ਪੁਲੀਸ ਨੇ ਮਹਿਲਾ ਦੀ ਮੌਤ ਦੀ ਗੁੱਥੀ ਸੁਲਝਾਈ
ਸ਼ਗਨ ਕਟਾਰੀਆ
ਬਠਿੰਡਾ, 2 ਦਸੰਬਰ
ਬਠਿੰਡਾ ਪੁਲੀਸ ਨੇ 29-30 ਨਵੰਬਰ ਦੀ ਦਰਮਿਆਨੀ ਰਾਤ ਨੂੰ ਮਿਲੀ ਔਰਤ ਦੀ ਲਾਸ਼ ਦਾ ਮਾਮਲਾ ਚੌਵੀ ਘੰਟਿਆਂ ’ਚ ਹੱਲ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬਠਿੰਡਾ (ਦਿਹਾਤੀ) ਦੇ ਡੀਐੱਸਪੀ ਹਿਨਾ ਗੁਪਤਾ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਥਾਣਾ ਸਦਰ ਬਠਿੰਡਾ ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ-ਮਲੋਟ ਸੜਕ ’ਤੇ ਪਿੰਡ ਬਹਿਮਣ ਦਿਵਾਨਾ ਦੀ ਹੱਦ ਅੰਦਰ ਖੇਤਾਂ ’ਚ ਤਕਰੀਬਨ 35 ਸਾਲ ਉਮਰ ਦੀ ਇੱਕ ਔਰਤ ਦੀ ਲਾਸ਼ ਪਈ ਹੈ। ਮਹਿਲਾ ਦੀ ਪਛਾਣ ਰਮਨਦੀਪ ਕੌਰ ਉਰਫ਼ ਸਰਬਜੀਤ ਕੌਰ ਪਤਨੀ ਜਗਮੇਲ ਸਿੰਘ ਵਾਸੀ ਪਿੰਡ ਕੋਟਭਾਈ ਵਜੋਂ ਹੋਈ। ਰਮਨਦੀਪ ਕੌਰ ਬਠਿੰਡਾ ਦੀ ਭੱਟੀ ਰੋਡ ’ਤੇ ਇੱਕ ਪ੍ਰਾਈਵੇਟ ਹਸਪਤਾਲ ’ਚ ਸਾਫ਼-ਸਫ਼ਾਈ ਦਾ ਕੰਮ ਕਰਦੀ ਸੀ। ਬਿਆਨ ਅਨੁਸਾਰ 29 ਨਵੰਬਰ ਨੂੰ ਉਹ ਕੰਮ ਤੋਂ ਘਰ ਵਾਪਸ ਨਾ ਆਈ। ਪੁਲੀਸ ਟੀਮ ਨੇ ਨੇ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਵਾਸੀ ਗਿੱਲ ਕਲਾਂ ਨੂੰ ਕਥਿਤ ਕਤਲ ਕਰਨ ਦੇ ਦੋਸ਼ਾਂ ਤਹਿਤ 1 ਦਸਬੰਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਤੋਂ ਪੁੱਛ ਪੜਤਾਲ ਲਈ ਦੋ ਦਿਨਾਂ ਦਾ ਰਿਮਾਂਡ ਲਿਆ ਗਿਆ ਹੈ। ਦੱਸਣ ਅਨੁਸਾਰ ਮਨਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਦੇ ਪ੍ਰੇਮ ਸਬੰਧ ਸਨ। ਮਨਪ੍ਰੀਤ ਸਿੰਘ ਨੂੰ ਸ਼ੱਕ ਸੀ ਕਿ ਰਮਨਦੀਪ ਕਿਸੇ ਹੋਰ ਨਾਲ ਸਬੰਧ ਬਣਾਉਣ ਦੇ ਚੱਕਰ ’ਚ ਹੈ, ਜਿਸ ਤੋਂ ਗੁੱਸੇ ’ਚ ਆ ਕੇ ਉਸ ਨੇ ਇਸ ਕਤਲ ਨੂੰ ਅੰਜ਼ਾਮ ਦਿੱਤਾ।