰਬਰ ਦੋ ਰਾਹੀਂ ਪਛਾਣ ਪੱਤਰ ਤਸਦੀਕ ਕਰਵਾ ਕੇ ਅੰਦਰ ਦਾਖਲ ਹੋਏ। ਅੰਦਰ ਬਹੁਤ ਹੀ ਸੁੰਦਰ ਗਾਰਡਨ ਅਤੇ ਪੂਰੀ ਸਾਫ਼ ਸਫ਼ਾਈ ਸੀ। ਇਸ ਜਗ੍ਹਾ ਦੀ ਸੰਪੂਰਨ ਜਾਣਕਾਰੀ ਪ੍ਰਾਪਤ ਕਰਦਿਆਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੇ ਇਤਿਹਾਸ ਨੂੰ ਜਾਣਿਆ। ਜੇਕਰ ਦਿੱਲੀ ਜਾਣ ਦਾ ਪ੍ਰੋਗਰਾਮ ਬਣੇ ਤਾਂ ਇਸ ਜਗ੍ਹਾ ਨੂੰ ਜ਼ਰੂਰ ਵੇਖਿਆ ਜਾਵੇ। ਇਸ ਜਗ੍ਹਾ ਬਾਰੇ ਕੁਝ ਜਾਣਕਾਰੀ ਤਾਂ ਦੇਣੀ ਬਣਦੀ ਹੈ।
ਪ੍ਰਧਾਨ ਮੰਤਰੀ ਮਿਊਜ਼ੀਅਮ: ਤੀਨਮੂਰਤੀ ਮਾਰਗ ’ਤੇ ਸਥਿਤ ਪ੍ਰਧਾਨ ਮੰਤਰੀ ਮਿਊਜ਼ਿਅਮ ਵਿਖੇ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਰਾਹੀਂ ਵੀ ਪਹੁੰਚਿਆ ਜਾ ਸਕਦਾ ਹੈ। ਇੱਥੇ ਲੋਕਤੰਤਰ ਦੇ ਸਭ ਤੋਂ ਵੱਡੇ ਅਹੁਦੇਦਾਰ ਪ੍ਰਧਾਨ ਮੰਤਰੀ ਦੇ ਕਾਰਜਾਂ ਸਬੰਧੀ ਅਤੇ ਸਮੇਂ-ਸਮੇਂ ਦੇ ਇਤਿਹਾਸਕ ਫ਼ੈਸਲਿਆਂ ਬਾਰੇ ਜਾਣਿਆ ਜਾ ਸਕਦਾ ਹੈ। ਇਸ ਦੇ ਦੋ ਬਲਾਕ, ਬਲਾਕ-1 ਅਤੇ ਬਲਾਕ-2 ਹਨ। ਗੇਟ ਨੰਬਰ 2 ਤੋਂ ਐਂਟਰੀ ਹੋਣ ਮਗਰੋਂ ਸਵਾਗਤ ਹਾਲ ਵਿੱਚ ਪਹੁੰਚਦਿਆਂ ਕੁਦਰਤੀ ਅਤੇ ਹਰਿਆਲੀ ਭਰਪੂਰ ਦ੍ਰਿਸ਼ ਵੇਖਿਆ ਜਾ ਸਕਦਾ ਹੈ।
ਸਵਾਗਤ ਹਾਲ ਅਤੇ ਟਿਕਟ ਪ੍ਰਾਪਤ ਕਰਨਾ: ਸਵਾਗਤ ਹਾਲ ਵਿੱਚ ਪਹੁੰਚ ਕੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦਿਆਂ ਟਿਕਟ ਕਾਊਂਟਰ ਵੱਲ ਜਾਂਦੇ ਹਾਂ। ਟਿਕਟ ਦਾ ਰੇਟ 50 ਰੁਪਏ ਪ੍ਰਤੀ ਵਿਅਕਤੀ ਹੈ। ਸ਼ਨਿੱਚਰਵਾਰ ਅਤੇ ਐਤਵਾਰ ਨੂੰ 100 ਰੁਪਏ ਲੱਗਦੇ ਹਨ। ਇੱਥੇ ਹੀ ਸੈਲਫੀ ਪ੍ਰਧਾਨ ਮੰਤਰੀ ਨਾਲ, ਪੈਦਲ ਤੁਰਨਾ ਪ੍ਰਧਾਨ ਮੰਤਰੀ ਨਾਲ, ਟਾਈਮ ਮਸ਼ੀਨ, ਹਵਾਈ ਯਾਤਰਾ, ਦਸਤਖਤ ਪੱਤਰ, ਯਾਤਰਾ ਸਬੰਧੀ ਟਿਕਟ ਆਦਿ ਪ੍ਰਾਪਤ ਕੀਤੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਮਿਊਜ਼ੀਅਮ ਵਿੱਚ ਜਾਣ ਸਮੇਂ ਜਾਣਕਾਰੀ ਸੁਣਨ ਲਈ ਏਆਈ ਭਾਵ ਮਸਨੂਈ ਬੁੱਧੀ ਨਾਲ ਚੱਲਣ ਵਾਲੇ ਯੰਤਰ ਗਾਈਡ ਵੀ ਪ੍ਰਾਪਤ ਕਰ ਸਕਦੇ ਹਾਂ ਜਿਸ ਦੀ ਟਿਕਟ 50 ਰੁਪਏ ਹੈ।
ਬਲਾਕ-1: ਬਲਾਕ-1 ਰਾਹੀਂ ਅਦਭੁੱਤ ਯਾਤਰਾ ਦੀ ਸ਼ੁਰੂਆਤ: ਬਲਾਕ-1 ਦੀ ਇਮਾਰਤ ਸੰਸਦ ਭਵਨ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ। ਉਸ ਦੇ ਸਤੰਭ ਉਸੇ ਤਰ੍ਹਾਂ ਬਣੇ ਹੋਏ ਹਨ। ਬਲਾਕ-1 ਵਿੱਚ ਸਾਬਕਾ (ਮਰਹੂਮ) ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਨਾਲ ਸਬੰਧਿਤ ਜਾਣਕਾਰੀ ਬਹੁਤਾਤ ਵਿੱਚ ਹੈ। ਇਸ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਸਬੰਧਿਤ ਸਮਾਨ ਜਿਵੇਂ ਉਨ੍ਹਾਂ ਦੀ ਜਾਕੇਟ, ਬੈਟ, ਸੋਟੀ, ਟੋਪੀ ਆਦਿ ਸਬੰਧਿਤ ਤੋਸ਼ਾਖਾਨਾ ਵਿਦੇਸ਼ਾਂ ਤੋਂ ਪ੍ਰਾਪਤ ਤੋਹਫ਼ਿਆਂ ਆਦਿ ਦੇ ਨਾਲ ਹੀ ਇੰਦਰਾ ਗਾਂਧੀ ਦਾ ਕਮਰਾ, ਪੁਸਤਕਘਰ, ਨਿੱਜੀ ਦਫਤਰ ਬੈਠਕ ਹਾਲ ਵੀ ਵੇਖੇ ਜਾ ਸਕਦੇ ਹਨ। ਰਾਜੀਵ ਗਾਂਧੀ ਨਾਲ ਸਬੰਧਿਤ ਕਮਰਾ ਬੈਠਕ ਹਾਲ, ਦਫਤਰ ਆਦਿ ਸਥਿਤ ਹਨ।
ਸੰਵਿਧਾਨ ਦੀ ਸੰਪੂਰਨ ਜਾਣਕਾਰੀ: ਬਲਾਕ-1 ਦੀ ਇਮਾਰਤ ਵਿੱਚ ਸੰਵਿਧਾਨ ਦੀ ਸੰਪੂਰਨ ਜਾਣਕਾਰੀ ਏ.ਆਈ., ਡਿਜੀਟਲ ਤਕਨੀਕ ਰਾਹੀਂ ਦਿੱਤੀ ਗਈ ਹੈ, ਖਰੜੇ ਦੀ ਪੂਰੀ ਜਿਲਦ ਟੱਚ ਸਕੀਨ ਰਾਹੀਂ ਪੇਸ਼ ਕੀਤੀ ਗਈ ਹੈ। ਡਾ. ਰਜਿੰਦਰ ਪ੍ਰਸਾਦ ਦੀ ਮੂਰਤੀ, ਵੱਖ-ਵੱਖ ਕਾਨੂੰਨਦਾਨਾਂ ਨਾਲ ਪੱਤਰ-ਵਿਹਾਰ, ਵੱਖ-ਵੱਖ ਭਾਸ਼ਾਵਾਂ ਵਿੱਚ ਸੰਵਿਧਾਨ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਸਭਾ ਦਾ ਗਠਨ, ਮੈਂਬਰ, ਸਮੇਂ ਸਮੇਂ ਦੀਆਂ ਸੋਧਾਂ ਦੀ ਪੂਰੀ ਜਾਣਕਾਰੀ ਸੁਣਨ ਅਤੇ ਪੜ੍ਹਨ ਵਾਲੀ ਸਮੱਗਰੀ ਦੇ ਰੂਪ ਵਿੱਚ ਵਿਸਥਾਰਪੂਰਵਕ ਪੇਸ਼ ਕੀਤੀ ਗਈ ਹੈ। ਸੰਵਿਧਾਨ ਸਭਾ ਦੀ ਹਰ ਛੋਟੀ ਵੱਡੀ ਮਹੱਤਵਪੂਰਨ ਜਾਣਕਾਰੀ ਬਹੁਤ ਹੀ ਸਰਲ ਰੂਪ ਵਿੱਚ ਸਮਝੀ ਤੇ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਦਾ ਰਾਸ਼ਟਰੀ ਚਿੰਨ੍ਹ ਤੀਨਮੂਰਤੀ ਖਿੱਚ ਦਾ ਕੇਂਦਰ ਹੈ।
ਬਲਾਕ-2: ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਬਲਾਕ 2 ਅਤਿ ਆਧੁਨਿਕ ਤਕਨੀਕ ਦਾ ਨਮੂਨਾ ਹੈ। ਮਨਸੂਈ ਬੁੱਧੀ ਦੇ ਨਾਲ ਨਾਲ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਅਸ਼ੋਕ ਚੱਕਰ ਚਿੰਨ੍ਹ ਇਮਾਰਤ: ਬਲਾਕ-2 ਦੀ ਇਮਾਰਤ ਦੀ ਛੱਤ ਅਸ਼ੋਕ ਚੱੱਕਰ ਚਿੰਨ ਦੇ ਆਧਾਰ ’ਤੇ ਬਣੀ ਹੋਈ ਹੈ। ਇਮਾਰਤ ਦੇ ਸਾਹਮਣੇ ਵੱਡਾ ਪਾਰਕ ਖਿੱਚ ਦਾ ਕੇਂਦਰ ਹੈ। ਬਾਹਰੀ ਦ੍ਰਿਸ਼ ਜਿੰਨਾ ਅਦਭੁੱਤ ਹੈ, ਅੰਦਰੂਨੀ ਦ੍ਰਿਸ਼ ਆਧੁਨਿਕ ਭਾਰਤ ਦੀ ਤਸਵੀਰ ਹੈ।
ਲੇਜ਼ਰ ਸ਼ੋਅ: ਸ਼ਾਮ ਦੇ ਸਮੇਂ 6:30 ਤੋਂ 7:30 ਵਜੇ ਤੱਕ ਲੇਜ਼ਰ ਸ਼ੋਅ ਵਿਖਾਇਆ ਜਾਂਦਾ ਹੈ ਜਿਸ ਵਿੱਚ ਭਾਰਤੀ ਇਤਿਹਾਸ ਦੀ ਗਾਥਾ ਅਤੇ ਭਾਰਤ ਦੀ ਵੱਖ ਵੱਖ ਖੇਤਰਾਂ ਵਿੱਚ ਤਰੱਕੀ ਦਾ ਵਰਣਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਸੈਲਫੀ ਕੇਂਦਰ, ਪੱਤਰ ਦਸਤਖਤ: ਬਲਾਕ-2 ਵਿੱਚ ਡਿਜੀਟਲ ਛੱਤ ਰਾਸ਼ਟਰੀ ਝੰਡੇ ਦੇ ਰੰਗਾਂ ਵਾਂਗ ਪ੍ਰਤੀਤ ਹੁੰਦੀ ਹੈ ਜਿਸ ਵਿੱਚ 50 ਰੁਪਏ ਦੇ ਕੇ ਪ੍ਰਧਾਨ ਮੰਤਰੀ ਨਾਲ ਸੈਲਫੀ ਫੋਟੋ, ਪ੍ਰਧਾਨ ਮੰਤਰੀ ਦੇ ਦਸਤਖਤਾਂ ਨਾਲ ਪੱਤਰ ਪ੍ਰਾਪਤ ਕੀਤੇ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਕਾਰਜ ਦੀ ਜਾਣਕਾਰੀ: ਇਸ ਬਲਾਕ ਵਿੱਚ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ, ਜੀਵਨ ਅਤੇ ਅਹੁਦੇ ’ਤੇ ਰਹਿੰਦਿਆਂ ਦੇਸ਼ ਲਈ ਕੀਤੇ ਮਹੱਤਵਪੂਰਨ ਕਾਰਜਾਂ ਦੀ ਵਿਸਥਾਰਪੂਰਵਕ ਡਿਜੀਟਲ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ, ਵਿਸ਼ੇਸ਼ ਕੰਮਾਂ ਦਾ ਵਰਣਨ ਬਹੁਤ ਹੀ ਸੁੰਦਰ ਦ੍ਰਿਸ਼ਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਸੰਚਾਰ ਕ੍ਰਾਂਤੀ, ਸਰਵ ਸਿੱਖਿਆ ਅਭਿਆਨ, ਪੋਖਰਨ, ਜੈ ਜਵਾਨ ਜੈ ਕਿਸਾਨ, ਆਰਥਿਕ ਸੁਧਾਰ, ਵਿਦੇਸ਼ ਸੰਧੀ ਆਦਿ ਦੇ ਦ੍ਰਿਸ਼ ਮਨਮੋਹਕ ਹਨ। ਟਾਈਮ ਮਸ਼ੀਨ, ਹਵਾਈ ਯਾਤਰਾ, ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਟਾਈਮ ਮਸ਼ੀਨ ਰਾਹੀਂ ਸਮੇਂ ਦੇ ਚੱਕਰ ਵਿੱਚ ਭਾਰਤ ਦੀਆਂ ਉਪਲਬਧੀਆਂ, ਹਵਾਈ ਯਾਤਰਾ ਰਾਹੀਂ ਧੋਲਾ ਸੇਤੂ, ਚਿਨਾਬ ਸੇਤੂ, ਅਟਲ ਸੁਰੰਗ ਦੀ ਯਾਤਰਾ ਵਧੀਆ ਅਨੁਭਵ ਹੈ ਜਿਵੇਂ ਹੈਲੀਕਾਪਟਰ ਰਾਹੀਂ ਜਾ ਰਹੇ ਹਾਂ।
ਸਪੇਸ ਸੈਂਟਰ: ਸਪੇਸ ਸੈਂਟਰ ਰਾਹੀਂ ਭੂਚਾਲ, ਹਲਚਲ ਦਾ ਅਨੁਭਵ ਹੁੰਦਾ ਹੈ। ਪ੍ਰਮਾਣੂ ਪੋਖਰਨ ਦੇ ਸਥਾਨ ’ਤੇ ਖੜ੍ਹੇ ਪ੍ਰਤੀਤ ਹੁੰਦੇ ਹਨ।
ਬਲਾਕ-2 ਵਿੱਚ ਹਰ ਸਾਲ ਦੀਆਂ ਉਪਲਬਧੀਆਂ ਵਿਖਾਈ ਦਿੰਦੀਆਂ ਹਨ। 1947 ਤੋਂ ਲੈ ਕੇ 2024 ਤੱਕ ਖੇਡ ਜਗਤ ਸਿੱਖਿਆ, ਰਾਜਨੀਤਿਕ, ਵਿਗਿਆਨਕ, ਤਕਨੀਕੀ, ਹਰੀ ਕ੍ਰਾਂਤੀ, ਸਫੇਦ ਕ੍ਰਾਂਤੀ, ਵਿਸ਼ਵ ਕੱਪ ਜਿੱਤ ਆਦਿ ਹਰ ਪ੍ਰਾਪਤੀ ਨੂੰ ਪੇਸ਼ ਕੀਤਾ ਗਿਆ ਹੈ।
ਵਿਦਿਆਰਥੀ ਵਰਗ ਲਈ ਗਿਆਨ ਦਾ ਸੋਮਾ: ਇਹ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਮਿਊਜ਼ੀਅਮ ਗਿਆਨ ਵਿਗਿਆਨ, ਇਤਿਹਾਸ ਦਾ ਬਹੁਤ ਵੱਡਾ ਸੋਮਾ ਹੈ ਜੋ ਵਿਦਿਆਰਥੀ ਵਰਗ ਲਈ ਗਿਆਨ ਨੂੰ ਸਮਝਣ ਦਾ ਪ੍ਰਤੱਖ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਤੋਸ਼ਾਖਾਨਾ: ਪ੍ਰਧਾਨ ਮੰਤਰੀ ਤੋਸ਼ਾਖਾਨਾ ਮਿਊਜ਼ੀਅਮ ਦੀ ਸ਼ਾਨ ਹੈ ਜਿਸ ਵਿੱਚ ਪਹਿਲੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੁਣ ਤੱਕ ਦੇ ਪ੍ਰਧਾਨ ਮੰਤਰੀ ਵੱਲੋਂ ਵਿਦੇਸ਼ੀ ਦੌਰੇ ਦੌਰਾਨ ਪ੍ਰਾਪਤ ਤੋਹਫ਼ੇ ਰੱਖੇ ਗਏ ਹਨ। ਬਹੁਤ ਸਾਰੇ ਦੇਸ਼ਾਂ ਦੇ ਰਾਸ਼ਟਰੀ ਪ੍ਰਤੀਕ, ਮਹੱਤਵਪੂਰਨ ਸਥਾਨਾਂ ਨਾਲ ਸਬੰਧਿਤ ਮਾਡਲ, ਵਾਤਾਵਰਨ, ਫ਼ਸਲ, ਮੁੱਖ ਚਿੰਨ੍ਹ, ਮੁੱਖ ਕਾਰਜ, ਰਾਸ਼ਟਰੀ ਧਰੋਹਰ ਨਾਲ ਸਬੰਧਿਤ ਚਿੰਨ੍ਹ ਆਦਿ ਦੇ ਰੂਪ ਵਿੱਚ ਹਨ। ਵੇਖਣ ਵਿੱਚ ਅਨੁਭਵ ਹੋਇਆ ਕਿ ਤੋਸ਼ਾਖਾਨਾ ਦੇ ਉਪਹਾਰ ਸਬੰਧਿਤ ਦੇਸ਼ ਦੀ ਸੰਸਕ੍ਰਿਤੀ ਦਾ ਪ੍ਰਤੀਨਿਧ ਕਰਦੇ ਹਨ।
ਅੰਤ ਅਸੀਂ ਇਸ ਰੋਮਾਂਚਕ ਜਗ੍ਹਾ ਰਾਹੀਂ ਭਾਰਤ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਨੂੰ ਵੇਖਿਆ ਨਾਲ ਹੀ ਆਧੁਨਿਕ ਭਾਰਤ ਦੀ ਆਉਣ ਵਾਲੇ ਸਮੇਂ ਦਾ ਅਨੁਭਵ ਕੀਤਾ। ਸਮਾਜਿਕ, ਰਾਜਨੀਤਕ, ਇਤਿਹਾਸਕ, ਆਰਥਿਕ, ਸੱਭਿਆਚਾਰਕ, ਸੰਸਕ੍ਰਿਤਕ ਗਤੀਵਿਧੀਆਂ ਦੀ ਮਿਸਾਲ ਇਸ ਮਿਊਜ਼ੀਅਮ ਰਾਹੀਂ ਵੇਖੀ ਜਾ ਸਕਦੀ ਹੈ। ਸਾਡੀ ਦਿੱਲੀ ਫੇਰੀ ਦਾ ਅੰਤ ਇਸ ਰੁਮਾਂਚਕ ਜਾਣਕਾਰੀ ਨਾਲ ਸਮਾਪਤ ਹੋਇਆ।

Advertisement

ਸੰਪਰਕ: 78883-46465

Advertisement

Advertisement
Author Image

sukhwinder singh

View all posts

Advertisement