ਸੁਪਰੀਮ ਕੋਰਟ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਫੈਸਲੇ ਖ਼ਿਲਾਫ਼ ਦਾਇਰ ਪਟੀਸ਼ਨ ਰੱਦ
ਨਵੀਂ ਦਿੱਲੀ, 14 ਅਗਸਤ
ਸੁਪਰੀਮ ਕੋਰਟ ਨੇ ਇਸ ਸਾਲ ਨੀਟ-ਸੁਪਰ ਸਪੈਸ਼ਲਿਟੀ ਪ੍ਰੀਖਿਆ ਨਾ ਕਰਵਾਉਣ ਦੇ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ‘ਆਪਹੁਦਰਾ’ ਨਹੀਂ ਬਲਕਿ ‘ਪੂਰੀ ਤਰ੍ਹਾਂ ਨਿਰਪੱਖ’ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਐੱਨਐੱਮਸੀ ਕੌਮੀ ਯੋਗਤਾ ਕਮ ਦਾਖਲਾ ਟੈਸਟ- ਸੁਪਰ ਸਪੈਸ਼ਲਿਟੀ ਦੀ ਸਮਾਂ ਸੂਚੀ ਬਾਰੇ ਜਲਦੀ ਕੋਈ ਫੈਸਲਾ ਲਏ।
ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘‘ਅੱਜ ਤੋਂ 30 ਦਿਨਾਂ ਦੇ ਅਰਸੇ ਅੰਦਰ ਦਾਖਲਾ ਪ੍ਰੀਖਿਆ ਬਾਰੇ ਸਮਾਂ ਸੂਚੀ ਐਲਾਨੀ ਜਾਵੇ।’’ ਬੈਂਚ, ਜਿਸ ਵਿਚ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ, ਨੇ ਐੱਨਐੱਮਸੀ ਦੀ ਇਸ ਦਲੀਲ ਨਾਲ ਸਹਿਮਤੀ ਜਤਾਈ ਕਿ ਹਰੇਕ ਸਾਲ, 40 ਫੀਸਦ ਦੇ ਕਰੀਬ ਪ੍ਰੀਖਿਆਰਥੀ, ਜੋ ਨੀਟ-ਐੱਸਐੱਸ ਪ੍ਰੀਖਿਆ ਦਿੰਦੇ ਹਨ, ਪੋਸਟ ਗਰੈਜੂਏਟ ਮੈਡੀਕਲ ਕੋਰਸਾਂ ਦੇ ਮੌਜੂਦਾ ਬੈਚਾਂ ਨਾਲ ਸਬੰਧਤ ਹਨ। ਉਧਰ ਐੱਨਐੱਮਸੀ ਦੇ ਵਕੀਲ ਨੇ ਕਿਹਾ ਕਿ ਪੀਜੀ ਮੈਡੀਕਲ ਕੋਰਸਾਂ, ਜੋ ਕੋਵਿਡ-19 ਕਰਕੇ 2021 ਦੀ ਥਾਂ 2022 ਵਿਚ ਸ਼ੁਰੂ ਹੋਏ, ਜਨਵਰੀ 2025 ਵਿਚ ਖ਼ਤਮ ਹੋਣਗੇ ਅਤੇ ਜੇ ਨੀਟ-ਐੱਸਐੱਸ ਇਸ ਸਾਲ ਕਰਵਾਈ ਜਾਂਦੀ ਹੈ ਤਾਂ ਉਹ ਇਸ ਪ੍ਰੀਖਿਆ ਵਿਚ ਬੈਠਣ ਦੇ ਮੌਕੇ ਤੋਂ ਖੁੰਝ ਜਾਣਗੇ। -ਪੀਟੀਆਈ