ਪੈਦਲ ਚਾਲ ’ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ
ਪੈਰਿਸ:
ਭਾਰਤੀ ਖਿਡਾਰੀਆਂ ਦਾ ਅੱਜ ਇੱਥੇ ਪੈਰਿਸ ਓਲੰਪਿਕ ਖੇਡਾਂ ਦੀ ਪੁਰਸ਼ ਅਤੇ ਮਹਿਲਾ ਵਰਗ ਦੀ 20 ਕਿਲੋਮੀਟਰ ਪੈਦਲ ਚਾਲ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਮੁਕਾਬਲੇ ਦੌਰਾਨ ਵਿਕਾਸ ਸਿੰਘ ਅਤੇ ਪਰਮਜੀਤ ਸਿੰਘ ਜਿੱਥੇ ਕਰਮਵਾਰ 30ਵੇਂ ਅਤੇ 37ਵੇਂ ਸਥਾਨ ’ਤੇ ਰਹੇ, ਉੱਥੇ ਹੀ ਕੌਮੀ ਰਿਕਾਰਡ-ਧਾਰਕ ਅਕਸ਼ਦੀਪ ਸਿੰਘ ਛੇ ਕਿਲੋਮੀਟਰ ਮਗਰੋਂ ਮੁਕਾਬਲੇ ਵਿਚਾਲੇ ਛੱਡ ਦਿੱਤਾ।
ਮਹਿਲਾ ਵਰਗ ਵਿੱਚ ਕੌਮੀ ਰਿਕਾਰਡ-ਧਾਰਮ ਪ੍ਰਿਯੰਕਾ ਗੋਸਵਾਮੀ 41ਵੇਂ ਸਥਾਨ ’ਤੇ ਰਹੀ। ਉਸ ਨੇ ਇੱਕ ਘੰਟਾ 39 ਮਿੰਟ ਅਤੇ 55 ਸੈਕਿੰਡ ਦਾ ਸਮਾਂ ਲਿਆ, ਜੋ ਉਸ ਦੇ ਇਸ ਸੈਸ਼ਨ ਦੇ ਸਰਵੋਤਮ ਪ੍ਰਦਰਸ਼ਨ ਇੱਕ ਘੰਟਾ 29 ਮਿੰਟ 48 ਸੈਕਿੰਡ ਤੋਂ ਕਾਫ਼ੀ ਮਾੜਾ ਪ੍ਰਦਰਸ਼ਨ ਹੈ। ਪ੍ਰਿਯੰਕਾ ਦਾ ਸਰਵੋਤਮ ਪ੍ਰਦਰਸ਼ਨ ਇੱਕ ਘੰਟਾ 28 ਮਿੰਟ ਅਤੇ 45 ਸੈਕਿੰਡ ਹੈ। ਪੁਰਸ਼ ਵਰਗ ਵਿੱਚ ਇਕਵਾਡੋਰ ਦੇ ਬ੍ਰਾਇਨ ਡੈਨੀਅਨ ਪਿੰਟਾਡੋ ਨੇ ਇੱਕ ਘੰਟਾ 18 ਮਿੰਟ ਅਤੇ 55 ਸੈਕਿੰਡ ਨਾਲ ਦੌੜ ਪੂਰੀ ਕਰਕੇ ਸੋਨ ਤਗ਼ਮਾ ਜਿੱਤਿਆ। ਉਸ ਦੇ ਮੁਕਾਬਲੇ ਭਾਰਤੀ ਖਿਡਾਰੀ ਕਾਫ਼ੀ ਪਿੱਛੇ ਰਹੇ।
ਵਿਕਾਸ ਨੇ ਇੱਕ ਘੰਟਾ 22 ਮਿੰਟ ਅਤੇ 36 ਸੈਕਿੰਡ ਦਾ ਸਮਾਂ ਲਿਆ, ਜਦਕਿ ਪਰਮਜੀਤ ਨੇ 1:23:48 ਸੈਕਿੰਡ ਵਿੱਚ ਦੌੜ ਪੂਰੀ ਕੀਤੀ। ਬ੍ਰਾਜ਼ੀਲ ਦੇ ਕਾਇਓ ਬੋਨਫਿਮ (1:19:09) ਅਤੇ ਮੌਜੂਦਾ ਵਿਸ਼ਵ ਚੈਂਪੀਅਨ ਸਪੇਨ ਦੇ ਓਲਵਾਰੋ ਮਾਰਟਿਨ (1:19:11) ਨੇ ਕਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ, ਜਦਕਿ ਟੋਕੀਓ ਓਲੰਪਿਕ ਦਾ ਸੋਨ ਤਗ਼ਮਾ ਜੇਤੂ ਇਟਲੀ ਦਾ ਮਾਸਿਮੋ ਸਟੈਨੋ (1:19:12) ਚੌਥੇ ਸਥਾਨ ’ਤੇ ਰਿਹਾ। ਓਲੰਪਿਕ ਵਿੱਚ ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ ’ਚ ਭਾਰਤ ਤਰਫ਼ੋਂ ਸਰਵੋਤਮ ਪ੍ਰਦਰਸ਼ਨ ਕੇਟੀ ਇਰਫ਼ਾਨ ਨੇ 2012 ਵਿੱਚ ਲੰਡਨ ਓਲੰਪਿਕ ਖੇਡਾਂ ਦੌਰਾਨ ਕੀਤਾ ਸੀ। ਉਦੋਂ ਉਹ ਇੱਕ ਘੰਟਾ 20 ਮਿੰਟ ਅਤੇ 21 ਸੈਕਿੰਡ ਦਾ ਸਮਾਂ ਲੈ ਕੇ ਦਸਵੇਂ ਸਥਾਨ ’ਤੇ ਰਿਹਾ ਸੀ। -ਪੀਟੀਆਈ