ਪੁਲੀਸ ਨੇ ਨੌਜਵਾਨਾਂ ਦੇ ਹਾਕੀ ਤੇ ਬਾਸਕਟਬਾਲ ਮੈਚ ਕਰਵਾਏ
ਜਸਵੰਤ ਜੱਸ
ਫਰੀਦਕੋਟ, 21 ਜੂਨ
ਜ਼ਿਲ੍ਹਾ ਪੁਲੀਸ ਨੇ ਨਹਿਰੂ ਸਟੇਡੀਅਮ ਅਤੇ ਹਾਕੀ ਐਸਟਰੋਟਰਫ ਵਿੱਚ ਨੌਜਵਾਨਾਂ ਦੇ ਬਾਸਕਟਬਾਲ ਅਤੇ ਹਾਕੀ ਦੇ ਮੈਚ ਕਰਵਾਏ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਜਿਲੇ ਦੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਖੇਡਾਂ ਵਿੱਚ ਭਾਗ ਲੈਣ ਅਤੇ ਹੋਰ ਹੁਨਰਮੰਦ ਕਿੱਤਿਆਂ ਨਾਲ ਜੋੜਨ ਲਈ ਮਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਬਾਸਕਟਬਾਲ ਅਤੇ ਹਾਕੀ ਦੀਆਂ ਟੀਮਾਂ ਬਣਾ ਕੇ ਨੌਜਵਾਨਾਂ ਦੇ ਮੈਚ ਕਰਵਾਏ ਗਏ ਹਨ ਅਤੇ ਮੈਚ ਜਿੱਤਣ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ ਹਨ। ਜਿਹੜੇ ਨੌਜਵਾਨ ਖੇਡਾਂ ਵਿੱਚ ਹਿੱਸਾ ਲੈਣਗੇ ਉਨ੍ਹਾਂ ਨੂੰ ਖੇਡ ਕਿੱਟਾਂ, ਖੁਰਾਕ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਪੰਜਾਬ ਸਰਕਾਰ ਮੁਹੱਈਆ ਕਰਵਾਵੇਗੀ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫਰੀਦਕੋਟ ਸ਼ਹਿਰ ਅਤੇ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਖੇਡਾਂ ਲਈ ਸਟੇਡੀਅਮ ਹਨ ਅਤੇ ਜਿਨ੍ਹਾਂ ਪਿੰਡਾਂ ਵਿੱਚ ਸਟੇਡੀਅਮ ਅਤੇ ਖੇਡ ਗਰਾਊਂਡਾਂ ਦੀ ਘਾਟ ਹੈ, ਉਨ੍ਹਾਂ ਨੂੰ ਤੁਰੰਤ ਪੂਰਾ ਕਰ ਦਿੱਤਾ ਜਾਵੇਗਾ।