ਪ੍ਰਧਾਨ ਮੰਤਰੀ ਨੇ ਯੂਕਰੇਨ ਜੰਗ ਰੋਕਣ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ
* ਸਾਰੀਆਂ ਧਿਰਾਂ ਵਿਚਕਾਰ ਵਾਰਤਾ ਅਤੇ ਕੂਟਨੀਤੀ ਦੀ ਅਹਿਮੀਅਤ ’ਤੇ ਦਿੱਤਾ ਜ਼ੋਰ
* ਭਾਰਤ-ਰੂਸ ਸਬੰਧ ਹੋਰ ਮਜ਼ਬੂਤ ਬਣਾਉਣ ਬਾਰੇ ਕੀਤੀ ਚਰਚਾ
ਨਵੀਂ ਦਿੱਲੀ, 27 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨਾਲ ਆਪਣੇ ਯੂਕਰੇਨ ਦੌਰੇ ਬਾਰੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਯੂਕਰੇਨ ਨਾਲ ਜੰਗ ਦੇ ਫੌਰੀ, ਪੱਕੇ ਅਤੇ ਸ਼ਾਂਤਮਈ ਹੱਲ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ।
ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਗੱਲਬਾਤ ਦੌਰਾਨ ਦੋਵੇਂ ਮੁਲਕਾਂ ਵਿਚਕਾਰ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਢੰਗ-ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਰੂਸ-ਯੂਕਰੇਨ ਜੰਗ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਯੂਕਰੇਨ ਦੇ ਹੁਣੇ ਜਿਹੇ ਕੀਤੇ ਗਏ ਦੌਰੇ ਤੋਂ ਮਿਲੇ ਤਜਰਬਿਆਂ ਨੂੰ ਸਾਂਝਾ ਕੀਤਾ। ਜੰਗ ਦੇ ਫੌਰੀ, ਸਥਾਈ ਅਤੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ।’’
ਬਾਅਦ ’ਚ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਮੋਦੀ ਨੇ ਪੂਤਿਨ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਪਿਛਲੇ ਮਹੀਨੇ 22ਵੇਂ ਭਾਰਤ-ਰੂਸ ਦੁਵੱਲੇ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਆਪਣੇ ਰੂਸ ਦੇ ਸਫ਼ਲ ਦੌਰੇ ਨੂੰ ਯਾਦ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਦੋਵੇਂ ਆਗੂਆਂ ਨੇ ਰੂਸ-ਯੂਕਰੇਨ ਜੰਗ ਬਾਰੇ ਇਕ-ਦੂਜੇ ਨਾਲ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਆਪਣੇ ਦੌਰੇ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਜੰਗ ਦੇ ਪੱਕੇ ਅਤੇ ਸ਼ਾਂਤਮਈ ਹੱਲ ਲਈ ਸਾਰੀਆਂ ਧਿਰਾਂ ਵਿਚਕਾਰ ਵਾਰਤਾ ਅਤੇ ਕੂਟਨੀਤੀ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ।’’ ਬਿਆਨ ’ਚ ਕਿਹਾ ਗਿਆ ਕਿ ਦੋਵੇਂ ਆਗੂਆਂ ਨੇ ਕਈ ਦੁਵੱਲੇ ਮੁੱਦਿਆਂ ’ਤੇ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਭਾਰਤ ਤੇ ਰੂਸ ਵਿਚਕਾਰ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਕਦਮਾਂ ਬਾਰੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਆਪਸੀ ਹਿੱਤਾਂ ਦੇ ਵੱਖ ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਵੀ ਆਪੋ-ਆਪਣੇ ਵਿਚਾਰ ਪ੍ਰਗਟਾਏ। ਇਸ ਦੇ ਨਾਲ ਹੀ ਦੋਵੇਂ ਆਗੂਆਂ ਨੇ ਇਕ-ਦੂਜੇ ਦੇ ਸੰਪਰਕ ’ਚ ਬਣੇ ਰਹਿਣ ’ਤੇ ਵੀ ਸਹਿਮਤੀ ਜਤਾਈ। ਜ਼ਿਕਰਯੋਗ ਹੈ ਕਿ ਮੋਦੀ ਨੇ 23 ਅਗਸਤ ਨੂੰ ਕੀਵ ਦੀ ਕਰੀਬ 9 ਘੰਟਿਆਂ ਦੀ ਯਾਤਰਾ ਕੀਤੀ ਸੀ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਜੰਗ ਅਤੇ ਹੋਰ ਮਸਲਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ। ਉਨ੍ਹਾਂ ਜ਼ੇਲੈਂਸਕੀ ਨੂੰ ਭਾਰਤ ਆਉਣ ਦਾ ਵੀ ਸੱਦਾ ਦਿੱਤਾ ਸੀ। ਤਿੰਨ ਦਹਾਕੇ ਪਹਿਲਾਂ ਯੂਕਰੇਨ ਦੇ ਆਜ਼ਾਦ ਹੋਣ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੌਰਾ ਸੀ। -ਪੀਟੀਆਈ
ਮੋਦੀ ਨੇ ਬ੍ਰਿਕਸ ਸੰਮੇਲਨ ’ਚ ਹਿੱਸਾ ਲੈਣ ਲਈ ਪੂਤਿਨ ਕੋਲ ਹਾਮੀ ਭਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਜ਼ਾਨ ’ਚ 22 ਤੋਂ 24 ਅਕਤੂਬਰ ਤੱਕ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ’ਚ ਹਾਜ਼ਰੀ ਭਰਨ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕੋਲ ਹਾਮੀ ਭਰੀ ਹੈ। ਬ੍ਰਿਕਸ ਦੇ ਵਿਸਤਾਰ ਮਗਰੋਂ ਇਹ ਪਹਿਲਾ ਸਿਖਰ ਸੰਮੇਲਨ ਹੋਵੇਗਾ। ਦੋਵੇਂ ਆਗੂਆਂ ਵਿਚਕਾਰ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਜੁਲਾਈ ’ਚ ਮਾਸਕੋ ਦੌਰੇ ਸਮੇਂ ਵਪਾਰ ਸਮਝੌਤਾ ਲਾਗੂ ਕਰਨ ਬਾਰੇ ਹੋਈ ਚਰਚਾ ’ਤੇ ਵੀ ਵਿਚਾਰ ਵਟਾਂਦਰਾ ਹੋਇਆ। ਦੋਵੇਂ ਆਗੂਆਂ ਨੇ ਬ੍ਰਿਕਸ ਸਹਿਯੋਗ ’ਤੇ ਤਸੱਲੀ ਜ਼ਾਹਿਰ ਕੀਤੀ। ਪੂਤਿਨ ਅਤੇ ਮੋਦੀ ਨੇ ਵੱਖ ਵੱਖ ਪੱਧਰ ’ਤੇ ਦੁਵੱਲੇ ਸੰਚਾਰ ਸੰਪਰਕ ਬਣਾਈ ਰੱਖਣ ’ਤੇ ਵੀ ਸਹਿਮਤੀ ਪ੍ਰਗਟਾਈ। ਰੂਸ ਇਸ ਸਮੇਂ ਬ੍ਰਿਕਸ ਦੀ ਅਗਵਾਈ ਕਰ ਰਿਹਾ ਹੈ ਅਤੇ ਉਹ ਦੱਖਣ-ਪੱਛਮੀ ਸ਼ਹਿਰ ਕਜ਼ਾਨ ’ਚ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਬ੍ਰਿਕਸ ’ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਬਾਨੀ ਮੈਂਬਰ ਵਜੋਂ ਸ਼ਾਮਲ ਹਨ। ਇਸ ਸਾਲ ਪਹਿਲੀ ਜਨਵਰੀ ਨੂੰ ਗਰੁੱਪ ’ਚ ਮਿਸਰ, ਇਥੋਪੀਆ, ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਬ੍ਰਿਕਸ ਦੇ ਮੈਂਬਰ ਮੁਲਕਾਂ ਦੀ ਗਿਣਤੀ ਵਧ ਕੇ 10 ਹੋ ਗਈ ਹੈ। -ਪੀਟੀਆਈ
ਯੂਕਰੇਨ ’ਚ ਦਿੱਤੇ ‘ਸ਼ਾਂਤੀ ਸੁਨੇਹੇ’ ਲਈ ਬਾਇਡਨ ਵੱਲੋਂ ਮੋਦੀ ਦੀ ਸ਼ਲਾਘਾ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਲਈ ਦਿੱਤੇ ‘ਸ਼ਾਂਤੀ ਦੇ ਸੁਨੇਹੇ’ ਤੇ ‘ਮਾਨਵੀ ਹਮਾਇਤ’ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ। ਦੋਵਾਂ ਆਗੂਆਂ ਨੇ ਸੋਮਵਾਰ ਨੂੰ ਫੋਨ ’ਤੇ ਹੋਈ ਗੱਲਬਾਤ ਦੌਰਾਨ ਸ੍ਰੀ ਮੋਦੀ ਦੀ ਇਤਿਹਾਸਕ ਕੀਵ ਫੇਰੀ ਅਤੇ ਸੰਵਾਦ ਤੇ ਕੂਟਨੀਤੀ ਜ਼ਰੀਏ ਅਮਨ ਦੀ ਛੇਤੀ ਵਾਪਸੀ ਸਬੰਧੀ ਵਿਚਾਰ ਚਰਚਾ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਸ੍ਰੀ ਮੋਦੀ ਦੀ ਕੀਵ ਫੇਰੀ ਤੋਂ ਤਿੰਨ ਦਿਨਾਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨੂੰ ਫੋਨ ਕੀਤਾ ਹੈ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੀਵ ਫੇਰੀ ਦੌਰਾਨ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਕਿਹਾ ਸੀ ਕਿ ਯੂਕਰੇਨ ਤੇ ਰੂਸ ਨੂੰ ਜੰਗ ਖ਼ਤਮ ਕਰਨ ਲਈ ਮਿਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਤੇ ਭਾਰਤ ਖਿੱਤੇ ਵਿਚ ਅਮਨ ਦੀ ਬਹਾਲੀ ਲਈ ‘ਸਰਗਰਮ ਭੂਮਿਕਾ’ ਨਿਭਾਉਣ ਲਈ ਹਮੇਸ਼ਾ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਉਨ੍ਹਾਂ ਦੀ ਹਾਲੀਆ ਪੋਲੈਂਡ ਤੇ ਯੂਕਰੇਨ ਫੇਰੀ ਬਾਰੇ ਚਰਚਾ ਕੀਤੀ। ਮੈਂ ਯੂਕਰੇਨ ਲਈ ਦਿੱਤੇ ਸ਼ਾਂਤੀ ਸੁਨੇਹੇ ਤੇ ਮਾਨਵੀ ਹਮਾਇਤ ਲਈ ਸ੍ਰੀ ਮੋਦੀ ਦੀ ਸ਼ਲਾਘਾ ਕੀਤੀ। ਅਸੀਂ ਹਿੰਦ-ਪ੍ਰਸ਼ਾਂਤ ਵਿਚ ਅਮਨ ਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਪੱਕਿਆਂ ਕੀਤਾ।’’ ਸ੍ਰੀ ਮੋਦੀ ਦੀ ਰੂਸ, ਪੋਲੈਂਡ ਤੇ ਯੂਕਰੇਨ ਫੇਰੀ ਅਤੇ ਬੰਗਲਾਦੇਸ਼ ਵਿਚ ਹਾਲੀਆ ਸਿਆਸੀ ਹਲਚਲ ਦਰਮਿਆਨ ਇਹ ਦੋਵਾਂ ਆਗੂਆਂ ਦਰਮਿਆਨ ਪਲੇਠੀ ਗੱਲਬਾਤ ਹੈ। ਵ੍ਹਾਈਟ ਹਾਊਸ ਵੱਲੋਂ ਬਾਇਡਨ-ਮੋਦੀ ਫੋਨ ਕਾਲ ਬਾਰੇ ਜਾਰੀ ਬਿਆਨ ਵਿਚ ਹਾਲਾਂਕਿ ਬੰਗਲਾਦੇਸ਼ ਦਾ ਕੋਈ ਜ਼ਿਕਰ ਨਹੀਂ ਸੀ। ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਕਮਿਊਨੀਕੇਸ਼ਨਜ਼ ਬਾਰੇ ਐਡਵਾਈਜ਼ਰ ਜੌਹਨ ਕਿਰਬੀ ਨੇ ਬਾਇਡਨ ਦੀ ਸ੍ਰੀ ਮੋਦੀ ਨਾਲ ਫੋਨ ’ਤੇ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਹਾ, ‘‘ਯਕੀਨੀ ਤੌਰ ’ਤੇ ਦੋਵਾਂ ਆਗੂਆਂ ਨੇ ਯੂਕਰੇਨ ਤੇ ਪ੍ਰਧਾਨ ਮੰਤਰੀ ਦੀ ਕੀਵ ਫੇਰੀ ਬਾਰੇ ਅਤੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਯੋਜਨਾ ਤਹਿਤ ਅੱਗੇ ਵਧਣ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ ਹੈ।’’ ਉਧਰ ਸ੍ਰੀ ਮੋਦੀ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਬਾਇਡਨ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਤੇ ਉਥੇ ਘੱਟਗਿਣਤੀਆਂ ਖਾਸ ਕਰਕੇ ਹਿੰੰਦੂਆਂ ਦੀ ਸੁਰੱਖਿਆ ਬਾਰੇ ਵੀ ਚਰਚਾ ਕੀਤੀ ਸੀ। -ਪੀਟੀਆਈ