For the best experience, open
https://m.punjabitribuneonline.com
on your mobile browser.
Advertisement

ਕਣਕ ਦੇ ਭਾਅ ਤੇ ਝਾੜ ਨੇ ਵਾਰੇ ਨਿਆਰੇ ਕੀਤੇ

06:38 AM May 01, 2024 IST
ਕਣਕ ਦੇ ਭਾਅ ਤੇ ਝਾੜ ਨੇ ਵਾਰੇ ਨਿਆਰੇ ਕੀਤੇ
ਅੰਮ੍ਰਿਤਸਰ ਦੀ ਭਗਤਾਂਵਾਲਾ ਮੰਡੀ ’ਚ ਕਣਕ ਦੀਆਂ ਬੋਰੀਆਂ ਚੁੱਕਦੇ ਹੋਏ ਮਜ਼ਦੂਰ। -ਫੋਟੋ: ਵਿਸ਼ਾਲ ਕੁਮਾਰ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 30 ਅਪਰੈਲ
ਪੰਜਾਬ ਵਿਚ ਕਣਕ ਦੇ ਝਾੜ ਤੇ ਭਾਅ ਨੇ ਵਾਰੇ ਨਿਆਰੇ ਕਰ ਦਿੱਤੇ ਹਨ ਜਦੋਂ ਕਿ ਮੰਡੀਆਂ ਵਿਚ ਫ਼ਸਲ ਦੀ ਆਮਦ ’ਚ ਕਟੌਤੀ ਆ ਗਈ ਹੈ। ਮੰਡੀਆਂ ਵਿਚ ਹੁਣ ਤੱਕ ਕਣਕ ਦੀ ਆਮਦ 100.58 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ ਜਿਸ ਵਿਚੋਂ 95 ਫ਼ੀਸਦੀ ਫ਼ਸਲ ਖਰੀਦੀ ਜਾ ਚੁੱਕੀ ਹੈ। ਭਾਅ ਉੱਚੇ ਹੋਣ ਕਰ ਕੇ ਸਰਦੇ ਪੁੱਜਦੇ ਕਿਸਾਨ ਫ਼ਸਲ ਦਾ ਸਟਾਕ ਕਰ ਰਹੇ ਹਨ। ਪੰਜਾਬ ਵਿਚ ਔਸਤਨ 2 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਵਿਚ ਵਾਧਾ ਹੋਣ ਦਾ ਪਤਾ ਲੱਗਿਆ ਹੈ। ਹਾਲਾਂਕਿ ਪੱਕੀ ਫ਼ਸਲ ’ਤੇ ਮੀਂਹ ਵੀ ਪਏ ਹਨ।
ਸੂਬੇ ਵਿਚ ਇਸ ਵਾਰ 35.08 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋਈ ਸੀ ਅਤੇ 161 ਲੱਖ ਮੀਟ੍ਰਿਕ ਟਨ ਦੀ ਪੈਦਾਵਾਰ ਦਾ ਟੀਚਾ ਸੀ। ਪੰਜਾਬ ਸਰਕਾਰ ਨੇ ਕਣਕ ਦੀ ਖ਼ਰੀਦ ਦਾ 132 ਲੱਖ ਮੀਟ੍ਰਿਕ ਟਨ ਦਾ ਅਨੁਮਾਨ ਲਾਇਆ ਹੈ। ਹੁਣ ਜਦੋਂ ਰੋਜ਼ਾਨਾ ਆਮਦ ਇਕਦਮ ਡਿੱਗ ਪਈ ਹੈ ਤਾਂ ਮਿਥੇ ਟੀਚੇ ਅਨੁਸਾਰ ਖ਼ਰੀਦ ਹੋਣ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਆਮਦ ਦੇ ਰੁਝਾਨ ਤੋਂ ਜਾਪਦਾ ਹੈ ਕਿ ਕਿਸਾਨਾਂ ਨੇ ਕਣਕ ਨੂੰ ਘਰਾਂ ਵਿਚ ਭੰਡਾਰ ਕਰ ਲਿਆ ਹੈ ਕਿਉਂਕਿ ਕਣਕ ਦੇ ਭਾਅ ਉੱਚੇ ਰਹਿਣ ਦਾ ਅਨੁਮਾਨ ਹੈ।
ਪੰਜਾਬ ਮੰਡੀ ਬੋਰਡ ਦੇ ਵੇਰਵਿਆਂ ਅਨੁਸਾਰ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਕਣਕ 2500 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਗਈ ਹੈ ਜਿਸ ਦਾ ਮਤਲਬ ਹੈ ਕਿ ਸਰਕਾਰੀ ਭਾਅ ਤੋਂ 225 ਰੁਪਏ ਪ੍ਰਤੀ ਕੁਇੰਟਲ ਉਪਰ  ਕਣਕ ਵਿਕੀ ਹੈ। ਜਲੰਧਰ ਜ਼ਿਲ੍ਹੇ ਵਿਚ 2400 ਰੁਪਏ ਤੱਕ ਅਤੇ ਨਵਾਂ ਸ਼ਹਿਰ ਜ਼ਿਲ੍ਹੇ ਵਿਚ 2300 ਰੁਪਏ ਪ੍ਰਤੀ ਕੁਇੰਟਲ ਤੱਕ ਫ਼ਸਲ ਵਿਕੀ ਹੈ। ਪ੍ਰਾਈਵੇਟ ਵਪਾਰੀਆਂ ’ਚ ਖ਼ਰੀਦ ਦੀ ਕਾਫ਼ੀ ਦਿਲਚਸਪੀ ਹੈ। ਪ੍ਰਾਈਵੇਟ ਵਪਾਰੀਆਂ ਨੇ ਹੁਣ ਤੱਕ 5.92 ਲੱਖ ਮੀਟ੍ਰਿਕ ਟਨ ਫ਼ਸਲ ਖ਼ਰੀਦ ਲਈ ਹੈ।
ਕੌਮਾਂਤਰੀ ਬਾਜ਼ਾਰ ਵਿਚ ਕਣਕ ਦੀ ਮੰਗ ਜ਼ਿਆਦਾ ਹੈ। ਮੁਕਤਸਰ ਦੇ ਪਿੰਡ ਦੋਦਾ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਸਰਦੇ ਪੁੱਜਦੇ ਕਿਸਾਨ ਐਤਕੀਂ ਕਣਕ ਨੂੰ ਭੰਡਾਰ ਕਰਨਗੇ ਕਿਉਂਕਿ ਅੱਗੇ ਕਣਕ ਦਾ ਭਾਅ ਉੱਚਾ ਰਹਿਣ ਦੀ ਉਮੀਦ ਹੈ। ਖੇਤੀ ਮਹਿਕਮੇ ਅਨੁਸਾਰ ਇਸ ਵਾਰ ਕਣਕ ਦਾ ਝਾੜ ਪ੍ਰਤੀ ਹੈਕਟੇਅਰ 51.77 ਕੁਇੰਟਲ ਔਸਤਨ ਹੈ ਜਦੋਂ ਕਿ ਪਿਛਲੇ ਸਾਲ 47.10 ਕੁਇੰਟਲ ਪ੍ਰਤੀ ਹੈਕਟੇਅਰ ਸੀ। ਸਪਸ਼ਟ ਹੈ ਕਿ ਪ੍ਰਤੀ ਹੈਕਟੇਅਰ ਦੋ ਕੁਇੰਟਲ ਝਾੜ ਵਿਚ ਵਾਧਾ ਹੁੰਦਾ ਜਾਪਦਾ ਹੈ। ਖੇਤੀ ਮਹਿਕਮੇ ਨੂੰ ਝਾੜ ਕਾਰਨ ਕਰੀਬ 16 ਲੱਖ ਮੀਟ੍ਰਿਕ ਟਨ ਕਣਕ ਦੀ ਵਾਧੂ ਪੈਦਾਵਾਰ ਹੋਣ ਦੀ ਆਸ ਬੱਝ ਗਈ ਹੈ।
ਬਠਿੰਡਾ ਦੇ ਪਿੰਡ ਤਿਉਣਾ ਦੇ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਸਾਲ ਦੇ ਮੁਕਾਬਲੇ ਤਾਂ ਕਣਕ ਦਾ ਝਾੜ ਤਿੰਨ ਚਾਰ ਮਣ ਜ਼ਿਆਦਾ ਨਿਕਲ ਰਿਹਾ ਹੈ ਅਤੇ ਕਈ ਖੇਤਾਂ ਵਿਚੋਂ ਫ਼ਸਲ 62 ਮਣ ਪ੍ਰਤੀ ਏਕੜ ਵੀ ਨਿਕਲੀ ਹੈ।
ਇਸ ਵੇਲੇ ਤੱਕ ਕਰੀਬ 70 ਫ਼ੀਸਦੀ ਫ਼ਸਲ ਦੀ ਵਾਢੀ ਹੋ ਚੁੱਕੀ ਹੈ। ਇਸ ਲਿਹਾਜ਼ ਨਾਲ ਦੇਖੀਏ ਤਾਂ ਮੰਡੀਆਂ ਵਿਚ ਅੱਜ ਰੋਜ਼ਾਨਾ ਦੀ ਆਮਦ ਸਿਰਫ਼ ਪੰਜ ਲੱਖ ਮੀਟ੍ਰਿਕ ਟਨ ਰਹਿ ਗਈ ਹੈ ਜਦੋਂ ਕਿ ਪਹਿਲਾਂ 10 ਲੱਖ ਐੱਮਟੀ ਪ੍ਰਤੀ ਦਿਨ ਤੋਂ ਜ਼ਿਆਦਾ ਦੀ ਆਮਦ ਰਹੀ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਕਿਸਾਨ ਕਣਕ ਨੂੰ ਭੰਡਾਰ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਦੂਸਰੇ ਪਾਸੇ ਮੰਡੀਆਂ ਵਿਚ ਲਿਫ਼ਟਿੰਗ ਦੀ ਐਤਕੀਂ ਦਿੱਕਤ ਆਈ ਹੈ ਅਤੇ 40 ਫ਼ੀਸਦੀ ਫ਼ਸਲ ਹੀ ਚੁੱਕੀ ਜਾ ਸਕੀ ਹੈ।

Advertisement

ਕਿਸਾਨਾਂ ਨੂੰ ਸੌ ਫ਼ੀਸਦੀ ਭੁਗਤਾਨ ਕੀਤਾ: ਮੁੱਖ ਸਕੱਤਰ

ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਕਿਹਾ ਕਿ ਹੁਣ ਤੱਕ ਮੰਡੀਆਂ ਵਿੱਚ ਪਹੁੰਚੀ 100.58 ਲੱਖ ਮੀਟ੍ਰਿਕ ਟਨ ਵਿੱਚੋਂ 95 ਫ਼ੀਸਦੀ ਤੋਂ ਵੱਧ ਫ਼ਸਲ ਖਰੀਦੀ ਜਾ ਚੁੱਕੀ ਹੈ। ਫ਼ਸਲ ਵੇਚ ਚੁੱਕੇ ਸਾਰੇ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ 100 ਫ਼ੀਸਦੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਜਿਸ ਤਹਿਤ 17340.40 ਕਰੋੜ ਰੁਪਏ ਖਾਤਿਆਂ ਵਿੱਚ ਪਾਏ ਜਾ ਚੁੱਕੇ ਹਨ। ਲਿਫ਼ਟਿੰਗ ਲਈ ਅੱਜ 27 ਸਪੈਸ਼ਲ ਰੇਲਾਂ ਲੱਗੀਆਂ ਹਨ।

Advertisement
Author Image

Advertisement
Advertisement
×