ਪ੍ਰਧਾਨ ਮੰਤਰੀ ਨੇ ਤੇਜਸ ਜਹਾਜ਼ ’ਚ ਉਡਾਣ ਭਰੀ
ਬੰਗਲੁਰੂ, 25 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੇਜਸ ਜਹਾਜ਼ ’ਚ ਉਡਾਣ ਭਰੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਤਜਰਬੇ ਨਾਲ ਦੇਸ਼ ਦੀਆਂ ਘਰੇਲੂ ਸਮਰੱਥਾਵਾਂ ’ਤੇ ਉਨ੍ਹਾਂ ਦਾ ਭਰੋਸਾ ਵਧਿਆ ਹੈ।
ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਪਾਈ ਇਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਤੇਜਸ ’ਚ ਸਫ਼ਲਤਾਪੂਰਵਕ ਉਡਾਣ ਭਰੀ।’’ ਉਨ੍ਹਾਂ ਕਿਹਾ, ‘‘ਇਹ ਕਮਾਲ ਦਾ ਤਜਰਬਾ ਸੀ। ਇਸ ਨਾਲ ਸਾਡੇ ਦੇਸ਼ ਦੀਆਂ ਦੇਸੀ ਸਮਰੱਥਾਵਾਂ ਪ੍ਰਤੀ ਮੇਰਾ ਭਰੋਸਾ ਹੋਰ ਵਧਿਆ ਹੈ ਅਤੇ ਸਾਡੀ ਕੌਮੀ ਸਮਰੱਥਾ ਬਾਰੇ ਮੇਰੇ ਅੰਦਰ ਨਵੇਂ ਸਿਰੇ ਤੋਂ ਮਾਣ ਅਤੇ ਆਸ਼ਾਵਾਦ ਦੀ ਭਾਵਨਾ ਪੈਦਾ ਹੋਈ ਹੈ।’’
ਉਨ੍ਹਾਂ ਇਹ ਵੀ ਲਿਖਿਆ, ‘‘ਮੈਂ ਅੱਜ ਤੇਜਸ ਵਿੱਚ ਉਡਾਣ ਭਰਦੇ ਹੋਏ ਕਾਫੀ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਡੀ ਮਿਹਨਤ ਅਤੇ ਲਗਨ ਕਰ ਕੇ ਅਸੀਂ ਆਤਮ-ਨਿਰਭਰਤਾ ਦੇ ਖੇਤਰ ਵਿੱਚ ਕਿਸੇ ਨਾਲੋਂ ਘੱਟ ਨਹੀਂ ਹਾਂ। ਭਾਰਤੀ ਹਵਾਈ ਸੈਨਾ, ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਹਿੰਦੁਸਤਾਨ ਐਰੋਨੌਟਿਕਸ ਲਿਮਿਟਡ (ਐੱਚਏਐੱਲ) ਦੇ ਨਾਲ ਸਾਰੇ ਭਾਰਤ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ।’’
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਬੰਗਲੂਰੂ ਪਹੁੰਚੇ ਅਤੇ ਰੱਖਿਆ ਖੇਤਰ ਦੇ ਪੀਐੱਸਯੂ ਅਦਾਰੇ ਐੱਚਏਐੱਲ ਦਾ ਦੌਰਾ ਕਰ ਕੇ ਉਸ ਦੀਆਂ ਨਿਰਮਾਣ ਇਕਾਈਆਂ ਵਿੱਚ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਰੱਖਿਆ ਉਤਪਾਦਾਂ ਦੇ ਘਰੇਲੂ ਉਤਪਾਦਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਨੇ ਹਲਕੇ ਜੰਗੀ ਜਹਾਜ਼ ਤੇਜਸ ਨੂੰ ਖਰੀਦਣ ਵਿੱਚ ਰੁਚੀ ਦਿਖਾਈ ਹੈ ਅਤੇ ਅਮਰੀਕੀ ਕੰਪਨੀ ਜਨਰਲ ਇਲੈਕਟ੍ਰੀਕਲ (ਜੀਈ) ਐਰੋਸਪੇਸ ਨੇ ਪ੍ਰਧਾਨ ਮੰਤਰੀ ਦੀ ਹਾਲ ਦੀ ਅਮਰੀਕੀ ਯਾਤਰਾ ਦੌਰਾਨ ਐੱਮਕੇ-2-ਤੇਜਸ ਲਈ ਸਾਂਝੇ ਤੌਰ ’ਤੇ ਇੰਜਣ ਬਣਾਉਣ ਨੂੰ ਲੈ ਕੇ ਐੱਚਏਐੱਲ ਦੇ ਨਾਲ ਸਮਝੌਤਾ ਕੀਤਾ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਸਾਲ ਅਪਰੈਲ ਵਿੱਚ ਕਿਹਾ ਸੀ ਕਿ 2022-23 ਵਿੱਚ ਭਾਰਤ ਦੀ ਰੱਖਿਆ ਬਰਾਮਦ 15,920 ਕਰੋੜ ਰੁਪਏ ਨਾਲ ਹੁਣ ਤੱਕ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਪਹੁੰਚ ਗਈ ਹੈ। ਰਾਜਨਾਥ ਸਿੰਘ ਨੇ ਕਿਹਾ ਸੀ ਕਿ ਇਹ ਦੇਸ਼ ਲਈ ਇਕ ਜ਼ਿਕਰਯੋਗ ਪ੍ਰਾਪਤੀ ਹੈ। -ਪੀਟੀਆਈ
‘ਐੱਚਏਐੱਲ ਨੂੰ ਤੇਜਸ ਜੰਗੀ ਜਹਾਜ਼ਾਂ ਲਈ 36,468 ਕਰੋੜ ਦਾ ਆਰਡਰ ਦਿੱਤਾ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਧੀਨ ਹਿੰਦੂਸਤਾਨ ਐਰੋਨੌਟਿਕਸ ਲਿਮਿਟਡ ਨੂੰ 83 ਐੱਲਸੀਏ ਐੱਮਕੇ 1ਏ ਤੇਜਸ ਜਹਾਜ਼ਾਂ ਦੀ ਸਪਲਾਈ ਲਈ 36,468 ਕਰੋੜ ਰੁਪਏ ਦਾ ਆਰਡਰ ਦਿੱਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਜਾਣਕਾਰੀ ਅਜਿਹੇ ਸਮੇਂ ਵਿੱਚ ਦਿੱਤੀ ਗਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਖੇਤਰ ਦੀ ਪੀਐੱਸਯੂ ਦਾ ਦੌਰਾ ਕੀਤਾ ਅਤੇ ਜੰਗੀ ਜਹਾਜ਼ ’ਚ ਉਡਾਣ ਭਰੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤੇਜਸ ਜਹਾਜ਼ਾਂ ਦੀ ਸਪਲਾਈ ਫਰਵਰੀ 2024 ਤੱਕ ਸ਼ੁਰੂ ਹੋਣੀ ਨਿਰਧਾਰਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤ ਦੀਆਂ ਰੱਖਿਆ ਤਿਆਰੀਆਂ ਅਤੇ ਸਵਦੇਸ਼ੀਕਰਨ ਨੂੰ ਵਧਾਉਣ ਲਈ ਵੱਡੇ ਕਦਮ ਉਠਾਏ ਹਨ, ਜਿਨ੍ਹਾਂ ਵਿੱਚ ਤੇਜਸ ਜੰਗੀ ਜਹਾਜ਼ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਐੱਲਸੀਏ ਐੱਮਕੇ 2 ਦੇ ਵਿਕਾਸ ਲਈ 9,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਮਨਜ਼ੂਰੀ ਦਿੱਤੀ ਗਈ ਹੈ ਜੋ ਕਿ ਐੱਲਸੀਏ ਤੇਜਸ ਦਾ ਅਪਡੇਟ ਅਤੇ ਹੋਰ ਘਾਤਕ ਵਰਜ਼ਨ ਹੈ। -ਪੀਟੀਆਈ
ਪਿਛਲੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਨੂੰ ਵੀ ਸਵੀਕਾਰ ਕਰਨ ਮੋਦੀ: ਕਾਂਗਰਸ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਵੱਲੋਂ ਅੱਜ ਤੇਜਸ ਜਹਾਜ਼ ’ਚ ਉਡਾਣ ਭਰੇ ਜਾਣ ਅਤੇ ਭਾਰਤ ਦੀਆਂ ਦੇਸੀ ਸਮਰੱਥਾਵਾਂ ਦੀ ਸ਼ਲਾਘਾ ਕੀਤੇ ਜਾਣ ਬਾਰੇ ਤਨਜ਼ ਕੱਸਦਿਆਂ ਕਾਂਗਰਸ ਨੇ ਕਿਹਾ ਕਿ ‘ਚੋਣਾਂ ਸਬੰਧੀ ਤਸਵੀਰਾਂ ਖਿਚਵਾਉਣ ਦੇ ਉਸਤਾਦ’ ਨੂੰ ਇਸ ਹਲਕੇ ਜੰਗੀ ਜਹਾਜ਼ ਲਈ 2014 ਤੋਂ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਤੇਜਸ ਭਾਰਤ ਦੀ ਉਸ ਦੇਸੀ ਵਿਗਿਆਨਕ ਅਤੇ ਤਕਨੀਕੀ ਸਮਰੱਥਾ ਪ੍ਰਤੀ ਇਕ ਸਨਮਾਨ ਹੈ ਜੋ ਦਹਾਕਿਆਂ ਤੋਂ ਮਜ਼ਬੂਤੀ ਨਾਲ ਤਿਆਰ ਕੀਤੀ ਗਈ ਹੈ। ਤੇਜਸ ਨੂੰ ਉਸ ‘ਐਰੋਨੌਟੀਕਲ ਡਿਵੇਲਪਮੈਂਟ ਏਜੰਸੀ’ (ਏਡੀਏ) ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ 1984 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਜਿਸ ਨੇ ਹਿੰਦੁਸਤਾਨ ਐਰੋਨੌਟਿਕਸ ਲਿਮਿਟਡ (ਐੱਚਏਐੱਲ), ਨੈਸ਼ਨਲ ਐਰੋਸਪੇਸ ਲੈਬਾਰਟਰੀਜ਼ (ਐੱਨਏਐੱਲ), ਭਾਰਤੀ ਹਵਾਈ ਸੈਨਾ ਅਤੇ ਭਾਰਤੀ ਜਲ ਸੈਨਾ ਨਾਲ ਮਿਲ ਕੇ ਕੰਮ ਕੀਤਾ।’’ ਉਨ੍ਹਾਂ ਕਿਹਾ, ‘‘ਹਲਕੇ ਜੰਗੀ ਜਹਾਜ਼ ਦੇ ਡਿਜ਼ਾਈਨ ਨੂੰ ਛੇ ਸਾਲਾਂ ਬਾਅਦ ਆਖਰੀ ਰੂਪ ਦਿੱਤਾ ਗਿਆ। ਅਖੀਰ 2011 ਵਿੱਚ ਆਪ੍ਰੇਸ਼ਨਲ ਕਲੀਅਰੈਂਸ ਦਿੱਤੀ ਗਈ। ਬਿਨਾਂ ਸ਼ੱਕ, ਕਈ ਹੋਰ ਅਹਿਮ ਮੀਲ ਦੇ ਪੱਥਰ ਵੀ ਹਨ।’’ ਕਾਂਗਰਸ ਦੇ ਜਨਰਲ ਸਕੱਤਰ ਨੇ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਦਾਅਵਾ ਕੀਤਾ, ‘‘ਚੋਣਾਂ ਸਬੰਧੀ ਫੋਟੋ-ਓਪਸ ਦੇ ਮਾਸਟਰ (ਚੋਣਾਂ ਸਬੰਧੀ ਤਸਵੀਰਾਂ ਖਿਚਵਾਉਣ ਦੇ ਉਸਤਾਦ) ਨੂੰ 2014 ਤੋਂ ਪਹਿਲਾਂ ਦੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਸਵੀਕਾਰ ਕਰਨ ਵਿੱਚ ਕੋਈ ਖਰਚਾ ਨਹੀਂ ਕਰਨਾ ਪਿਆ ਜਿਹੜੀਆਂ ਕਿ ਉਨ੍ਹਾਂ ਵੱਲੋਂ ਕ੍ਰੈਡਿਟ ਲੈਣ ਲਈ ਜ਼ਰੂਰੀ ਸਨ।’’ -ਪੀਟੀਆਈ