ਸ਼ਹਿਰ ਦੇ ਲਟਕੇ ਕੰਮ ਫੌਰੀ ਨਿਬੇੜੇ ਜਾਣ: ਕੁਲਵੰਤ ਸਿੰਘ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਨਵੰਬਰ
ਮੁਹਾਲੀ ਦੇ ਸਰਬਪੱਖੀ ਵਿਕਾਸ ਅਤੇ ਆਮ ਨਾਗਰਿਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਅੱਜ ‘ਆਪ’ ਵਿਧਾਇਕ ਕੁਲਵੰਤ ਸਿੰਘ, ਡੀਸੀ ਆਸ਼ਿਕਾ ਜੈਨ, ਐੱਸਐੱਸਪੀ ਦੀਪਕ ਪਾਰਿਕ ਅਤੇ ਹੋਰ ਵੱਖ-ਵੱਖ ਅਧਿਕਾਰੀ ਸਿਰਜੋੜ ਕੇ ਬੈਠੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਹਿਰ ਦੇ ਮਹੱਤਵਪੂਰਨ ਮਸਲਿਆਂ ਬਾਰੇ ਚਰਚਾ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਨਿਰਦੇਸ਼ ਦਿੱਤੇ ਕਿ ਪੈਂਡਿੰਗ ਪਏ ਕੰਮਾਂ ਦਾ ਤੁਰੰਤ ਨਿਬੇੜਾ ਕੀਤਾ ਜਾਵੇ।
ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਲਈ ਰਿਹਾਇਸ਼ ਦਾ ਪ੍ਰਬੰਧ, ਪੁਲੀਸ ਲਾਈਨ ਲਈ ਜਗ੍ਹਾ ਨਿਰਧਾਰਿਤ ਕਰਨਾ, ਬੱਸ ਸਟੈਂਡ ਆਦਿ ਮੁੱਦਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਰਿਹਾਇਸ਼ ਪ੍ਰਬੰਧ ਸਬੰਧੀ ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਸਬੰਧੀ ਪੂਰਬ ਪ੍ਰੀਮੀਅਮ ਅਪਾਰਟਮੈਂਟ ਸੈਕਟਰ-88 ਵਿੱਚ ਫਲੈਟ ਦਿੱਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ 56 ਕਰੋੜ ਮਨਜ਼ੂਰ ਕੀਤੇ ਹਨ। ਪੁਲੀਸ ਲਾਈਨ ਲਈ ਡੀਟੀਪੀ ਗਮਾਡਾ ਨੂੰ ਢੁਕਵੀਂ ਥਾਂ ਦੇਣ ਲਈ ਹਦਾਇਤ ਕੀਤੀ ਗਈ ਹੈ।
ਸੀਸੀਟੀਵੀ ਕੈਮਰਿਆਂ ਸਬੰਧੀ ਫ਼ੈਸਲਾ ਲਿਆ ਗਿਆ ਕਿ ਇਸ ਪ੍ਰਾਜੈਕਟ ਨੂੰ ਅੱਗੇ ਵਧਾ ਕੇ ਵੱਧ ਤੋਂ ਵੱਧ ਥਾਵਾਂ ’ਤੇ ਕੈਮਰੇ ਲਗਾਏ ਜਾਣ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਫੇਜ਼-6 ਸਥਿਤ ਬੱਸ ਅੱਡੇ ਨੂੰ ਚਾਲੂ ਕਰਨ ਲਈ ਉਪਰਾਲੇ ਕੀਤੇ ਜਾਣ।
ਗ਼ਲਤ ਪਾਰਕਿੰਗ ’ਤੇ ਕਾਰਵਾਈ ਦੇ ਹੁਕਮ
ਅਧਿਕਾਰੀਆਂ ਨੇ ਟਰੈਫਿਕ ਪੁਲੀਸ ਨੂੰ ਹਦਾਇਤ ਕੀਤੀ ਕਿ ਸੜਕਾਂ ਤੇ ਫੁੱਟਪਾਥਾਂ ’ਤੇ ਖੜ੍ਹੇ ਵਾਹਨਾਂ ਦੇ ਚਲਾਨ ਕੀਤੇ ਜਾਣ। ਗ਼ਲਤ ਤਰੀਕੇ ਨਾਲ ਪਾਰਕ ਕੀਤੇ ਵਾਹਨਾਂ ਨੂੰ ਚੁੱਕਣ ਦਾ ਕੰਮ ਕਿਸੇ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਵੇ। ਪ੍ਰਾਈਵੇਟ ਕੰਪਨੀਆਂ, ਕਮਰਸ਼ੀਅਲ ਮਾਲਾਂ, ਹਸਪਤਾਲਾਂ ਵੱਲੋਂ ਬਿਲਡਿੰਗ ਪਲਾਨ ਅਨੁਸਾਰ ਨਿਰਧਾਰਿਤ ਪਾਰਕਿੰਗਾਂ ਨੂੰ ਕਿਸ ਮਕਸਦ ਲਈ ਵਰਤਿਆ ਜਾ ਰਿਹਾ ਹੈ, ਦਾ ਪਤਾ ਲਗਾਉਣ ਲਈ ਸਰਵੇ ਕਰਵਾਉਣ ਲਈ ਕਮੇਟੀ ਬਣਾਈ ਜਾਵੇ।