ਪ੍ਰਧਾਨ ਮੰਤਰੀ ਦੀ ਚੋਣ ਰੈਲੀ ਨੇ ਪੰਜਾਬ ਦਾ ਚੋਣ ਮਾਹੌਲ ਭਖਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ’ਚ ਹੋਈ ਚੋਣ ਰੈਲੀ ਨੇ ਪੰਜਾਬ ਦੇ ਚੋਣ ਪ੍ਰਚਾਰ ਨੂੰ ਭਖਾ ਦਿੱਤਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੀ ਕੌਮੀ ਲੀਡਰਸ਼ਿਪ ਹੁਣ ਸੂਬੇ ਦੇ ਅਲੱਗ ਅਲੱਗ ਹਲਕਿਆਂ ਵਿਚ ਗੱਜੇਗੀ। ਭਲਕੇ ਨਰਿੰਦਰ ਮੋਦੀ ਗੁਰਦਾਸਪੁਰ ਤੇ ਜਲੰਧਰ ਹਲਕੇ ਵਿੱਚ ਚੋਣ ਰੈਲੀਆਂ ਕਰਨਗੇ। ਅੱਜ ਪਟਿਆਲਾ ਰੈਲੀ ਦਾ ਪ੍ਰੋਗਰਾਮ ਬਿਨਾਂ ਕਿਸੇ ਰੁਕਾਵਟ ਤੋਂ ਖ਼ਤਮ ਹੋ ਗਿਆ ਹੈ, ਜਿਸ ਨਾਲ ਪੰਜਾਬ ਪੁਲੀਸ ਨੇ ਸੁੱਖ ਦਾ ਸਾਹ ਲਿਆ ਹੈ। ਕਾਂਗਰਸ ਪਾਰਟੀ ਨੇ ਵੀ ਪੰਜ ਲੋਕ ਸਭਾ ਹਲਕਿਆਂ ਵਿੱਚ ਵੱਡੀਆਂ ਚੋਣ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਵੇਰਵਿਆਂ ਅਨੁਸਾਰ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ 25 ਮਈ ਨੂੰ ਅੰਮ੍ਰਿਤਸਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਫਿਰ 29 ਮਈ ਨੂੰ ਸੰਸਦੀ ਹਲਕਾ ਪਟਿਆਲਾ ਤੇ ਲੁਧਿਆਣਾ ’ਚ ਚੋਣ ਰੈਲੀਆਂ ਕਰਨਗੇ। ਇਸੇ ਤਰ੍ਹਾਂ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ 26 ਮਈ ਨੂੰ ਫ਼ਤਿਹਗੜ੍ਹ ਸਾਹਿਬ ਅਤੇ ਜਲੰਧਰ ਹਲਕੇ ਵਿੱਚ ਚੋਣ ਰੈਲੀਆਂ ਵਿਚ ਭਾਗ ਲੈਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਹਾਲੇ ਪ੍ਰੋਗਰਾਮ ਨਹੀਂ ਬਣਿਆ ਹੈ। ਹੌਟ ਸੀਟ ਬਠਿੰਡਾ ’ਤੇ ਚੋਣ ਪ੍ਰਚਾਰ ਲਈ ਹਾਲੇ ਕੋਈ ਪ੍ਰੋਗਰਾਮ ਨਹੀਂ ਬਣਿਆ ਹੈ।
ਚਰਚਾ ਹੈ ਕਿ ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਬਠਿੰਡਾ ਵਿੱਚ ਚੋਣ ਰੈਲੀ ਕਰ ਸਕਦੇ ਹਨ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਬਹੁਜਨ ਸਮਾਜ ਪਾਰਟੀ ਦੀ ਪ੍ਰਮੁੱਖ ਮਾਇਆਵਤੀ 24 ਮਈ ਨੂੰ ਨਵਾਂ ਸ਼ਹਿਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ 25 ਮਈ ਨੂੰ ਸ਼ਾਮ ਵੇਲੇ ਪੰਜਾਬ ਪੁੱਜ ਰਹੇ ਹਨ, ਜਿਨ੍ਹਾਂ ਦੀਆਂ ਚੋਣ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣ ਰੈਲੀਆਂ ’ਚ ਸਟਾਰ ਪ੍ਰਚਾਰਕ ਸੁਖਬੀਰ ਸਿੰਘ ਬਾਦਲ ਹੀ ਹਨ। ਕਾਂਗਰਸ ਪਾਰਟੀ ਅਤੇ ਭਾਜਪਾ ਤਰਫ਼ੋਂ ਦੂਜੇ ਸੂਬਿਆਂ ਵਿੱਚੋਂ ਵੱਡੇ ਆਗੂ ਬੁਲਾਏ ਜਾ ਰਹੇ ਹਨ। ਕਾਂਗਰਸੀ ਨੇਤਾ ਸਚਿਨ ਪਾਇਲਟ ਨੇ ਲੁਧਿਆਣਾ ਹਲਕੇ ਵਿੱਚ ਰੈਲੀ ਕੀਤੀ ਹੈ। ਰਾਜਸਥਾਨ ਦੇ ਕਾਂਗਰਸੀ ਨੇਤਾ ਪੰਜਾਬ ਵਿਚ ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਲੁਧਿਆਣਾ ਸੀਟ ’ਚ ਹੀ ਫਸੇ ਜਾਪਦੇ ਹਨ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਸਮੁੱਚੇ ਹਲਕਿਆਂ ਵਿਚ ਚੋਣ ਪ੍ਰਚਾਰ ਲਈ ਜਾ ਰਹੇ ਹਨ।
‘ਆਪ’ ਦੀ ‘ਵਨ ਮੈਨ ਆਰਮੀ’
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਵਿਚ ‘ਵਨ ਮੈਨ ਆਰਮੀ’ ਵਜੋਂ ਉੱਭਰੇ ਹਨ। ਉਨ੍ਹਾਂ ਲਈ ਇਹ ਚੋਣਾਂ ਵੱਕਾਰੀ ਹੈ ਅਤੇ ਚੋਣ ਨਤੀਜੇ ਉਨ੍ਹਾਂ ਦੀ ਨਿੱਜੀ ਹੈਸੀਅਤ ’ਤੇ ਪ੍ਰਭਾਵ ਪਾਉਣਗੇ। ਮੁੱਖ ਮੰਤਰੀ ਖ਼ੁਦ ਹੀ ਸਾਰੇ ਹਲਕਿਆਂ ਵਿਚ ਰੋਡ ਸ਼ੋਅ ਕਰ ਰਹੇ ਹਨ। ਮੁੱਖ ਬੁਲਾਰੇ ਵੀ ਉਹ ਹਨ ਅਤੇ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਵੀ ਉਹੀ ਉਲੀਕ ਰਹੇ ਹਨ। ਕੌਮੀ ਪਾਰਟੀਆਂ ਦੇ ਮੁਕਾਬਲੇ ’ਚ ‘ਆਪ’ ਦੀ ਨਿਰਭਰਤਾ ਮੁੱਖ ਮੰਤਰੀ ’ਤੇ ਹੀ ਹੈ। ਭਗਵੰਤ ਮਾਨ ਦੂਸਰੇ ਸੂਬਿਆਂ ਵਿੱਚ ਵੀ ਨਾਲੋਂ-ਨਾਲ ਪ੍ਰਚਾਰ ਕਰ ਰਹੇ ਹਨ।