For the best experience, open
https://m.punjabitribuneonline.com
on your mobile browser.
Advertisement

ਜ਼ੋਰੇ ਦੀ ਹੋਣੀ

06:14 AM Oct 01, 2024 IST
ਜ਼ੋਰੇ ਦੀ ਹੋਣੀ
Advertisement

ਪ੍ਰੋ. ਹਰਦੀਪ ਸਿੰਘ

Advertisement

ਗੱਲ 1993 ਦੀ ਹੈ। ਆਪਣੀ ਐੱਮਫਿਲ ਦੀ ਪੜ੍ਹਾਈ ਪੂਰੀ ਕਰ ਕੇ ਬੁਢਲਾਡੇ ਦੇ ਕਾਲਜ ਵਿੱਚ ਪਾਰਟ ਟਾਈਮ ਲੈਕਚਰਾਰ ਲੱਗ ਗਿਆ। ਕਾਲਜ ਜਾਣ ਲਈ ਹਰ ਰੋਜ਼ ਸੁਨਾਮ ਤੋਂ ਬੁਢਲਾਡਾ ਜਾਣ ਵਾਲੀ ਬੱਸ ਲੈਣੀ ਜੋ ਜਖੇਪਲ, ਧਰਮਗੜ੍ਹ, ਭਾਧੜਾ, ਦੋਦੜਾ ਅਤੇ ਵੱਛੋਆਣਾ ਪਿੰਡਾਂ ਵਿੱਚੋਂ ਹੋ ਕੇ ਬੁਢਲਾਡੇ ਪਹੁੰਚਦੀ ਸੀ। ਸਫ਼ਰ ਬੇਸ਼ੱਕ ਇੱਕ ਘੰਟੇ ਦਾ ਸੀ ਪਰ ਉਸ ਵੇਲੇ ਸੜਕ ਘੱਟ ਚੌੜੀ ਸੀ ਤੇ ਥਾਂ-ਥਾਂ ਤੋਂ ਟੁੱਟੀ ਹੋਣ ਕਰ ਕੇ ਬੱਸ ਹੌਲੀ-ਹੌਲੀ ਇਉਂ ਚੱਲਦੀ ਸੀ ਜਿਉਂ ਸਹੁਰੇ ਜਾਣ ਵਾਲੇ ਪੈਂਡੇ ’ਤੇ ਕੋਈ ਨੂੰਹ ਆਪਣੀ ਲੜਾਕੀ ਸੱਸ ਦੇ ਡਰੋਂ ਹੌਲੀ-ਹੌਲੀ ਤੁਰਦੀ ਹੋਵੇ। ਰੋਜ਼ ਸਵਾਰੀਆਂ ਨਾਲ ਤੁੰਨ ਕੇ ਭਰੀ ਬੱਸ ਸੁਨਾਮ ਤੋਂ ਬੁਢਲਾਡੇ ਤੱਕ ਦਾ ਸਫ਼ਰ ਦੋ ਘੰਟੇ ਵਿੱਚ ਪੂਰਾ ਕਰਦੀ। ਗ਼ਨੀਮਤ ਇਹ ਸੀ ਕਿ ਸੜਕ ’ਤੇ ਪਏ ਟੋਇਆਂ ਨੂੰ ਹਰ ਰੋਜ਼ ਤੀਹ-ਪੈਂਤੀ ਸਾਲ ਦਾ ਸ਼ਖ਼ਸ ਅੱਡੋ-ਅੱਡ ਥਾਵਾਂ ’ਤੇ ਮਿੱਟੀ ਪਾ-ਪਾ ਭਰਦਾ ਰਹਿੰਦਾ ਸੀ। ਇਉਂ ਉਸ ਰੂਟ ’ਤੇ ਚਲਦੀਆਂ ਬੱਸਾਂ ਦੀਆਂ ਕਮਾਨੀਆਂ ਕੁਝ ਕੁ ਬਚੀਆਂ ਰਹਿੰਦੀਆਂ।
ਸੜਕ ਦੇ ਟੋਇਆਂ ’ਚ ਮਿੱਟੀ ਪਾਉਣ ਵਾਲੇ ਉਸ ਬੰਦੇ ਨੂੰ ਦੇਖ ਕੇ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਹਰ ਗੇੜੇ ਉਸ ਕੋਲ ਆਪਣੀ ਬੱਸ ਰੋਕਦੇ ਤੇ ‘ਓ ਜੋਰੇ’ ਕਹਿ ਆਵਾਜ਼ ਮਾਰ ਉਹਨੂੰ ਸੱਦਦੇ ਤੇ ਕੰਡਕਟਰ ਆਪਣੇ ਟਿਕਟਾਂ ਵਾਲੇ ਝੋਲੇ ’ਚੋਂ ਪੰਜ ਰੁਪਏ ਕੱਢਦੇ ਤੇ ਉਹਨੂੰ ਦੇ ਦਿੰਦੇ। ਜ਼ੋਰਾ ਸਿੰਘ ਆਥਣ ਤੱਕ ਮੁੜਕੋ-ਮੁੜਕੀ ਹੋ ਸੜਕ ’ਤੇ ਮਿੱਟੀ ਪਾ ਕੇ ਇਹਨੂੰ ਵਾਹਨਾਂ ਦੇ ਚੱਲਣ ਯੋਗ ਬਣਾਉਣ ਦਾ ਯਤਨ ਕਰਦਾ ਤੇ ਜਾਣ-ਆਉਣ ਵਾਲੀਆਂ ਸਾਰੀਆਂ ਬੱਸਾਂ ਦੇ ਕੰਡਕਟਰਾਂ ਤੋਂ ਪੰਜ-ਪੰਜ ਰੁਪਏ ਇੱਕਠੇ ਕਰ ਕੇ ਸੌ ਕੁ ਰੁਪਏ ਦੀ ਦਿਹਾੜੀ ਪਾ ਲੈਂਦਾ ਸੀ। ਮੈਂ ਲਗਾਤਾਰ ਤਿੰਨ ਸਾਲ ਇਸੇ ਰੂਟ ’ਤੇ ਖੱਜਲ-ਖੁਆਰ ਹੁੰਦਾ ਡਿਊਟੀ ’ਤੇ ਜਾਂਦਾ ਰਿਹਾ।
ਫਿਰ ਮੇਰੀ ਸਰਕਾਰੀ ਨੌਕਰੀ ਲੱਗ ਗਈ ਤੇ ਇਸ ਰੂਟ ਤੋਂ ਮੇਰਾ ਖਹਿੜਾ ਛੁੱਟ ਗਿਆ। ਮੁੱਦਤ ਬਾਅਦ ਪਿਛਲੇ ਦਿਨੀਂ ਬੁਢਲਾਡੇ ਜਾਣ ਦਾ ਸਬਬ ਬਣਿਆ। ਕਾਰ ਘਰੋਂ ਕੱਢੀ ਤੇ ਬੁਢਲਾਡੇ ਜਾਣ ਲਈ ਉਸੇ ਰੂੂਟ ’ਤੇ ਪਾ ਲਈ ਜਿਸ ’ਤੇ ਮੈਂ ਤੀਹ ਸਾਲ ਪਹਿਲਾਂ ਬੱਸ ਰਾਹੀਂ ਜਾਂਦਾ ਸੀ। ਕਾਰ ਅਜੇ ਪੰਜ ਸੱਤ ਕਿਲੋਮੀਟਰ ਹੀ ਗਈ ਹੋਵੇਗੀ ਕਿ ਸੜਕ ’ਤੇ ਵੱਡੇ-ਵੱਡੇ ਟੋਏ ਆਉਣੇ ਸ਼ੁਰੂ ਹੋ ਗਏ ਤੇ ਕਾਰ ਦੀ ਸਪੀਡ ਨੂੰ ਸਮਝੋ ਬਰੇਕਾਂ ਲੱਗ ਗਈਆਂ। ਕਾਰ ਹੌਲੀ-ਹੌਲੀ ਚੱਲਦੀ ਦੋ ਚਾਰ ਕਿਲੋਮੀਟਰ ਹੋਰ ਅੱਗੇ ਗਈ ਤਾਂ ਦੇਖਿਆ, ਸੱਠ-ਪੈਂਹਟ ਸਾਲ ਨੂੰ ਢੁੱਕਿਆ ਬੱਗੀ ਦਾੜ੍ਹੀ ਵਾਲਾ ਬੰਦਾ ਸੜਕ ਦੇ ਟੋਏ ਮਿੱਟੀ ਨਾਲ ਭਰ ਰਿਹਾ ਸੀ। ਤੀਹ ਸਾਲ ਪਹਿਲਾਂ ਵਾਲੀ ਰੀਲ ਅੱਖਾਂ ਅੱਗੇ ਘੁੰਮ ਗਈ ਤੇ ਸੜਕ ’ਤੇ ਮਿੱਟੀ ਪਾਉਣ ਵਾਲੇ ਜ਼ੋਰਾ ਸਿੰਘ ਦਾ ਚਿਹਰਾ ਵੀ।
ਗੱਡੀ ਸਾਈਡ ’ਤੇ ਲਾ ਕੇ ਉਸ ਬੰਦੇ ਕੋਲ ਗਿਆ ਤੇ ਦੇਖਿਆ... ਓ ਹੋ!... ਇਹ ਤਾਂ ਉਹੀ ਜ਼ੋਰਾ ਸਿੰਘ ਸੀ। ਮੈਂ ਬਟੂਏ ’ਚੋਂ ਸੌ ਦਾ ਨੋਟ ਕੱਢਿਆ ਤੇ ਜ਼ੋਰਾ ਸਿੰਘ ਵੱਲ ਵਧਾਉਂਦੇ ਨੇ ਕਿਹਾ, “ਜ਼ੋਰਾ ਸਿੰਘ ਜੀ, ਕਈ ਆਏ ਤੇ ਕਈ ਗਏ ਪਰ ਤਿੰਨ ਦਹਾਕਿਆਂ ’ਚ ਨਾ ਤੁਹਾਡੀ ਕਿਸਮਤ ਬਦਲੀ ਤੇ ਨਾ ਇਸ ਸੜਕ ਦੀ!”
ਇਹ ਸੁਣ ਜ਼ੋਰਾ ਮਿੰਨਾ-ਮਿੰਨਾ ਹੱਸਿਆ ਤੇ ਉਹਨੇ ਬਿਨਾਂ ਕੁਝ ਬੋਲੇ ਮੈਥੋਂ ਸੌ ਰੁਪਏ ਦਾ ਨੋਟ ਫੜ ਕੇ ਜੇਬ ਵਿੱਚ ਪਾ ਲਿਆ। ਮੈਂ ਕਾਰ ’ਚ ਬੈਠ ਆਪਣੀ ਮੰਜਿ਼ਲ ਵੱਲ ਵੱਧਣ ਲੱਗਾ। ਟੁੱਟੀ ਸੜਕ ’ਤੇ ਡਿੱਕ ਡੋਲੇ ਖਾਂਦੀ ਕਾਰ ਐੱਫਐੱਮ ਰੇਡੀਓ ’ਤੇ ਚੱਲਦੀ ਮੁਲਕ ਦੇ ਭਵਿੱਖ ਵਿੱਚ ਵਿਸ਼ਵ ਗੁਰੂ ਬਣਨ ਦੀ ਖ਼ਬਰ ਦਾ ਮੂੰਹ ਚਿੜਾ ਰਹੀ ਸੀ।
ਸੰਪਰਕ: 94174-60316

Advertisement

Advertisement
Author Image

joginder kumar

View all posts

Advertisement