ਦੂਜੇ ਦੀ ਥਾਂ ਅਧਿਆਪਕ ਯੋਗਤਾ ਪ੍ਰੀਖਿਆ ਦੇਣ ਆਇਆ ਵਿਅਕਤੀ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 29 ਜੁਲਾਈ
ਪੁਲੀਸ ਨੇ ਅਧਿਆਪਕਾਂ ਦੀ ਭਰਤੀ ਲਈ ਲਈ ਜਾਂਦੀ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ ਕਿਸੇ ਹੋਰ ਦੀ ਥਾਂ ’ਤੇ ਪ੍ਰੀਖਿਆ ਦਿੰਦੇ ਹੋਏ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋਸ਼ੀ ਦੀ ਪਛਾਣ ਜਸਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਕਿ ਓਮ ਪ੍ਰਕਾਸ਼ ਦੀ ਥਾਂ ’ਤੇ ਪ੍ਰੀਖਿਆ ਦੇਣ ਲਈ ਆਇਆ ਸੀ ਪਰ ਜਾਂਚ ਦੌਰਾਨ ਫੜਿਆ ਗਿਆ। ਸੈਂਟਰ ਦੇ ਸੁਪਰਡੈਂਟ ਵੱਲੋਂ ਉਸ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ।
ਇਸ ਸਬੰਧੀ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਚਰਨਇੰਦਰਜੀਤ ਸਿੰਘ ਵਾਸੀ ਫੇਜ਼ 7 ਮੁਹਾਲੀ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡਵਾਲਾ ਵਿੱਚ ਬਤੌਰ ਲੈਕਚਰਾਰ ਲੱਗਿਆ ਹੋਇਆ ਹੈ। ਲੰਘੀ 28 ਜੁਲਾਈ ਨੂੰ 336 ਬੱਚਿਆਂ ਦੀ ਅਧਿਆਪਕ ਯੋਗਤਾ ਪ੍ਰੀਖਿਆ ਦਾ ਪੇਪਰ ਸਰਕਾਰੀ ਸਕੂਲ ਡੇਰਾਬੱਸੀ ਵਿੱਚ ਹੋਣਾ ਸੀ, ਜਿੱਥੇ ਉਹ ਬਤੌਰ ਸੁਪਰਡੈਂਟ ਤਾਇਨਾਤ ਸੀ। 15 ਮੈਂਬਰਾਂ ਦਾ ਸਟਾਫ ਸੀ ਅਤੇ ਪ੍ਰੀਖਿਆ ਦਾ ਸਮਾਂ ਸਵੇਰ 11 ਵਜੇ ਤੋਂ 12.40 ਵਜੇ ਤੱਕ ਸੀ। ਪ੍ਰੀਖਿਆ ਲਈ ਤੈਅ ਸਮੇਂ ’ਤੇ ਨਿਯਮ ਮੁਤਾਬਕ ਬੱਚਿਆਂ ਦਾ ਬਾਇਓਮੀਟ੍ਰਿਕ ਕਰਨ ਤੋਂ ਬਾਅਦ ਬੱਚਿਆਂ ਨੂੰ ਪ੍ਰੀਖਿਆ ਲਈ ਸੈਂਟਰ ਦੇ ਅੰਦਰ ਭੇਜਿਆ ਜਾ ਰਿਹਾ ਸੀ। ਇਸ ਦੌਰਾਨ ਵਿਦਿਆਰਥੀ ਓਮ ਪ੍ਰਕਾਸ਼ ਦਾ ਬਾਇਓਮੀਟ੍ਰਿਕ ਵਾਰ-ਵਾਰ ਫੇਲ੍ਹ ਹੋ ਰਿਹਾ ਸੀ। ਇਸ ਦੌਰਾਨ ਸਾਰੇ ਅਧਿਆਪਕਾਂ ਦੀ ਸਲਾਹ ’ਤੇ ਪਹਿਲਾਂ ਉਸ ਨੂੰ ਪ੍ਰੀਖਿਆ ਦੇਣ ਦਿੱਤੀ ਗਈ ਤਾਂ ਜੋ ਉਸ ਦਾ ਸਮਾਂ ਨਾ ਖ਼ਰਾਬ ਹੋਵੇ ਅਤੇ ਬਾਅਦ ਵਿੱਚ ਬਾਇਓਮੀਟ੍ਰਿਕ ਕਰਨ ਦੀ ਸਹਿਮਤੀ ਬਣਾਈ। ਪ੍ਰੀਖਿਆ ਖ਼ਤਮ ਹੋਣ ’ਤੇ ਉਸ ਦਾ ਮੁੜ ਤੋਂ ਬਾਇਓਮੀਟ੍ਰਿਕ ਫੇਲ੍ਹ ਆ ਰਿਹਾ ਸੀ। ਇਸ ਮਗਰੋਂ ਸ਼ੱਕ ਪੈਣ ’ਤੇ ਉਸ ਤੋਂ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਨੇ ਪਹਿਲਾਂ ਆਪਣਾ ਨਾਮ ਓਮ ਪ੍ਰਕਾਸ਼ ਦੱਸਿਆ ਅਤੇ ਬਾਅਦ ਵਿੱਚ ਉਹ ਆਪਣਾ ਨਾਮ ਜਸਵਿੰਦਰ ਸਿੰਘ ਦੱਸਣ ਲੱਗ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਜਸਵਿੰਦਰ ਸਿੰਘ ਵਾਸੀ ਪਿੰਡ ਜਾਮਾ ਰਖਾਇਆ, ਥਾਣਾ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਆਪਣੇ ਇਕ ਜਾਣ-ਪਛਾਣ ਵਾਲੇ ਓਮ ਪ੍ਰਕਾਸ਼ ਪੁੱਤਰ ਮੰਗਤ ਰਾਮ ਦੀ ਥਾਂ ਪ੍ਰੀਖਿਆ ਦੇਣ ਲਈ ਆਇਆ ਸੀ।