ਪਿੰਡਾਂ ਵਿੱਚ ਸਿਆਸੀ ਧੜੇਬੰਦੀ ਖ਼ਤਮ ਕਰਨ ਦਾ ਹੋਕਾ
ਸੰਤੋਖ ਗਿੱਲ
ਗੁਰੂਸਰ ਸੁਧਾਰ, 29 ਸਤੰਬਰ
ਬਲਾਕ ਸੁਧਾਰ ਦੇ ਪਿੰਡ ਰਾਜੋਆਣਾ ਖ਼ੁਰਦ ਵਿੱਚ ‘ਪਿੰਡ ਬਚਾਓ-ਪੰਜਾਬ ਬਚਾਓ’ ਕਾਫ਼ਲੇ ਨੇ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ, ਵਿਕਾਸ ਅਤੇ ਹਰ ਤਰ੍ਹਾਂ ਦੇ ਫ਼ੈਸਲੇ ਕਰਨ ਵਾਲੀ ਮੁੱਢਲੀ ਅਤੇ ਤਾਕਤਵਰ ਸੰਸਥਾ ਗ੍ਰਾਮ ਸਭਾ ਨੂੰ ਸਰਗਰਮ ਕਰਨ ਲਈ ਪਿੰਡ ਦੀ ਸੱਥ ਵਿੱਚ ਸੁਨੇਹਾ ਦਿੱਤਾ। ਕਾਫ਼ਲੇ ਦੇ ਆਗੂ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਦਰਸ਼ਨ ਸਿੰਘ ਧਨੇਠਾ, ਕਰਨੈਲ ਸਿੰਘ ਜਖੇਪਲ ਅਤੇ ਪੱਤਰਕਾਰ ਅਰਸ਼ਦੀਪ ਅਰਸ਼ੀ ਨੇ ਕਿਹਾ ਕਿ ਜੇਕਰ ਸਰਪੰਚ ਅਸਲ ਵਿੱਚ ਗ੍ਰਾਮ ਸਭਾ ਰਾਹੀਂ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਉਹ ਸਹੀ ਮਾਅਨਿਆਂ ਵਿੱਚ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਹੈ। ਕਾਫ਼ਲੇ ਦੇ ਆਗੂਆਂ ਨੇ ਕਿਹਾ ਕਿ ਗਰਾਮ ਸਭਾਵਾਂ ਨੂੰ ਸਰਗਰਮ ਕਰਨ ਲਈ ਲੋਕਾਂ ਨੂੰ ਜਾਣਬੁੱਝ ਕੇ ਜਾਗਰੂਕ ਨਹੀਂ ਕੀਤਾ ਜਾਂਦਾ, ਇਸੇ ਕਾਰਨ ਪੰਜਾਬ ਵਿੱਚ 30 ਸਾਲ ਬਾਅਦ ਵੀ ਪੰਚਾਇਤੀ ਰਾਜ ਸੰਸਥਾਵਾਂ ਨੂੰ ਬਣਦਾ ਬਜਟ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਪਿੰਡ ਦੇ ਭਲੇ ਵਿੱਚ ਸਹਾਈ ਹੋ ਸਕਦਾ ਹੈ ਤੇ ਪਿੰਡ ਵਿੱਚ ਹੀ ਰੁਜ਼ਗਾਰ ਪੈਦਾ ਕਰ ਸਕਦਾ ਹੈ।