For the best experience, open
https://m.punjabitribuneonline.com
on your mobile browser.
Advertisement

ਹਿੰਦੂ-ਸਿੱਖ ਏਕੇ ਦੇ ਮੁਦੱਈ ਸਨ ਸੰਤ ਹਰਚੰਦ ਸਿੰਘ ਲੋਂਗੋਵਾਲ

06:04 AM Aug 20, 2024 IST
ਹਿੰਦੂ ਸਿੱਖ ਏਕੇ ਦੇ ਮੁਦੱਈ ਸਨ ਸੰਤ ਹਰਚੰਦ ਸਿੰਘ ਲੋਂਗੋਵਾਲ
Advertisement

ਸੀ. ਮਾਰਕੰਡਾ

ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਹਿੰਦੂ-ਸਿੱਖ ਏਕਤਾ ਅਤੇ ਦੇਸ਼ ਦੀ ਅਖੰਡਤਾ ਲਈ ਪ੍ਰਤੀਬੱਧਤਾ ਹੀ ਨਹੀਂ ਪ੍ਰਗਟਾਈ ਸਗੋਂ ਸੂਰਬੀਰਾਂ ਦੀ ਧਰਤੀ ਲੌਂਗੋਵਾਲ ਦੇ ਸ਼ਹੀਦਾਂ ਦੀ ਪਾਲ ਨੂੰ ਹੋਰ ਲੰਮੇਰੀ ਵੀ ਕੀਤਾ। ਰਿਆਸਤ ਪਟਿਆਲਾ ਦੇ ਪਿੰਡ ਗਿਦੜਿਆਣੀ ਵਿਚ ਭਾਈ ਮਨਸ਼ਾ ਸਿੰਘ ਦੇ ਘਰ 2 ਜਨਵਰੀ 1932 ਨੂੰ ਜਨਮੇ ਇਸ ਬਾਲਕ ਨੇ ਆਪਣੀ ਮਾਤਾ ਬੀਬੀ ਮਾਨ ਕੌਰ ਤੋਂ ਭਗਤੀ ਤੇ ਸ਼ਕਤੀ ਦੀ ਪ੍ਰੇਰਨਾ ਲੈ ਕੇ ਮਾਨਵਤਾ ਦੀ ਸੇਵਾ ਦਾ ਗੁਰ ਹਾਸਲ ਕੀਤਾ।
ਸ਼ੁਰੂ ਤੋਂ ਹੀ ਸੰਤ ਸੁਭਾਅ ਅਤੇ ਜ਼ਾਬਤੇ ਵਾਲੀ ਜੀਵਨ ਸ਼ੈਲੀ ਨੇ ਇਸ ਬਾਲਕ ਨੂੰ ਨਿਵੇਕਲਾ ਬਣਾ ਦਿੱਤਾ। ਅਕਾਦਮਿਕ ਸਿੱਖਿਆ ਤੋਂ ਊਣੇ ਹਰਚੰਦ ਸਿੰਘ ਨੂੰ ਆਪਣੇ ਪਿੰਡ ਦੇ ਭਾਈ ਜੀ ਤੋਂ ਹੀ ਗੁਰਮੁਖੀ ਅੱਖਰ ਤੇ ਸ਼ਬਦ ਪਛਾਣਨ ਦਾ ਵੱਲ ਸਿਖਿਆ। ਉਨ੍ਹਾਂ ਨੂੰ ਪੰਜ ਸਾਲਾਂ ਦੀ ਉਮਰ ‘ਚ ਹੀ ਪਿੰਡ ਮੌਜੋਂ ਦੇ ਸੰਤ ਜੋਧ ਸਿੰਘ ਦਾ ਸ਼ਿਸ਼ ਬਣਨ ਦਾ ਅਵਸਰ ਮਿਲਿਆ। ਉਨ੍ਹਾਂ ਆਪਣੇ ਇਸ ਸੇਵਕ ਨੂੰ ਗੁਰਬਾਣੀ, ਸਿੱਖ ਦਰਸ਼ਨ ਅਤੇ ਗੁਰਮਤਿ ਸਿਧਾਂਤਾਂ ਦੀ ਸੋਝੀ ਦਿੱਤੀ। ਇਥੇ ਬਾਰਾਂ ਵਰ੍ਹੇ ਰਹਿ ਕੇ ਉਨ੍ਹਾਂ ਤਪੱਸਿਆ ਕੀਤੀ। ਉਨ੍ਹਾਂ ਰਾਗ ਵਿੱਦਿਆ ਸਿੱਖੀ ਅਤੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ। ਇਥੇ ਹੀ ਹਰਚੰਦ ਸਿੰਘ ਨੂੰ ਕੀਰਤਨ ਕਰਨ ’ਚ ਮੁਹਾਰਤ ਹਾਸਿਲ ਹੋ ਗਈ। ਦਿਨਾਂ ਵਿਚ ਹੀ ਉਨ੍ਹਾਂ ਦੀ ਸ਼ੋਭਾ ਖ਼ੁਸ਼ਬੂ ਦੀ ਤਰਾਂ ਚੌਗਿਰਦੇ ‘ਚ ਫੈਲ ਗਈ।
ਪਿੰਡ ਮੌਜੋਂ ਤੋਂ ਫਿਰ ਉਹ ਆਪਣੇ ਜੱਦੀ ਪਿੰਡ ਗਿਦੜਿਆਣੀ ਆ ਗਏ ਅਤੇ 1948 ਵਿਚ ਪਿੰਡ ਹੀਰੋਂ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਗਿਆਨੀ ਹਰਨਾਮ ਸਿੰਘ ਪਾਸ ਰੁਕੇ ਰਹੇ। ਇਥੇ ਹੀ ਉਨ੍ਹਾਂ ਧਰਮ ਪ੍ਰਚਾਰ ਦੀ ਲਹਿਰ ਚਲਾਈ। ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਰਾਜਨੀਤੀ ਨਾਲੋਂ ਆਪ ਲੋਕ ਸੇਵਾ ਤੇ ਧਾਰਮਿਕ ਸਰਗਰਮੀਆਂ ਨੂੰ ਵਧੇਰੇ ਤਰਜੀਹ ਦੇਣ ਲੱਗ ਪਏ। ਪੈਪਸੂ ਦੀ ਮੁਜਾਰਾ ਲਹਿਰ ਦੇ ਆਗੂਆਂ ਦੇ ਸੰਪਰਕ ਨੇ ਉਨ੍ਹਾਂ ਦੀ ਰਾਜਨੀਤੀ ਵਿਚ ਸ਼ਮੂਲੀਅਤ ਦੇ ਦਰ ਖੋਲ ਦਿੱਤੇ।। ਕੇਂਦਰ ਸਰਕਾਰ ਵੱਲੋਂ ਪੈਪਸੂ ਦੀ ਗਿਆਨ ਸਿੰਘ ਰਾੜੇਵਾਲਾ ਦੀ ਸਰਕਾਰ ਭੰਗ ਕਰਨ ‘ਤੇ ਉਨ੍ਹਾਂ ਅਕਾਲੀ ਦਲ ਦੇ ਵਰਕਰ ਵਜੋਂ ਪਾਰਟੀ ਵੱਲੋਂ ਲਾਏ ਮੋਰਚੇ ਦੌਰਾਨ 1953 ਵਿਚ ਗ੍ਰਿਫ਼ਤਾਰੀ ਦਿੱਤੀ। ਇਹ ਉਨ੍ਹਾਂ ਦੀ ਪਹਿਲੀ ਜੇਲ੍ਹ ਯਾਤਰਾ ਸੀ। ਤਿੰਨ ਮਹੀਨੇ ਜੇਲ੍ਹ ਕੱਟਣ ਉਪਰੰਤ ਫ਼ਰੀਦਕੋਟ ਦੀ ਜੇਲ੍ਹ ‘ਚੋਂ ਰਿਹਾਅ ਹੋ ਕੇ ਗੁਰਦੁਆਰਾ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਆ ਗਏ। ਇਥੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਅਤੇ ਇਥੇ ਹੀ ਲੌਂਗੋਵਾਲ ਅਤੇ ਸੰਤ ਦਾ ਤਖੱਲਸ ਉਨ੍ਹਾਂ ਦੇ ਨਾਮ ਨਾਲ ਪੂਰੀ ਤਰਾਂ ਜੁੜ ਗਿਆ।
ਸੰਤ ਲੌਂਗੋਵਾਲ ਦਾ ਮੁੱਢਲਾ ਜੀਵਨ ਅਧਿਆਤਮਵਾਦ ਤੱਕ ਹੀ ਸੀਮਤ ਰਿਹਾ। ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲੋੜੀਂਦੇ ਉਪਰਾਲੇ ਕੀਤੇ। ਧਾਰਮਿਕ ਗ੍ਰੰਥਾਂ ਅਤੇ ਸਿੱਖ ਵਿਦਵਾਨਾਂ ਦੀਆਂ ਧਾਰਮਿਕ ਅਤੇ ਇਤਿਹਾਸਕ ਕਿਤਾਬਾਂ ਦੇ ਅਧਿਐਨ ਰਾਹੀਂ ਪ੍ਰਾਪਤ ਕੀਤੀ ਗੁਰਮਤਿ ਵਿਦਿਆ ਨੂੰ ਜੀਵਨ ਭਰ ਲੋਕਾਂ ਵਿਚ ਵੰਡਿਆ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੁੰਦਿਆਂ ਉਹ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਕੈਨੇਡਾ ਅਤੇ ਅਮਰੀਕਾ ਆਦਿ ਮੁਲਕਾਂ ਤੱਕ ਲੈ ਗਏ। ਮਾਲਵਾ ਖਿੱਤੇ ਦੇ ਪਿੰਡਾਂ ਵਿਚ ਨਵੇਂ ਗੁਰਦਵਾਰਿਆਂ ਦਾ ਨਿਰਮਾਣ ਕਰਵਾਇਆ ਅਤੇ ਆਪਣੀ ਨਿਗਰਾਨੀ ਹੇਠ ਕਾਰ ਸੇਵਾ ਕਰਵਾਈ। 1955 ਵਿਚ ‘ਪੰਜਾਬੀ ਸੂਬਾ ਮੋਰਚੇ’ ਸਮੇਂ ਸੰਤ ਜੀ ਨੂੰ ਗ੍ਰਿਫ਼ਤਾਰ ਕਰਕੇ ਹਿਸਾਰ ਜੇਲ੍ਹ ਭੇਜਿਆ। ਪ੍ਰਤਾਪ ਸਿੰਘ ਕੈਰੋਂ ਦੇ ਰਾਜ ਸਮੇਂ 1957 ਵਿਚ ਖ਼ੁਸ਼- ਹੈਸੀਅਤ ਟੈਕਸ ਦਾ ਵਿਰੋਧ ਕਰਦਿਆਂ ਸੰਤਾਂ ਨੇ ਸਰਕਾਰ ਨਾਲ ਟੱਕਰ ਲਈ। ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਦੀ ਅਗਵਾਈ ਹੇਠ ਹਰ ਪੰਥਕ ਮੋਰਚੇ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਜੇਲ੍ਹਾਂ ਕੱਟੀਆਂ। 1960 ਵਿਚ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਮੈਂਬਰੀ ਦੀ ਪੇਸ਼ਕਸ਼ ਹੋਈ ਜੋ ਉਨ੍ਹਾਂ ਨਿਸ਼ਕਾਮ ਸੇਵਕ ਹੋਣ ਦੇ ਨਾਤੇ ਠੁਕਰਾ ਦਿੱਤੀ। ਉਨ੍ਹਾਂ ਦੇ ਤਿਆਗ ਅਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਹੀ ਫ਼ਲ ਸੀ ਕਿ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਦਕਾ 1963 ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਨਾਮਜ਼ਦ ਕੀਤਾ ਗਿਆ। ਪੂਰਾ ਇੱਕ ਵਰ੍ਹਾ ਆਪ ਨੇ ਇਸ ਅਹੁਦੇ ਤੇ ਰਹਿੰਦਿਆਂ ਬੜੀ ਇਮਾਨਦਾਰੀ ਅਤੇ ਤਨਦੇਹੀ ਨਾਲ ਇਹ ਸੇਵਾ ਨਿਭਾਈ।
ਸ਼੍ਰੋਮਣੀ ਅਕਾਲੀ ਦਲ ਨੂੰ ਸੰਤਾਂ ਦੀਆਂ ਰਾਜਸੀ ਸੇਵਾਵਾਂ ਦੀ ਲੋੜ ਮਹਿਸੂਸ ਹੋਈ ਤਾਂ ਫਰਵਰੀ 1969 ਦੀਆਂ ਪੰਜਾਬ ਦੀਆਂ ਮੱਧਕਾਲੀ ਚੋਣਾਂ ਵਿਚ ਆਪ ਲਹਿਰਾਗਾਗਾ ਤੋਂ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਨੂੰ ਹਰਾ ਕੇ ਅਕਾਲੀ ਵਿਧਾਇਕ ਬਣੇ। ਜਥੇਦਾਰ ਮੋਹਨ ਸਿੰਘ ਤੁੜ ਦੇ ਜੇਲ੍ਹ ‘ਚ ਜਾਣ ਮਗਰੋਂ 1975 ਵਿਚ ਐਮਰਜੈਂਸੀ ਮੋਰਚੇ ਦੀ ਕਮਾਨ ਸੰਭਾਲੀ। 1977 ਤੱਕ ਕੌਮ ਦੀ ਸੁਚੱਜੀ ਅਗਵਾਈ ਕੀਤੀ। 1979 ਵਿਚ ਉਹ ਜ਼ਿਲ੍ਹਾ ਜਥੇਦਾਰ ਬਣੇ। 1980 ਵਿਚ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ, ਜੋ ‘ਧਰਮ ਯੁੱਧ ਮੋਰਚਾ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸੰਤ ਜੀ ਦੇ ਕਹਿਣ ‘ਤੇ ਦੋ ਲੱਖ ਲੋਕਾਂ ਨੇ ਕੈਦ ਕੱਟੀ। ਸਾਕਾ ਨੀਲਾ ਤਾਰਾ ਤੱਕ ਇਹ ਮੋਰਚਾ ਸਫ਼ਲਤਾ-ਪੂਰਵਕ ਚੱਲਿਆ।ਦਰਅਸਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮਾਨਸਿਕਤਾ ਧਰਮ ਅਤੇ ਮਾਨਵਤਾ ਨਾਲ ਜੁੜੀ ਹੋਣ ਕਰਕੇ ਉਹ ਰਾਜਨੀਤੀ ਤੋਂ ਕਿਨਾਰਾਕਸ਼ੀ ਕਰਨਾ ਚਾਹੁੰਦੇ ਸਨ ਪਰ ਪੰਜਾਬ ਦੀਆਂ ਪ੍ਰਸਥਿਤੀਆਂ ਹੀ ਅਜਿਹੀਆਂ ਬਣੀਆਂ ਰਹੀਆਂ ਕਿ ਰਾਜਨੀਤੀ ਉਨ੍ਹਾਂ ਦੀ ਮਜਬੂਰੀ ਬਣ ਗਈ। 1977 ਵਿਚ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਟਿਕਟ ਦੇ ਦਿੱਤੀ ਤਾਂ ਉਨ੍ਹਾਂ ਅਗਿਆਤਵਾਸ ਲੈ ਲਿਆ। ਉਨ੍ਹਾਂ ਦਾ ਕੋਈ ਥਹੁ-ਪਤਾ ਨਾ ਲੱਗਣ ’ਤੇ ਇਹ ਟਿਕਟ ਬਲਵੰਤ ਸਿੰਘ ਰਾਮੂਵਾਲੀਆ ਨੂੰ ਦੇਣੀ ਪਈ। ਉਨ੍ਹਾਂ ਦੀ ਅਗਵਾਈ ਹੇਠ ਧਰਮ ਯੁਧ ਮੋਰਚਾ ਬੜੀ ਸਫ਼ਲਤਾ ਪੂਰਵਕ ਚੱਲ ਰਿਹਾ ਸੀ ਕਿ ਪੰਜਾਬ ਦੇ ਰਾਜਸੀ ਹਾਲਾਤ ਬਦਲਣੇ ਸ਼ੁਰੂ ਹੋ ਗਏ। ਸਿੱਖ ਸਿਆਸਤ ਉੱਪਰ ਗਰਮ ਦਲੀਆਂ ਦਾ ਪ੍ਰਭਾਵ ਵਧਣ ਲੱਗਿਆ। ਪ੍ਰਸਥਿਤੀਆਂ ਦਿਨ-ਬ-ਦਿਨ ਗੁੰਝਲਦਾਰ ਹੁੰਦੀਆਂ ਗਈਆਂ। ਉਹ ਇਨ੍ਹਾਂ ਖਤਰਨਾਕ ਉਲਝਣਾਂ ਨੂੰ ਸੁਲਝਾਉਣ ਅਤੇ ਕਾਬੂ ਪਾਉਣ ਵਿਚ ਸਫ਼ਲ ਨਹੀਂ ਹੋ ਸਕੇ। ਦਰਬਾਰ ਸਾਹਿਬ ਅੰਦਰੋਂ ਅਤਿਵਾਦੀਆਂ ਨੂੰ ਖਦੇੜਨ ਲਈ ਜੂਨ 1984 ’ਚ ਕੇਂਦਰ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਨਤੀਜਾ ਇਹ ਨਿਕਲਿਆ ਕਿ ਜਿਨ੍ਹਾਂ ਸਿੱਖਾਂ ਦਾ ਅਤਿਵਾਦ ਨਾਲ ਵਾਹ ਵਾਸਤਾ ਨਹੀਂ ਸੀ, ੳਹ ਵੀ ਬਹੁਤ ਹਤਾਸ਼ ਹੋਏ। ਇਸੇ ਦੌਰਾਨ ਹੋਰਨਾਂ ਅਕਾਲੀ ਆਗੂਆਂ ਸਮੇਤ ਦਰਬਾਰ ਸਾਹਿਬ ਵਿਚੋਂ ਸੰਤਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਉਦੈਪੁਰ ਜੇਲ ਅੰਦਰ ਨਜ਼ਰਬੰੰਦ ਕਰ ਦਿੱਤੇ ਗਏ। ਇਹ ਉਹ ਦਿਨ ਸਨ ਜਦ ਸੂਬੇ ਅੰਦਰ ਸਿੱਖਾਂ ਦਾ ਕੇਂਦਰ ਅਤੇ ਪੁਲੀਸ ਤੋਂ ਇਤਬਾਰ ਉਠ ਗਿਆ ਸੀ।
ਸੰਤਾਂ ਦੀ ਅਗਵਾਈ ਹੇਠ ਕੇਂਦਰ-ਅਕਾਲੀ ਵਾਰਤਾ ਸ਼ੁਰੂ ਹੋਈ ਪਰ ਕੋਈ ਸਿੱਟਾ ਨਾ ਨਿਕਲਿਆ। ਅੰਤ 24 ਜੁਲਾਈ 1985 ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ, ਜਿਸ ਵਿਚ ਸਿੱਖਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮੰਨਣ ਦਾ ਲਿਖਤੀ ਇਕਰਾਰਨਾਮਾ ਹੋਇਆ। ਬਦਕਿਸਮਤੀ ਕਿ ਕਾਂਗਰਸ ਨੇ ਇਸ ’ਤੇ ਅਮਲ ਨਹੀਂ ਕੀਤਾ। ਹਿੰਦੂ-ਸਿੱਖ ਏਕੇ ਦੇ ਪੱਕੇ ਮੁਦੱਈ ਸੰਤ ਹਰਚੰਦ ਸਿੰਘ ਲੌਂਗੋਵਾਲ ਅਤਿਵਾਦੀਆਂ ਹੱਥੋਂ 20 ਅਗਸਤ 1985 ਨੂੰ ਹੱਕ ਅਤੇ ਸੱਚ ’ਤੇ ਪਹਿਰਾ ਦਿੰਦੇ ਸ਼ੇਰਪੁਰ ਦੇ ਗੁਰਦੁਆਰਾ ਸਾਹਿਬ ਵਿਚ ਇਸਤਰੀ ਅਕਾਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ। ਗਰੀਬ ਕਿਸਾਨ ਦੇ ਘਰ ਪੈਦਾ ਹੋਕੇ, ਬਾਣੀ ਅਤੇ ਬਾਣੇ ਵਿਚ ਪਰਿਪੱਕ ਰਹਿ ਕੇ ਪੂਰੇ ਦੇਸ਼ ਵਿਚ ਕਿਸਾਨਾਂ, ਦਲਿਤਾਂ ਅਤੇ ਸਭ ਫ਼ਿਰਕਿਆਂ ਵਿਚ ਹਰਮਨ ਪਿਆਰੇ ਰਹੇ। ਸੰਤ ਜੀ ਅਮਲਾਂ ਵਿਚ ਪਰਿਪੱਕ ਤੇ ਇਰਾਦੇ ਦੇ ਦਲੇਰ ਸਨ। ਹਰ ਸਾਲ ਕਸਬਾ ਲੌਂਗੋਵਾਲ ਵਿਖੇ ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ।

Advertisement

Advertisement
Author Image

joginder kumar

View all posts

Advertisement
×