ਸੰਗਰੂਰ ਪੈਨਸ਼ਨ ਮੋਰਚੇ ’ਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਅਧਿਆਪਕ: ਡੀਟੀਐੱਫ
ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਸਤੰਬਰ
ਡੈਮੋਕਰੈਟਿਕ ਟੀਚਰਜ ਫਰੰਟ (ਡੀਟੀਐਫ) ਪੰਜਾਬ ਇਕਾਈ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਨੇ ਅੱਜ ਲੁਧਿਆਣਾ ਵਿੱਚ ਕੀਤੀ ਇਕੱਤਰਤਾ ਦੌਰਾਨ ਦੱਸਿਆ ਕਿ ਸੰਗਰੂਰ ਵਿੱਚ ਲੱਗ ਰਹੇ ਪੈਨਸ਼ਨ ਮੋਰਚੇ ਵਿੱਚ ਲੁਧਿਆਣਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਮੂਲੀਅਤ ਕਰਨਗੇ। ਅਧਿਆਪਕ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ, ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਆਪਣੇ ਚੋਣ ਵਾਅਦੇ ’ਤੇ ਅਮਲ ਕਰਨ ਤੇ ਸੂਬਾ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਹਿਤਾਂ ਦੀ ਰਾਖੀ ਕਰਨ ਵਿੱਚ ਮੁਕੰਮਲ ਤੌਰ ’ਤੇ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਢਾਈ ਸਾਲ ਬੀਤਣ ਦੇ ਬਾਵਜੂਦ ਕਿਸੇ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੁੱਲਿਆ ਬਲਕਿ ਨਵੀਆਂ ਭਰਤੀਆਂ ’ਤੇ ਐੱਨਪੀਐੱਸ ਸਕੀਮ ਲਾਗੂ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ 18 ਨਵੰਬਰ 2022 ਨੂੰ ਜਾਰੀ ਕੀਤਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਇੱਕ ਕਾਗਜ਼ੀ ਜੁਮਲਾ ਸਾਬਤ ਹੋਇਆ ਹੈ। ਇਸ ਨਾਕਾਮੀ ਦੇ ਰੋਸ ਵਜੋਂ ਪਹਿਲੀ ਤੋਂ 3 ਅਕਤੂਬਰ ਤੱਕ ਸੰਗਰੂਰ ’ਚ ‘ਪੈਨਸ਼ਨ ਪ੍ਰਾਪਤੀ ਮੋਰਚਾ’ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਟੀਐੱਫ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਮੋਰਚੇ ਦਾ ਪੂਰਨ ਸਮਰਥਨ ਕੀਤਾ ਜਾਵੇਗਾ।