ਮਨ ਦੀ ਸ਼ਕਤੀ
ਮਨ ਬਹੁਤ ਚੰਚਲ ਹੁੰਦਾ ਹੈ। ਕਾਬੂ ਵਿਚ ਰੱਖਣਾ ਵੀ ਕਈ ਵਾਰ ਔਖੀ ਗੱਲ ਹੁੰਦੀ ਹੈ। ਮਨ ਵਿਚ ਚਾਅ ਤੇ ਉਮੰਗ ਹੋਵੇ, ਅੰਬਰ ਛੋਂਂਹਦੀਆਂ ਚੋਟੀਆਂ ਉੱਤੇ ਵੀ ਕਦਮ ਰੱਖਣੇ ਸੌਖੇ ਜਾਪਦੇ ਹਨ। ਮਨ ਮਾਰ ਲਈਏ, ਮਨ ਮਸੋਸ ਕੇ ਰਹਿ ਜਾਈਏ ਜਾਂ ਫਿਰ ਮਨ ਦੇ ਲੱਡੂ ਹੀ ਭੋਰਦੇ ਰਹੀਏ, ਭਾਵ ਨਿਰੇ ਖਿਆਲੀ ਪੁਲਾਉ ਹੀ ਪਕਾਉਂਦੇ ਰਹੀਏ ਤਾਂ ਅਸਫ਼ਲਤਾਵਾਂ ਦੇ ਵੀ ਢੇਰ ਲੱਗਣ ਲੱਗਦੇ ਹਨ। ਖ਼ੁਸ਼ੀ, ਉਦਾਸੀ ਮਨ ਨਾਲ ਹੀ ਜੁੜੀਆਂ ਅਵਸਥਾਵਾਂ ਹਨ। ਨਿੱਕੀਆਂ ਨਿੱਕੀਆਂ ਹਾਰਾਂ ਮਨ ਨੂੰ ਲਾ ਕੇ ਢੇਰੀ ਢਾਹੁਣਾ ਮਨ ਦੀ ਅਥਾਹ ਸ਼ਕਤੀ ਨੂੰ ਬੰਨ੍ਹ ਲਾਉਣ ਜਿਹਾ ਹੈ।
ਗੱਲ 1975 ਦੀ ਹੈ ਜਦੋਂ ਮੈਂ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦਾ ਵਿਦਿਆਰਥੀ ਸਾਂ। ਹਫ਼ਤੇ ਵਿਚ ਦੋ ਦਿਨ ਸਵੇਰ ਦੀ ਸਭਾ ਹੁੰਦੀ ਸੀ ਜਿਸ ਨੂੰ ‘ਮੌਰਨਿੰਗ ਅਸੈਂਬਲੀ’ ਕਿਹਾ ਜਾਂਦਾ ਸੀ। ਇਹ ਦੋ ਦਿਨ ਬੜੇ ਹੀ ਦਿਲਚਸਪ ਹੁੰਦੇ ਸਨ ਅਤੇ ਇਨ੍ਹਾਂ ਦੇ ਆਉਣ ਦੀ ਹਰ ਪਲ ਉਡੀਕ ਰਹਿੰਦੀ ਸੀ। ਇਨ੍ਹਾਂ ਦੋਵੇਂ ਦਨਿਾਂ ਵਿਚ ਕਾਲਜ ਦੇ ਕਿਸੇ ਵਿਦਿਆਰਥੀ ਜਾਂ ਪ੍ਰੋਫੈਸਰ ਦੁਆਰਾ ਕਿਸੇ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਆਪੋ-ਆਪਣੇ ਨਜ਼ਰੀਏ ਤੋਂ ਖੁੱਲ੍ਹੇ ਵਿਚਾਰ ਦਿੱਤੇ ਜਾਂਦੇ ਸਨ। ਇਨ੍ਹਾਂ ਵਿਚ ਜ਼ਿੰਦਗੀ ਦੇ ਭਲਕ ਲਈ ਕਈ ਸੇਧਾਂ ਅਤੇ ਸੁਪਨੇ ਹੁੰਦੇ ਸਨ। ਉਦੋਂ ਤੱਕ ਮੈਨੂੰ ਕਿਸੇ ਵੀ ‘ਮੰਚ’ ਉੱਤੇ ਗੱਲ ਕਹਿਣ ਦਾ ਕੋਈ ਅਨੁਭਵ ਨਹੀਂ ਸੀ। ਮਨ ਵਿਚ ਜਿਵੇਂ ਕੋਈ ਡਰ, ਝਾਕਾ ਜਾਂ ਝਿਜਕ ਸੀ। ਮੇਰੇ ਅੰਦਰ ਕਹਿਣ ਲਈ ਬੜਾ ਕੁਝ ਦੱਬਿਆ ਪਿਆ ਸੀ। ਜ਼ਿੰਦਗੀ ਬਾਰੇ ਮੇਰੀਆਂ ਆਪਣੀਆਂ ਨਿੱਜੀ ਸੋਚ ਵਿਚਾਰਾਂ ਸਨ। ਇਨ੍ਹਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਮੇਰੇ ਅੰਦਰ ਰੀਝ ਤੇ ਤਾਂਘ ਸੀ। ਮਨ ਨਾਲ ਸੰਵਾਦ ਰਚਾਉਂਦਿਆਂ ਕਦੀ ਹਾਂ ਕਦੀ ਨਾਂਹ ਦੀ ਘੁੰਮਣਘੇਰੀ ਵਿਚੋਂ ਨਿਕਲਦਿਆਂ ਅਤੇ ਸਵੈ-ਵਿਸ਼ਵਾਸ ਨੂੰ ਆਪਣੇ ਅੰਦਰ ਭਰਦਿਆਂ ਮੰਚ ਉੱਤੇ ਬੋਲਣ ਦਾ ਹੌਸਲਾ ਕਰ ਹੀ ਲਿਆ। ਮਨ ਦੀ ਇੱਛਾ ਨੂੰ ਕਿਸੇ ਵੀ ਹਾਲਤ ਵਿਚ ਹੋਰ ਰੋਕਣਾ ਨਹੀਂ ਚਾਹੁੰਦਾ ਸਾਂ। ਇਹ ਮੇਰੇ ਲਈ ਪ੍ਰੀਖਿਆ ਦੀ ਘੜੀ ਸੀ ਅਤੇ ਅਜਿਹੇ ਪਲ ਹਰ ਕਿਸੇ ਲਈ ਆਮ ਤੌਰ ਤੇ ਔਖੇ ਹੀ ਹੁੰਦੇ ਹਨ ਜਾਂ ਔਖੇ ਜਾਪਦੇ ਹਨ। ਨਿਸ਼ਚਿਤ ਦਿਨ ਤੇ ਮੈਂ ਮੰਚ ਉੱਪਰ ਸਾਂ। ਮੇਰੇ ਸਾਹਮਣੇ ਵਿਦਿਆਰਥੀ ਅਤੇ ਪ੍ਰੋਫੈਸਰ ਸਾਹਿਬਾਨ ਸਨ।
ਮੈਂ ਮਨ ਤੋਂ ਹੀ ਗੱਲ ਛੋਹੀ। ਮਨ ਦੀ ਜ਼ਿੰਦਗੀ ਵਿਚ ਭੂਮਿਕਾ ਮੇਰਾ ਮੁੱਖ ਵਿਸ਼ਾ ਸੀ। ਇਰਾਦਿਆਂ, ਨਿਸ਼ਚਿਆਂ, ਵਿਸ਼ਵਾਸਾਂ, ਸੁਪਨਿਆਂ, ਆਸਾਂ, ਉਮੀਦਾਂ ਦੀ ਗੱਲ ਮੇਰੇ ਬੋਲਾਂ ਵਿਚ ਸੀ। ਮੇਰੀ ਇਹੋ ਪਲੇਠੀ ਕੋਸ਼ਿਸ਼ ਹੀ ਮੇਰੀ ਪਛਾਣ ਬਣ ਗਈ ਅਤੇ ਉਸ ਵਰ੍ਹੇ ਦਾ ਸਭ ਤੋਂ ਵਧੀਆ ਬੁਲਾਰਾ ਹੋਣ ਦਾ ਮਾਣ ਮੇਰੇ ਹਿੱਸੇ ਆਇਆ। ਮੇਰੇ ਚੇਤੇ ਵਿਚ ਵਸੇ ਜਾਂ ਉੱਕਰੇ ਉਹ ਪਲ ਹੁਣ ਵੀ ਔਖੀਆਂ ਘੜੀਆਂ ਵਿਚ ਮੇਰਾ ਸਹਾਰਾ ਬਣਦੇ ਹਨ।
ਉਂਜ, ਪੁੱਠੇ-ਸਿੱਧੇ ਕੰਮਾਂ-ਕਾਰਿਆਂ ਲਈ ਵੀ ਮਨ ਹੀ ਜ਼ਿੰਮੇਵਾਰ ਹੁੰਦਾ ਹੈ। ਮਨ ਦੇ ਸ਼ੌਕ ਬੜੇ ਅਲੋਕਾਰੀ ਹੁੰਦੇ ਹਨ। ਥੋੜ੍ਹਾ ਸਮਝ ਤੋਂ ਵੀ ਕੰਮ ਲੈਣ ਦੀ ਲੋੜ ਹੈ ਕਿ ਕੀ ਕਰਨਾ ਚਾਹੀਦੈ, ਕੀ ਨਹੀਂ। ਸਕੂਲ ਵਿਚ ਅਧਿਆਪਕ ਤਾਂ ਹੁੰਦੇ ਹਨ ਪਰ ਘਰ ਵਿਚ ਮਾਂ ਹੀ ਸਭ ਤੋਂ ਪਹਿਲੀ ਅਧਿਆਪਕਾ ਹੁੰਦੀ ਹੈ। ਨਿੱਕਾ ਹੁੰਦਾ ਸਾਂ ਤਾਂ ਮੇਰੇ ਕੀਤੇ ਕੰਮਾਂ ਜਾਂ ‘ਕਾਰਿਆਂ’ ਉੱਤੇ ਮੇਰੀ ਮਾਂ ਦੀ ਨਜ਼ਰ ਹੁੰਦੀ ਸੀ। ਉਸ ਦੀ ਇਸੇ ਦ੍ਰਿਸ਼ਟੀ ਕਾਰਨ ਹੀ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਮੈਨੂੰ ਗਣਿਤ ਔਖਾ ਜਾਪਦਾ ਸੀ, ਜਾਂ ਇਸ ਵਿਚ ਮੇਰੀ ਰੁਚੀ ਨਹੀਂ ਸੀ। ਸਕੂਲ ਵਿਚ ਨਕਲ ਕਰ ਕੇ ਹੀ ਮੈਂ ਸੁਆਲ ਹੱਲ ਕਰਦਾ ਸੀ। ‘ਮਨ ਸਭ ਕੁਝ ਕਰ ਸਕਦਾ ਹੈ’। ਮਾਂ ਦੀਆਂ ਦਲੀਲਾਂ ਨੇ ਜਿਵੇਂ ਮੇਰੇ ਮਨ ਦਾ ਰੁਖ਼ ਹੀ ਮੋੜ ਦਿੱਤਾ ਹੋਵੇ। ਸਮਾਂ ਪਾ ਕੇ ਮੈਂ ਵੀ ਗਣਿਤ ਵਿਚ ਹੁਸ਼ਿਆਰ ਵਿਦਿਆਰਥੀਆਂ ਦੀ ਕਤਾਰ ਵਿਚ ਸ਼ਾਮਿਲ ਸੀ।
ਮਾਂ ਇਹ ਵੀ ਦੱਸਦੀ ਹੁੰਦੀ ਸੀ ਕਿ ਨਿੱਕੇ ਹੁੰਦੇ ਤੂੰ ਰੋਂਦਾ ਤਾਂ ਤੇਰੇ ਹੱਥ ਵਿਚ ‘ਛੁਣਕਣਾ’ ਦੇ ਦਿੰਦੀ। ਇਸ ਦੀ ਛੁਣ ਛੁਣ ਸੁਣ ਕੇ ਤੇਰੇ ਚਿਹਰੇ ਉੱਤੇ ਮੁਸਕਾਣ ਪਰਤ ਆਉਂਦੀ। ਤੂੰ ਖੇਡਣ ਲੱਗਦਾ ਤੇ ਮੈਂ ਸਾਰਾ ਕੰਮ ਮੁਕਾ ਲੈਂਦੀ। ਮੈਂ ਕਦੀ ਕਦੀ ਸੋਚਦਾ ਹਾਂ ਕਿ ਇਸ ਛੁਣਕਣੇ ਅਤੇ ਮੇਰੇ ਮਨ ਦਾ ਕੀ ਰਿਸ਼ਤਾ ਸੀ? ਸ਼ਾਇਦ ਮਨ ਪਰਚ ਜਾਂਦਾ ਸੀ! ਹੁਣ ਸਮਝ ਆ ਗਈ ਹੈ ਕਿ ਮਨ ਤਾਂ ਨਿੱਕੀ ਜਿਹੀ ਕੋਈ ਪ੍ਰਾਪਤੀ ਨਾਲ ਵੀ ਰਾਜ਼ੀ ਹੋ ਜਾਂਦਾ ਹੈ ਤੇ ਕਈ ਵਾਰ ਵੱਡੀਆਂ ਵੱਡੀਆਂ ਪ੍ਰਾਪਤੀਆਂ ਪਿਛੋਂ ਵੀ ਅਸੰਤੁਸ਼ਟ ਰਹਿੰਦਾ ਹੈ। ਮਨ ਰਾਜ਼ੀ ਹੈ ਤਾਂ ਅੜਿੱਕੇ ਫਿਰ ਕਾਹਦੇ? ਗੱਲ ਤਾਂ ਸਿਰਫ਼ ਮਨ ਦੀ ਅਥਾਹ ਸ਼ਕਤੀ ਨੂੰ ਸਮਝਣ, ਮਨ ਨੂੰ ਸਮਝਾਉਣ ਅਤੇ ਜਿੱਤਣ ਦੀ ਹੈ। ‘ਮਨਿ ਜੀਤੈ ਜਗੁ ਜੀਤੁ’। ਮਨ ਨੂੰ ਜਿੱਤਣਾ ਜੱਗ ਜਿੱਤਣ ਜਿਹਾ ਹੈ। ਮਨ ਦੀ ਜਿੱਤ ਨਾਲ ਹੀ ਸਦਾ ਚੜ੍ਹਦੀ ਕਲਾ ਹੈ।
ਸੰਪਰਕ: 94667-37933