ਪੁਲੀਸ ਨੇ ਭੀਡ਼-ਭਡ਼ੱਕੇ ਵਾਲੀਆਂ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਜੁਲਾਈ
ਪੁਲੀਸ ਨੇ ਅੱਜ ਰੇਲਵੇ ਸਟੇਸ਼ਨ, ਬੱਸ ਅੱਡਾ ਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਅਚਨਚੇਤ ਚੈਕਿੰਗ ਕੀਤੀ। ਇਹ ਜਾਂਚ ਮੁਹਿੰਮ ਲਗਭੱਗ 8 ਘੰਟੇ ਚੱਲੀ। ਕਮਿਸ਼ਨਰੇਟ ਪੁਲਿਸ ਵਲੋਂ ਇਸ ਸੰਬੰਧ ਵਿਚ ਵੱਖ-ਵੱਖ ਥਾਣਿਆਂ ਦੀ ਪੁਲੀਸ ਸਮੇਤ ਵੱਖ-ਵੱਖ ਥਾਵਾਂ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ। ਜਨਤਕ ਥਾਵਾਂ ਵਿੱਚ ਰੇਲਵੇ ਸਟੇਸ਼ਨ ਅਤੇ ਬੱਸ ਅੱਡਾ ਵਿਸ਼ੇਸ਼ ਸਨ। ਇਹਨਾਂ ਤੋਂ ਇਲਾਵਾ ਹੋਟਲ , ਧਰਮਸ਼ਾਲਾ ਅਤੇ ਸਰਾਂਵਾਂ ਦੀ ਵੀ ਚੈਕਿੰਗ ਕੀਤੀ ਗਈ। ਜਿੱਥੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛ-ਗਿੱਛ ਕੀਤੀ ਗਈ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਵੀ ਕੀਤੀ ਗਈ। ਪੁਲੀਸ ਕਮਿਸ਼ਨਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਜੀਪੀ ਦੀ ਹਦਾਇਤਾਂ ਤੇ ਨਸ਼ਾ ਤਸਕਰ ਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਦੇ ਮੰਤਵ ਨਾਲ ਇਹ ‘ਕੌਰਡਨ ਅਤੇ ਸਰਚ ਓਪਰੇਸ਼ਨ -2‘ ਚਲਾਇਆ ਗਿਆ ਹੈ। ਉਹਨਾਂ ਦੱਸਿਆ ਕਿ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਦੀ ਨਿਗਰਾਨੀ ਹੇਠ ਪੁਲੀਸ ਵੱਲੋਂ ਰੇਲਵੇ ਸਟੇਸ਼ਨ , ਬੱਸ ਅੱਡਾ ਵਿੱਖੇ ਵਿਸ਼ੇਸ਼ ਜਾਂਚ ਕੀਤੀ ਗਈ, ਸੰਵੇਦਨਸ਼ੀਲ ਇਲਾਕਿਆਂ ਅਤੇ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ।
ਫਗਵਾੜਾ (ਪੱਤਰ ਪ੍ਰੇਰਕ): ਫਗਵਾੜਾ ਪੁਲੀਸ ਵਲੋਂ ਅੱਜ ਇੱਕ ਸਪੈਸ਼ਲ ਚੈਕਿੰਗ ਅਪ੍ਰੇਸ਼ਨ ਐਸ.ਪੀ. ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਚਲਾਇਆ ਗਿਆ ਜਿਸ ਤਹਿਤ ਬੱਸ ਸਟੈਂਡ, ਰੇਲਵੇ ਸਟੇਸ਼ਨ, ਪਾਰਕਿੰਗਾ ਤੇ ਹੋਰ ਥਾਵਾਂ ਦੀ ਪੁਲੀਸ ਵਲੋਂ ਚੈਕਿੰਗ ਕੀਤੀ ਹੈ। ਜਾਣਕਾਰੀ ਦਿੰਦਿਆ ਐਸ.ਪੀ. ਨੇ ਦੱਸਿਆ ਕਿ ਅੱਜ ਇੱਕ ਵਿਸ਼ੇਸ਼ ਅਪ੍ਰੇਸ਼ਨ ਚਲਾਇਆ ਗਿਆ ਸੀ ਜਿਸ ਤਹਿਤ ਇਹ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਵੱਖ ਵੱਖ ਥਾਵਾਂ ਤੋਂ ਤਿੰਨ ਸ਼ੱਕੀ ਵਹੀਕਲ ਵੀ ਕਬਜ਼ੇ ’ਚ ਲਏ ਗਏ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਪਾਰਕਿੰਗ ਵਾਲਿਆਂ ਨੂੰ ਵੀ ਹਦਾਇਤਾ ਕੀਤੀਆਂ ਕਿ ਜੇਕਰ ਕੋਈ ਵੀ ਵਹੀਕਲ ਜ਼ਿਆਦਾ ਦਿਨ ਤੱਕ ਲੈਣ ਨਹੀਂ ਆਉਂਦਾ ਤਾਂ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਸ਼ਾਂਤੀ ਕਾਇਮ ਰੱਖਣ ਤੇ ਜੇਕਰ ਕੋਈ ਵੀ ਜਾਣਕਾਰੀ ਹੋਵੇ ਤਾਂ ਬਿਨ੍ਹਾਂ ਕਿਸੇ ਡਰ ਤੋਂ ਪੁਲੀਸ ਨਾਲ ਸਾਂਝੀ ਕਰਨ। ਇਸ ਮੌਕੇ ਡੀ.ਐਸ.ਪੀ. ਜਸਪ੍ਰੀਤ ਸਿੰਘ, ਐਸ.ਐਚ.ਓ ਸਿਟੀ ਅਮਨਦੀਪ ਨਾਹਰ, ਐਸ.ਐਚ.ਓ ਸਦਰ ਸੁਰਜੀਤ ਸਿੰਘ, ਐਸ.ਐਚ.ਓ ਟ੍ਰੈਫ਼ਿਕ ਅਮਨ ਕੁਮਾਰ ਵੀ ਸ਼ਾਮਿਲ ਸਨ।
ਬਟਾਲਾ (ਖੇਤਰੀ ਪ੍ਰਤੀਨਿਧ): ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ ਬਟਾਲਾ ਵਿੱਚ ‘ਓਪਰੇਸ਼ਨ ਵਿਜ਼ਲ-2’ ਤਹਿਤ ਐਸਐਸਪੀ ਬਟਾਲਾ ਮੈਡਮ ਅਸ਼ਵਿਨੀ ਗੋਟਿਆਲ ਦੀ ਅਗਵਾਈ ਵਿੱਚ ਵੱਖ-ਵੱਖ ਥਾਂਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬਟਾਲਾ ਪੁਲੀਸ ਦੇ ਉੱਚ ਅਧਿਕਾਰੀ, ਸਾਰੇ ਥਾਣਾ ਮੁਖੀ, ਚੌਂਕੀ ਇੰਚਾਰਜ ਅਤੇ ਹੋਰ ਪੁਲੀਸ ਕਰਮਚਾਰੀ ਸ਼ਾਮਿਲ ਹੋਏ। ਐਸਐਸਪੀ ਨੇ ਕਿਹਾ ਕਿ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦਾ ਮਕਸਦ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਨਕਾਬਪੋਸ਼ ਵਿਅਕਤੀ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਜ਼ਿਲ੍ਹਾ ਬਟਾਲਾ ਦੀ ਹਰ ਸਬ ਡਵੀਜ਼ਨ ਪੱਧਰ ’ਤੇ ਡੀਐਸਪੀਜ਼ ਦੀ ਅਗਵਾਈ ਵਿੱਚ ਭੀੜ-ਭੜੱਕੇ ਵਾਲੀਆਂ ਥਾਂਵਾਂ ’ਤੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਐਸਐਸਪੀ ਨੇ ਕਿਹਾ ਕਿ ਅਜਿਹੇ ਓਪਰੇਸ਼ਨ ਜਨਤਾ ਦੀ ਭਲਾਈ ਲਈ ਕੀਤੇ ਜਾਂਦੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਇਸ ਦਾ ਵੱਡਾ ਅਸਰ ਪੈਂਦਾ ਹੈ ਅਤੇ ਇਸ ਦੇ ਸਕਾਰਾਤਮਕ ਨਤੀਜੇ ਪ੍ਰਾਪਤ ਹੁੰਦੇ ਹਨ। ਇਸ ਦੌਰਾਨ ਪੁਲੀਸ ਵੱਲੋਂ ਬੱਸ ਅੱਡਾ, ਰੇਲਵੇ ਸਟੇਸ਼ਨ, ਗਾਂਧੀ ਕੈਂਪ ਅਤੇ ਹੋਰ ਸਲੱਮ ਏਰੀਆ ਵਿੱਚ ਤਲਾਸ਼ੀ ਲਈ ਗਈ। ਇਸ ਮੌਕੇ ਡੀਐਸਪੀ ਸਿਟੀ ਲਲਿਤ ਸ਼ਰਮਾ, ਥਾਣਾ ਸਿਟੀ ਮੁਖੀ ਮਨਬੀਰ ਸਿੰਘ ਅਤੇ ਥਾਣਾ ਸਿਵਲ ਲਾਈਨਜ਼ ਦੇ ਮੁਖੀ ਕੁਲਵੰਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਜਲੰਧਰ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਵਿਅਕਤੀ ਤੋਂ ਮਿਲੇ 5.61 ਲੱਖ ਰੁਪਏ
ਜਲੰਧਰ (ਪੱਤਰ ਪ੍ਰੇਰਕ): ਇਗਲ ਸਰਚ 3 ਮੁਹਿੰਮ ਤਹਿਤ ਇਥੋਂ ਦੀ ਕਮਿਸ਼ਨਰੇਟ ਪੁਲੀਸ ਵਲੋਂ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਨਿਗਰਾਨੀ ਹੇਠ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ 20 ਜਨਤਕ ਥਾਂਵਾਂ ’ਤੇ ਚੈਕਿੰਗ ਮੁਹਿੰਮ ਚਲਾਈ। ਇਸ ਦੀ ਕਮਾਂਡ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਖੁਦ ਸੰਭਾਲੀ। ਪੁਲੀਸ ਪਾਰਟੀਆਂ ਵਲੋਂ ਸੁਰੱਖਿਆ ਨੂੰ ਲੈ ਕੇ ਹਰ ਆਉਣ-ਜਾਣ ਵਾਲੇ ਵਿਅਕਤੀ ’ਤੇ ਨਜ਼ਰ ਰੱਖੀ ਗਈ ਅਤੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ। ਇਸੇ ਦੌਰਾਨ ਰੇਲਵੇ ਸਟੇਸ਼ਨ ’ਤੇ ਚਲਾਈ ਤਲਾਸ਼ੀ ਮੁਹਿੰਮ ਤਹਿਤ ਚਰਨਜੀਤ ਸਿੰਘ ਨਾਮਕ ਵਿਅਕਤੀ ਦੇ ਬੈਗ ਵਿਚੋਂ 5.61 ਲੱਖ ਰੁਪਏ ਮਿਲੇ ਜਿਸ ਨੂੰ ਪੁਲੀਸ ਪੁੱਛਗਿੱਛ ਲਈ ਪੁਲੀਸ ਸਟੇਸ਼ਨ ਨਵੀਂ ਬਾਰਾਂਦਰੀ ਲੈ ਕੇ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਚਰਨਜੀਤ ਸਿੰਘ ਪਾਸੋਂ ਬਰਾਮਦ ਹੋਈ ਨਗਦੀ ਬਾਰੇ ਜਾਂਚ ਕੀਤੀ ਜਾਵੇਗੀ ਤੇ ਇਸ ਦੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਵੀ ਦਿੱਤੀ ਜਾਵੇਗੀ ਤਾਂ ਜੋ ਨਗਦੀ ਬਾਰੇ ਚੰਗੀ ਤਰ੍ਹਾਂ ਜਾਂਚ ਹੋ ਸੱਕੇ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਇਹ ਮੁਹਿੰਮ ਸਾਰੇ ਪੰਜਾਬ ਵਿਚ ਚਲਾਈ ਗਈ ਸੀ ਤਾਂ ਜੋ ਦੇਸ਼ ਅਤੇ ਸਮਾਜ ਵਿਰੋਧੀ ਵਿਅਕਤੀਆਂ ਬਾਰੇ ਪਤਾ ਲਗਾਇਆ ਜਾ ਸਕੇ।