ਪੰਜਾਬੀ ਅਦਬ ਦਾ ਮਾਣ ਡਾ. ਜਸਵਿੰਦਰ ਤੇ ਡਾ. ਧਨਵੰਤ
ਸਰਬਜੀਤ ਸੋਹੀ
ਸਨਮਾਨ ਮੌਕੇ ਵਿਸ਼ੇਸ਼
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਵਾਚਦਿਆਂ ਉਂਗਲਾਂ ’ਤੇ ਗਿਣਨ ਜੋਗੀਆਂ ਜੋੜੀਆਂ ਹੀ ਹਨ ਜਿਨ੍ਹਾਂ ਦਾ ਇੱਕ ਦੂਜੇ ਦੇ ਸਮਾਨਾਂਤਰ ਅਦਬੀ ਯੋਗਦਾਨ ਬਰਾਬਰ ਮਾਣਯੋਗ, ਜ਼ਿਕਰਯੋਗ ਅਤੇ ਵਿਚਾਰਨਯੋਗ ਹੋਵੇ। ਡਾ. ਜਸਵਿੰਦਰ ਦਾ ਨਾਮ ਜ਼ਿਹਨ ਵਿੱਚ ਆਉਂਦਿਆਂ ਹੀ ਡਾ. ਧਨਵੰਤ ਦਾ ਨਾਮ ਉਸ ਦੇ ਨਾਲ ਹੀ ਬਰਾਬਰ ਕੱਦ ਸਹਿਤ ਉਜਾਗਰ ਹੁੰਦਾ ਹੈ। ਇੱਕ ਅਧਿਆਪਕ, ਨਿਗਰਾਨ ਅਤੇ ਵਿਭਾਗ ਮੁਖੀ ਵਜੋਂ ਵੀ ਦੋਵਾਂ ਦਾ ਸਮੁੱਚਾ ਕਾਰਜ-ਕਾਲ ਅਕਾਦਮਿਕ ਬੁਲੰਦੀਆਂ ਦਾ ਗਵਾਹ ਰਿਹਾ ਹੈ। ਉਹ ਯੂਨੀਵਰਸਿਟੀਆਂ ਦੇ ਸੁਨਹਿਰੀ ਯੁੱਗ ਦੇ ਜ਼ਾਮਨ ਹਨ, ਜਦੋਂ ਉੱਥੇ ਦਾਖਲਾ ਲੈਣ ਲਈ ਵਿਦਿਆਰਥੀਆਂ ਦੀਆਂ ਕਤਾਰਾਂ ਹੋਇਆ ਕਰਦੀਆਂ ਸਨ। ਵਿਦਿਆਰਥੀ ਅਤੇ ਅਧਿਆਪਕ ਵਜੋਂ, ਦੋਵਾਂ ਹੀ ਸਮਿਆਂ ਵਿੱਚ ਉਨ੍ਹਾਂ ਦੀ ਬੌਧਿਕ ਪ੍ਰਤਿਭਾ ਦਾ ਝਲਕਾਰਾ ਰੂਹ ਨੂੰ ਟੁੰਬਦਾ ਸੀ। ਦੁਆਬੇ ਦੀ ਪੇਂਡੂ ਰਹਿਤਲ ਵਿੱਚ ਜਨਮੇ ਡਾ. ਜਸਵਿੰਦਰ ਨੇ ਬਾਗ਼ਾਂ ਦੇ ਸ਼ਹਿਰ ਪਟਿਆਲੇ ਵਿੱਚ ਹੁਣ ਤੀਕ ਮਹਿਕਣ-ਟਹਿਕਣ ਦਾ ਸਫ਼ਰ ਵਿਦਿਆਰਥੀ ਵਜੋਂ ਸ਼ੁਰੂ ਕੀਤਾ ਸੀ। ਉਸ ਦਾ ਜਨਮ ਨਕੋਦਰ ਨੇੜਲੇ ਪਿੰਡ ਉਮਰਵਾਲ ਬਿਲਾ ਵਿਖੇ ਸੰਨ 1954 ਵਿੱਚ ਦਰਮਿਆਨੇ ਕਾਸ਼ਤਕਾਰ ਪਰਿਵਾਰ ਵਿੱਚ ਹੋਇਆ। ਕਾਮਰੇਡ ਚਰਨ ਸਿੰਘ ਸਮਾਜੀ ਵਾੜਾਂ, ਪਾੜਾਂ ਅਤੇ ਸਿਆੜਾਂ ਦੀ ਗੱਲ ਕਰਦਿਆਂ ਜਸਵਿੰਦਰ ਨੂੰ ਖੇਤੀ ਅਤੇ ਖੱਬੀ ਧਿਰ ਵਿੱਚ ਸਰਗਰਮ ਹੋਇਆ ਵੇਖਣਾ ਚਾਹੁੰਦੇ ਸਨ, ਪਰ ਉਸ ਅੰਦਰਲਾ ਕੋਮਲ ਸਿਰਜਕ ਤੇ ਚੇਤੰਨ ਵਿਚਾਰਧਾਰਕ ਉਸ ਨੂੰ ਸਿੱਖਿਆ, ਸਾਹਿਤ ਅਤੇ ਸਿਰਜਣਾ ਵੱਲ ਜਾਣ ਲਈ ਮੁੜ ਮੁੜ ਪ੍ਰੇਰਿਤ ਕਰਦਾ ਸੀ। ਉਹ 1972 ਵਿੱਚ ਉਚੇਰੀ ਵਿੱਦਿਆ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਬਰੂਹਾਂ ਲੰਘ ਆਇਆ। ਧਨਵੰਤ ਕੌਰ ਦੇ ਪਿਤਾ ਸਰਦਾਰ ਲੱਖਾ ਸਿੰਘ ਕੁੜੀਆਂ ਲਈ ਸਿੱਖਿਆ ਦੇ ਮੌਕੇ, ਬੋਲਣ ਦੀ ਆਜ਼ਾਦੀ, ਮੁਕਤੀ ਅਤੇ ਬਰਾਬਰੀ ਪ੍ਰਤੀ ਜਾਗਰੂਕ ਅਤੇ ਤਰੱਕੀਪਸੰਦ ਇਨਸਾਨ ਸਨ। ਘਰ ਦਾ ਖੁੱਲ੍ਹਾ ਮਾਹੌਲ ਹੀ ਧਨਵੰਤ ਦੀ ਪਹਿਲੀ ਪਰਵਾਜ਼ ਲਈ ਬੁਨਿਆਦ ਬਣਿਆ।
ਵਿਦਿਆਰਥੀ ਜੀਵਨ ਵਿੱਚ ਜਥੇਬੰਦਕ ਗਤੀਵਿਧੀਆਂ ਦੌਰਾਨ ਦੋਵਾਂ ਦੀ ਵਿਚਾਰਧਾਰਕ ਨੇੜਤਾ ਕਦੋਂ ਮੁਹੱਬਤ ਵਿੱਚ ਤਬਦੀਲ ਹੋ ਗਈ ਅਤੇ ਆਪਮੁਹਾਰੇ ਉਗਮਿਆ ਮੁਹੱਬਤ ਦਾ ਅਹਿਸਾਸ ਕਦੋਂ ਪਤੀ-ਪਤਨੀ ਦੇ ਮੁਕੱਦਸ ਰਿਸ਼ਤੇ ਵਿੱਚ ਤਬਦੀਲ ਗਿਆ- ਦੋਵਾਂ ਨੂੰ ਪਤਾ ਹੀ ਨਾ ਚੱਲਿਆ। ਜ਼ਿੰਦਗੀ ਦੀ ਭਰਪੂਰਤਾ ਦੇ ਦੋ ਸ਼ੈਦਾਈ ਇੱਕ ਦੂਜੇ ਦੀ ਪੈੜ ਵਿੱਚ ਪੈਰ ਰੱਖਦੇ ਰੱਖਦੇ ਇੱਕ ਦੂਜੇ ਦੇ ਪੂਰਕ ਬਣ ਗਏ।
ਪੰਜਾਬੀ ਯੂਨੀਵਰਸਿਟੀ ਉਨ੍ਹਾਂ ਦੋਵਾਂ ਦੇ ਸੇਵਾਮੁਕਤ ਹੋਣ ਤੀਕ ਉਨ੍ਹਾਂ ਦੇ ਜੀਵਨ ਦੀ ਕਰਮਸ਼ਾਲਾ ਬਣੀ ਰਹੀ। ਜੀਵਨ ਦੇ ਸਫ਼ਰ ਵਿੱਚ ਇੱਕ-ਦੂਜੇ ਦੀ ਓਟ, ਉਮਾਹ ਅਤੇ ਉਤਸ਼ਾਹ ਬਣਦਿਆਂ ਉਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਘਰਸ਼ ਕੀਤਾ ਅਤੇ ਸੁਪਨਹੀਣ ਅੱਖਾਂ ਨੂੰ ਸਿੱਖਿਆ ਰਾਹੀਂ ਜ਼ਰਖ਼ੇਜ਼ ਕਰਦੇ ਰਹਿਣ ਲਈ ਰਹਿਨੁਮਾਈ ਵੀ ਦਿੱਤੀ। ਧੀ ਸ਼ਿਵਨੀਤ ਕੌਰ ਅਤੇ ਪੁੱਤਰ ਪੁਨੀਤ ਸਿੰਘ ਦੀ ਪਰਵਰਿਸ਼ ਵਿੱਚ ਰੁਝੇਵਿਆਂ/ਥਕੇਵਿਆਂ ਨੂੰ ਮਾਤ ਦਿੰਦਿਆਂ ਦੋਵਾਂ ਨੇ ਆਪਣੇ ਅਧਿਐਨ, ਸਿਰਜਣਾ ਨੂੰ ਪਹਿਲਾਂ ਵਾਂਗ ਹੀ ਜਾਰੀ ਰੱਖਿਆ। ਦੋਵਾਂ ਨੇ ਚਿੰਤਨ ਵਿੱਚ ਲੋਕ ਸਰੋਕਾਰਾਂ ਨੂੰ ਮਨਫ਼ੀ ਜਾਂ ਮੱਧਮ ਨਾ ਹੋਣ ਦਿੱਤਾ।
ਡਾ. ਧਨਵੰਤ ਕੌਰ ਦਾ ਸ਼ਬਦ ਸੰਸਾਰ ਸਮਾਜ ਦੀਆਂ ਗੁੰਝਲਦਾਰ ਸਮੱਸਿਆਵਾਂ, ਨਵੇਂ/ਪੁਰਾਣੇ ਸਾਹਿਤਕ ਰੁਝਾਨਾਂ ਅਤੇ ਅਨੇਕਾਂ ਸੰਵੇਦਨਸ਼ੀਲ ਪਹਿਲੂਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਉਹ ਲਕੀਰ ਦੀ ਫ਼ਕੀਰ ਨਹੀਂ ਬਣਦੀ। ਉਸ ਕੋਲ ਸਾਹਿਤਕ ਪਰਖ-ਪੜਚੋਲ ਦਾ ਆਪਣਾ ਮਾਰਕਸਵਾਦੀ ਨਜ਼ਰੀਆ ਹੈ ਜੋ ਬਦਲਦੇ ਸਮਾਜਿਕ ਸਮੀਕਰਨਾਂ ਅਤੇ ਪ੍ਰਸਥਿਤੀਆਂ ਨੂੰ ਨਵੇਂ ਕੋਣਾਂ ਤੋਂ ਵਾਚਦਿਆਂ ਆਪਣੇ ਅਧਿਐਨ ਦਾ ਕੇਂਦਰ ਬਣਾਉਂਦਾ ਹੈ। ਹੁਣ ਤੀਕ ਉਸ ਦੀਆਂ ਸਿਧਾਂਤਕ ਵਿਵਾਹਕ ਆਲੋਚਨਾ, ਅਨੁਵਾਦ ਅਤੇ ਉਚੇਰੀ ਖੋਜ ਨਾਲ ਸਬੰਧਿਤ 28 ਤੋਂ ਜ਼ਿਆਦਾ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਧਨਵੰਤ ਕੌਰ ਨੇ ਅਧਿਆਪਨ ਦਾ ਸਫ਼ਰ 1979 ਵਿੱਚ ਸਰਕਾਰੀ ਕਾਲਜ ਸਠਿਆਲਾ ਤੋਂ ਸ਼ੁਰੂ ਕੀਤਾ ਸੀ, ਸੇਵਾਮੁਕਤ ਹੋਣ ਤੀਕ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਡੀਨ ਭਾਸ਼ਾਵਾਂ, ਮੁਖੀ ਭਾਸ਼ਾ ਵਿਕਾਸ ਵਿਭਾਗ, ਇੰਚਾਰਜ ਪਬਲੀਕੇਸ਼ਨ ਅਤੇ ਪ੍ਰੈੱਸ ਵਿਭਾਗ ਰਹੀ ਹੈ। ਡਾ. ਧਨਵੰਤ ਕੌਰ ਦੀ ਸਮੁੱਚੀ ਖੋਜ ਤੇ ਆਲੋਚਨਾ ਮੁੱਲਵਾਨ, ਗਤੀਸ਼ੀਲ ਅਤੇ ਨਵੀਂ ਦਿਸ਼ਾ ਦੇਣ ਵਾਲੀ ਹੈ।
ਡਾ. ਜਸਵਿੰਦਰ ਦੀ ਬੇਲਾਗ, ਨਿਰਲੇਪ ਅਤੇ ਨਿਰਵਿਵਾਦ ਸ਼ਖ਼ਸੀਅਤ ਬਾਰੇ ਕੋਈ ਦੋ ਰਾਵਾਂ ਨਹੀਂ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਵਿਦਿਆਰਥੀ ਵਜੋਂ ਆਉਣ ਤੋਂ ਲੈ ਕੇ ਅਧਿਆਪਕ ਵਜੋਂ ਸੇਵਾਮੁਕਤ ਹੋਣ ਤੀਕ ਉਸ ਦਾ ਸਮੁੱਚਾ ਕਾਰਜਕਾਲ ਉਸ ਦੀ ਸਹਿਜ, ਸਨਿਮਰ ਅਤੇ ਸਾਦਗੀ ਭਰਪੂਰ ਸ਼ਖ਼ਸੀਅਤ ਦਾ ਗਵਾਹ ਹੈ। ਸ਼ਬਦਾਂ ਦੀ ਅਨਮੋਲਤਾ ਅਤੇ ਵਰਤੋਂ ਵਿੱਚ ਸੰਜਮ ਉਸ ਦੀ ਅਦਾਇਗੀ ਵਿੱਚੋਂ ਨਜ਼ਰ ਆਉਂਦਾ ਹੈ। ਲਿਖਣ/ਬੋਲਣ ਦੇ ਸੰਕੋਚ ਵਿੱਚ ਉਸ ਦੀ ਵਿਵੇਕ ਬੁੱਧੀ ਅਤੇ ਦੂਰ-ਦ੍ਰਿਸ਼ਟੀ ਛੁਪੀ ਹੋਈ ਹੈ। ਲਿਖਣ ਵਿੱਚ ਹੀ ਨਹੀਂ, ਬੋਲਦਿਆਂ ਵੀ ਉਹ ਬਹੁਤ ਮਿਣ-ਮਿਣ ਕੇ, ਚੁਣ-ਚੁਣ ਕੇ ਸ਼ਬਦ ਆਪਣੇ ਪ੍ਰਤਿਕਰਮ ਵਿੱਚ ਦਰਜ ਕਰਦਾ ਹੈ। ਕਿਸੇ ਬਾਰੇ ਲਿਖਦਿਆਂ ਉਹ ਮੁਹੱਬਤ ਅਤੇ ਮੁਖ਼ਾਲਫਤ ਦੀ ਐਨਕ ਨੂੰ ਮੇਜ਼ ’ਤੇ ਰੱਖ ਦਿੰਦਾ ਹੈ ਤਾਂ ਕਿ ਕਿਸੇ ਨੁਕਤੇ ਦੇ ਹੱਕ ਜਾਂ ਵਿਰੋਧ ਵਿੱਚ ਲਿਖਦਿਆਂ ਵਿਚਾਰ ਦੀ ਮੌਲਿਕਤਾ ਵਿੱਚ ਨਿੱਜ ਦੀ ਘੁਸਪੈਠ ਨਾ ਹੋ ਜਾਵੇ। ਆਮ ਜ਼ਿੰਦਗੀ ਵਿੱਚ ਵੀ ਉਹ ਬਹੁਤੀਆਂ ਗੱਲਾਂ ਦਾ ਜਵਾਬ ਆਪਣੇ ਨਿਰਛਲ ਜਿਹੀ ਮੁਸਕਾਨ ਨਾਲ ਦੇ ਛੱਡਦਾ ਹੈ। ਜਸਵਿੰਦਰ ਧਿਰਾਂ ਦੀ ਸ਼ਤਰੰਜ ਦਾ ਮੋਹਰਾ ਕਦੇ ਨਹੀਂ ਬਣਿਆ। ਇਹ ਉਸ ਦੀ ਸ਼ਾਇਸਤਗੀ ਵੀ ਹੈ ਅਤੇ ਵਿਲੱਖਣ ਹਸਤੀ ਦੀ ਪਛਾਣ ਵੀ। ਉਸ ਦੀਆਂ ਹੁਣ ਤੀਕ ਕੁੱਲ 4 ਮੌਲਿਕ ਵਾਰਤਕ ਕ੍ਰਿਤਾਂ, 10 ਮੌਲਿਕ ਆਲੋਚਨਾਤਮਕ ਪੁਸਤਕਾਂ, 7 ਪਾਠਕ੍ਰਮ ਵਿੱਚ ਸ਼ਾਮਲ ਪੁਸਤਕਾਂ, 11 ਸੰਪਾਦਿਤ ਪੁਸਤਕਾਂ ਸਮੇਤ ਕੁੱਲ 31 ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ।
ਮਾਰਕਸਵਾਦੀ ਆਲੋਚਕ ਵਜੋਂ ਡਾ. ਜਸਵਿੰਦਰ ਪੰਜਾਬੀ ਆਲੋਚਨਾ ਵਿੱਚ ਵੱਖਰਾ ਅਤੇ ਨਿੱਠ ਕੇ ਕੰਮ ਕਰਨ ਵਾਲਾ ਵਿਦਵਾਨ ਹੈ। ਪੰਜਾਬੀ ਸੱਭਿਆਚਾਰ, ਲੋਕ ਗੀਤਾਂ ਅਤੇ ਕਿੱਸਾ ਕਾਵਿ ਬਾਰੇ ਉਸ ਦਾ ਕੰਮ ਬਹੁਤ ਸਿੱਕੇਬੰਦ ਅਤੇ ਅਗਲੇਰੀ ਖੋਜ ਤੇ ਅਧਿਐਨ ਦੀ ਬੁਨਿਆਦ ਕਿਹਾ ਜਾ ਸਕਦਾ ਹੈ। ਉਸ ਦੇ ਮਾਰਕਸਵਾਦੀ ਨਜ਼ਰੀਏ ਦੀ ਵਿਸ਼ੇਸ਼ਤਾ ਹੈ ਕਿ ਉਹ ਆਪਣੇ ਖ਼ਿੱਤੇ ਦੇ ਲੋਕਾਂ ਦੀ ਮਨੋ ਧਰਾਤਲ ਨੂੰ ਆਪਣੇ ਚਿੰਤਨ ਦੇ ਆਧਾਰ ਵਿੱਚੋਂ ਮਨਫ਼ੀ ਨਹੀਂ ਹੋਣ ਦਿੰਦਾ। ਪੰਜਾਬੀ ਸੱਭਿਆਚਾਰ ਦੀ ਭੌਤਿਕਵਾਦੀ ਪੜ੍ਹਤ ਅਤੇ ਪੜਚੋਲ ਕਰਦਿਆਂ ਉਹ ਇਸ ਦੇ ਮਾਨਵੀ ਅਤੇ ਜੁਝਾਰੂ ਤੱਤਾਂ ਦੀ ਨਿਸ਼ਾਨਦੇਹੀ ਕਰਦਾ ਵਰਤਮਾਨ ਵਿੱਚ ਇਨ੍ਹਾਂ ਦੀ ਪੁਨਰ ਵਿਆਖਿਆ ਕਰਦਾ ਹੈ।
ਡਾ. ਜਸਵਿੰਦਰ ਅਤੇ ਡਾ. ਧਨਵੰਤ ਦੀ ਜ਼ਹੀਨ, ਗੁਣਵੰਤੀ ਅਤੇ ਦਾਨਿਸ਼ਮੰਦ ਜੋੜੀ ਨੇ ਵਿਦਿਆਰਥੀ ਜੀਵਨ ਤੋਂ ਹੀ ਲੋਕ ਹਿਤੈਸ਼ੀ ਧਿਰਾਂ ਨਾਲ ਖੜ੍ਹਦਿਆਂ ਮਾਨਵੀ ਸਰੋਕਾਰਾਂ ਨੂੰ ਆਪਣੇ ਚਿੰਤਨ ਅਤੇ ਅਧਿਐਨ ਦਾ ਕੇਂਦਰ ਬਣਾਇਆ ਹੋਇਆ ਹੈ। ਅਧਿਆਪਕ ਵਜੋਂ ਉਨ੍ਹਾਂ ਨੇ ਆਪਣੀ ਨੌਕਰੀ ਨੂੰ ਆਪਣੇ ਜੀਵਨ ਨਿਰਬਾਹ ਤੀਕ ਸੀਮਿਤ ਨਾ ਕਰਦਿਆਂ ਇੱਕ ਮਿਸ਼ਨ ਵਜੋਂ ਅਪਣਾਈ ਰੱਖਿਆ। ਉਨ੍ਹਾਂ ਨੇ ਸ਼ਬਦ ਸਾਧਨਾ ਦੀ ਸੁੱਚਤਾ ਅਤੇ ਸਦੀਵਤਾ ਨੂੰ ਕਾਇਮ ਰੱਖਦਿਆਂ ਆਪਣੇ ਵਿਦਿਆਰਥੀਆਂ ਨੂੰ ਲੋਕ ਹਿੱਤਾਂ ਅਤੇ ਵਿਚਾਰਸ਼ੀਲਤਾ ਨਾਲ ਜੋੜਿਆ ਹੈ। ਆਪਣੇ ਗੁਰੂ ਡਾ. ਰਵਿੰਦਰ ਰਵੀ ਦੀ ਸ਼ਹਾਦਤ ਤੋਂ ਬਾਅਦ ਉਸ ਦੀ ਵਿਚਾਰਧਾਰਕ ਵਿਰਾਸਤ ਨੂੰ ਸਾਂਭਣ ਲਈ ਉਨ੍ਹਾਂ ਅਦਾਰੇ ਅੰਦਰ ਅਤੇ ਸਮਾਜਿਕ ਮਸਲਿਆਂ ਵਿੱਚ ਜਾਗਦੇ ਸਿਰਾਂ ਅਤੇ ਜੂਝਦੀਆਂ ਧਿਰਾਂ ਨਾਲ ਖੜ੍ਹਦਿਆਂ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੀ ਭਰੋਸੇਯੋਗਤਾ ਸਦਾ ਹੀ ਕਾਇਮ ਰੱਖੀ ਹੈ। ਦੋਵਾਂ ਵੱਲੋਂ ਕੀਤੀਆਂ ਗਈਆਂ ਅਧਿਆਪਨ ਸੇਵਾਵਾਂ, ਖੋਜ ਅਤੇ ਸਿਰਜਣਾ ਕਾਰਜ, ਨਿਗਰਾਨ ਵਜੋਂ ਨਿਭਾਈ ਭੂਮਿਕਾ ਅਤੇ ਆਲੋਚਨਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਨਿੱਗਰ ਅਤੇ ਜ਼ਿਕਰਯੋਗ ਕਿਹਾ ਜਾ ਸਕਦਾ ਹੈ। ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਡਾ. ਜਸਵਿੰਦਰ ਅਤੇ ਡਾ. ਧਨਵੰਤ ਕੌਰ ਨੂੰ ਸਾਲ 2024 ਦੇ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ ਨਾਲ ਸਨਮਾਨਿਤ ਕਰਦਿਆਂ ਮਾਣ ਮਹਿਸੂਸ ਕਰਦੀ ਹੈ।