For the best experience, open
https://m.punjabitribuneonline.com
on your mobile browser.
Advertisement

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

08:25 PM Jun 23, 2023 IST
ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ
Advertisement

ਨਵੀਂ ਦਿੱਲੀ, 9 ਜੂਨ

Advertisement

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਤੇਜ਼ ਕਰਦਿਆਂ ਦਿੱਲੀ ਪੁਲੀਸ ਇੱਕ ਮਹਿਲਾ ਪਹਿਲਵਾਨ ਨੂੰ ਉਸ ਦੇ ਦਫ਼ਤਰ ਲੈ ਗਈ ਤਾਂ ਜੋ ਉਨ੍ਹਾਂ ਘਟਨਾਵਾਂ ਦਾ ਦ੍ਰਿਸ਼ ਮੁੜ ਰਚਿਆ ਜਾ ਸਕੇ ਜਿਨ੍ਹਾਂ ਤਹਿਤ ਜਿਨਸੀ ਛੇੜਛਾੜ ਦੀ ਘਟਨਾ ਹੋਈ ਸੀ। ਬ੍ਰਿਜ ਭੂਸ਼ਨ ਦੀ ਸਰਕਾਰੀ ਰਿਹਾਇਸ਼ ‘ਚ ਹੀ ਡਬਲਿਊਐੱਫਆਈ ਦਾ ਦਫ਼ਤਰ ਵੀ ਹੈ।

ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇੱਕ ਮਹਿਲਾ ਪੁਲੀਸ ਮੁਲਾਜ਼ਮ ਨਾਲ ਪਹਿਲਵਾਨ ਨੂੰ ਤਕਰੀਬਨ 1.30 ਵਜੇ ਡਬਲਿਊਐੱਫਆਈ ਦੇ ਦਫਤਰ ਲਿਜਾਇਆ ਗਿਆ। ਉਨ੍ਹਾਂ ਕਿਹਾ, ‘ਉਹ ਤਕਰੀਬਨ ਅੱਧਾ ਘੰਟਾ ਉੱਥੇ ਰੁਕੇ। ਉਨ੍ਹਾਂ ਪਹਿਲਵਾਨ ਨੂੰ ਉਹ ਘਟਨਾਵਾਂ ਨੂੰ ਦੁਹਰਾਉਣ ਅਤੇ ਉਹ ਥਾਵਾਂ ਯਾਦ ਕਰਨ ਲਈ ਕਿਹਾ ਜਿੱਥੇ ਛੇੜਛਾੜ ਹੋਈ ਸੀ।’ ਪੁਲੀਸ ਦੇ ਜਾਂਦਿਆਂ ਹੀ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਪਹਿਲਵਾਨ ਵਿਨੇਸ਼ ਫੋਗਾਟ ਨੇ ਟਵੀਟ ਕਰਕੇ ਉਨ੍ਹਾਂ ਮੀਡੀਆ ਰਿਪੋਰਟਾਂ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਪਹਿਲਵਾਨ ਸਮਝੌਤੇ ਲਈ ਡਬਲਿਊਐੱਫਆਈ ਦੇ ਦਫ਼ਤਰ ਪਹੁੰਚੇ ਹਨ। ਉਨ੍ਹਾਂ ਕਿਹਾ, ‘ਇਹ ਬ੍ਰਿਜਭੂਸ਼ਨ ਦੀ ਤਾਕਤ ਹੈ। ਉਹ ਆਪਣੇ ਜ਼ੋਰ, ਸਿਆਸੀ ਤਾਕਤ ਤੇ ਝੂਠ ਦੇ ਦਮ ‘ਤੇ ਮਹਿਲਾ ਪਹਿਲਵਾਨਾਂ ਨੂੰ ਪ੍ਰੇਸ਼ਾਨ ਕਰਨ ‘ਚ ਲੱਗਾ ਹੋਇਆ ਹੈ। ਇਸ ਲਈ ਉਸ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ। ਪੁਲੀਸ ਸਾਨੂੰ ਤੋੜਨ ਦੀ ਥਾਂ ਉਸ ਨੂੰ ਗ੍ਰਿਫ਼ਤਾਰ ਕਰੇ ਤਾਂ ਇਨਸਾਫ ਦੀ ਉਮੀਦ ਹੈ, ਨਹੀਂ ਤਾਂ ਨਹੀਂ ਹੈ।’ ਉਸ ਨੇ ਅੱਗੇ ਲਿਖਿਆ, ‘ਮਹਿਲਾ ਪਹਿਲਵਾਨ ਪੁਲੀਸ ਜਾਂਚ ਲਈ ਘਟਨਾ ਸਥਾਨ ‘ਤੇ ਗਈ ਸੀ ਪਰ ਮੀਡੀਆ ‘ਚ ਚਲਾਇਆ ਗਿਆ ਕਿ ਉਹ ਸਮਝੌਤਾ ਕਰਨ ਗਈ ਹੈ।’ ਬਜਰੰਗ ਪੂਨੀਆ ਨੇ ਵੀ ਇਹੀ ਟਵੀਟ ਕੀਤਾ ਹੈ। ਇਸੇ ਦੌਰਾਨ ਦਿੱਲੀ ਕਾਂਗਰਸ ਨੇ ਕਿਹਾ ਹੈ ਕਿ ਉਹ ਮਹਿਲਾ ਪਹਿਲਵਾਨਾਂ ਦੇ ਹੱਕ ‘ਚ 11 ਜੂਨ ਨੂੰ ਚੌਪਾਲ ਮੀਟਿੰਗਾਂ ਕਰੇਗੀ। -ਪੀਟੀਆਈ

ਪ੍ਰਦਰਸ਼ਨਕਾਰੀ ਪਹਿਲਵਾਨਾਂ ਖ਼ਿਲਾਫ਼ ਨਫਰਤੀ ਭਾਸ਼ਣ ਦਾ ਕੇਸ ਨਹੀਂ: ਦਿੱਲੀ ਪੁਲੀਸ

ਦਿੱਲੀ ਪੁਲੀਸ ਨੇ ਅੱਜ ਇੱਥੇ ਵਧੀਕ ਮੁੱਖ ਮੈਟਰੋਪੋਲੀਟਨ ਜੱਜ ਅਨਾਮਿਕਾ ਦੀ ਅਦਾਲਤ ‘ਚ ਕਾਰਵਾਈ ਰਿਪੋਰਟ ਦਾਇਰ ਕਰਕੇ ਦੱਸਿਆ ਕਿ ਬ੍ਰਿਜਭੂਸ਼ਨ ਖ਼ਿਲਾਫ਼ ਜੰਤਰ-ਮੰਤਰ ‘ਤੇ ਧਰਨਾ ਦੇਣ ਵਾਲੇ ਪਹਿਲਵਾਨਾਂ ਖ਼ਿਲਾਫ਼ ਨਫਰਤੀ ਭਾਸ਼ਣ ਦਾ ਕੋਈ ਕੇਸ ਨਹੀਂ ਬਣਦਾ। ਅਦਾਲਤ ਵੱਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਸਬੰਧੀ ਪਟੀਸ਼ਨ ‘ਤੇ ਸੁਣਵਾਈ ਕੀਤੀ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਮੁਹੱਈਆ ਕੀਤੀ ਗਈ ਵੀਡੀਓ ‘ਚ ਕੁਝ ਅਣਪਛਾਣੇ ਸਿੱਖ ਪ੍ਰਦਰਸ਼ਨਕਾਰੀ ਨਾਅਰੇ ਮਾਰਦੇ ਦਿਖਾਈ ਦੇ ਰਹੇ ਹਨ ਜਦਕਿ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਤੇ ਹੋਰ ਇਸ ਵੀਡੀਓ ‘ਚ ਨਾਅਰੇ ਨਹੀਂ ਮਾਰਦੇ ਨਜ਼ਰ ਨਹੀਂ ਆ ਰਹੇ। ਅਦਾਲਤ ਵੱਲੋਂ ਪਟੀਸ਼ਨ ‘ਤੇ ਅਗਲੀ ਸੁਣਵਾਈ ਸੱਤ ਜੁਲਾਈ ਨੂੰ ਕੀਤੀ ਜਾਵੇਗੀ।

ਦੋਸ਼ ਪੱਤਰ ਦਾਇਰ ਹੋਣ ਮਗਰੋਂ ਕੁਝ ਕਹਾਂਗਾ: ਬ੍ਰਿਜ ਭੂਸ਼ਨ

ਨਵੀਂ ਦਿੱਲੀ: ਨਾਬਾਲਗ ਮਹਿਲਾ ਪਹਿਲਵਾਨ ਦੇ ਪਿਤਾ ਇਹ ਕਹੇ ਜਾਣ ਕਿ ਉਸ ਨੇ ਬਦਲਾ ਲੈਣ ਲਈ ਪੋਕਸੋ ਐਕਟ ਤਹਿਤ ਸ਼ਿਕਾਇਤ ਦਿੱਤੀ ਸੀ, ਬਾਰੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਾਰਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਸਰਕਾਰ ਨੇ ਵੀ ਭਰੋਸਾ ਦਿੱਤਾ ਹੈ ਕਿ 15 ਜੂਨ ਤੱਕ ਦੋਸ਼ ਪੱਤਰ ਦਾਇਰ ਕਰ ਦਿੱਤਾ ਜਾਵੇਗਾ। ਦੋਸ਼ ਪੱਤਰ ਦਾਇਰ ਹੋ ਲੈਣ ਦਿਉ। ਮੈਨੂੰ ਨਹੀਂ ਲੱਗਾ ਕਿ ਇਸ ਸਮੇਂ ਕੁਝ ਕਹਿਣਾ ਚਾਹੀਦਾ ਹੈ।’ -ਏਐੱਨਆਈ

ਬ੍ਰਿਜ ਭੂਸ਼ਨ ਦੇ ਮਾੜੇ ਵਤੀਰੇ ਦੀ ਕੌਮਾਂਤਰੀ ਰੈਫਰੀ ਵੱਲੋਂ ਗਵਾਹੀ

ਨਵੀਂ ਦਿੱਲੀ: ਕੌਮਾਂਤਰੀ ਰੈਫਰੀ ਜਗਬੀਰ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਨੇ 2013 ਤੋਂ ਬਾਅਦ ਕਈ ਮੌਕਿਆਂ ‘ਤੇ ਮਹਿਲਾ ਪਹਿਲਵਾਨਾਂ ਪ੍ਰਤੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਗਲਤ ਵਤੀਰਾ ਦੇਖਿਆ ਹੈ। ਉਨ੍ਹਾਂ ਕਿਹਾ, ‘ਮੈਂ 2007 ਤੋਂ ਯੂਡਬਲਿਊਡਬਲਿਊ ਦਾ ਰੈਫਰੀ ਹਾਂ ਅਤੇ ਮੁਜ਼ਾਹਰਾਕਾਰੀ ਪਹਿਲਵਾਨਾਂ ਦੇ ਜਨਮ ਤੋਂ ਪਹਿਲਾਂ ਰੈਫਰਿੰਗ ਕਰ ਰਿਹਾ ਹਾਂ। ਮੈਂ ਬ੍ਰਿਜ ਭੂਸ਼ਨ ਨੂੰ ਲੰਮੇ ਸਮੇਂ ਤੋਂ ਜਾਣਦਾ ਹਾਂ।’ ਉਨ੍ਹਾਂ ਕਿਹਾ, ‘ਉਸ ਦੇ ਪ੍ਰਧਾਨ ਬਣਨ ਮਗਰੋਂ 2013 ‘ਚ ਕਜ਼ਾਖਸਤਾਨ ਦੇ ਦੂਜੇ ਦੌਰੇ ‘ਤੇ ਉਸ ਨੇ ਸਾਨੂੰ ਕਿਹਾ ਕਿ ਮੈਂ ਅੱਜ ਭਾਰਤੀ ਖਾਣਾ ਖੁਆਵਾਂਗਾ ਅਤੇ ਜੂਨੀਅਰ ਪਹਿਲਵਾਨਾਂ ਦੇ ਹੋਟਲ ‘ਚ ਪਾਰਟੀ ਰੱਖੀ।’ ਉਨ੍ਹਾਂ ਕਿਹਾ, ‘ਬ੍ਰਿਜ ਭੂਸ਼ਨ ਤੇ ਉਸ ਦੇ ਥਾਈਲੈਂਡ ਦੇ ਸਾਥੀ ਨਸ਼ੇ ‘ਚ ਧੁੱਤ ਸਨ ਤੇ ਉਨ੍ਹਾਂ ਲੜਕੀਆਂ ਨਾਲ ਬਦਸਲੂਕੀ ਕੀਤੀ। ਮੈਂ ਇਹ ਆਪਣੀਆਂ ਅੱਖਾਂ ਨਾਲ ਦੇਖਿਆ ਹੈ।’ ਜਗਬੀਰ ਨੇ ਕਿਹਾ, ‘ਸਾਲ 2022 ‘ਚ ਮੈਂ ਕੁਝ ਦੇਖਿਆ। ਜਦੋਂ ਵੀ ਬ੍ਰਿਜਭੂਸ਼ਨ ਕੌਮੀ ਟੂਰਨਾਮੈਂਟਾਂ ਲਈ ਦੇਸ਼ ‘ਚ ਯਾਤਰਾ ਕਰਦਾ ਤਾਂ ਦੋ ਜਾਂ ਤਿੰਨ ਲੜਕੀਆਂ ਉਸ ਦੇ ਨਾਲ ਰਹਿੰਦੀਆਂ ਪਰ ਅਸੀਂ ਕਦੀ ਵਿਰੋਧ ਨਹੀਂ ਕਰ ਸਕੇ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ।’ ਜਗਬੀਰ ਦਿੱਲੀ ਪੁਲੀਸ ਸਾਹਮਣੇ ਵੀ ਕਹਿ ਚੁੱਕੇ ਹਨ ਕਿ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਦੋਸ਼ ਸਹੀ ਹਨ। ਬ੍ਰਿਜ ਭੂਸ਼ਨ ਵੱਲੋਂ ਦੋਸ਼ ਨਕਾਰੇ ਜਾਣ ਬਾਰੇ ਉਨ੍ਹਾਂ ਕਿਹਾ, ‘ਕੀ ਕਦੀ ਕੋਈ ਚੋਰ ਵੀ ਕਹਿੰਦਾ ਹੈ ਕਿ ਉਸ ਨੇ ਚੋਰੀ ਕੀਤੀ ਹੈ। ਹਰ ਦੋਸ਼ੀ ਅਜਿਹੇ ਹੀ ਬਹਾਨੇ ਬਣਾਉਂਦਾ ਹੈ।’ ਉਨ੍ਹਾਂ ਨਾਬਾਲਗ ਪਹਿਲਵਾਨ ਦੇ ਪਿਤਾ ਦੇ ਯੂ-ਟਰਨ ਲੈਣ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, ’25 ਮਾਰਚ 2022 ਨੂੰ ਫੋਟੋ ਖਿਚਵਾਉਣ ਸਮੇਂ ਇੱਕ ਲੜਕੀ ਪ੍ਰਧਾਨ ਕੋਲ ਖੜ੍ਹੀ ਸੀ ਪਰ ਅਚਾਨਕ ਅਸਹਿਜ ਹੋ ਕੇ ਉੱਥੋਂ ਚਲੀ ਗਈ ਸੀ।’ -ਪੀਟੀਆਈ

Advertisement
Advertisement
Advertisement
×