ਨਸ਼ਾ ਛੁਡਵਾਉਣ ਵਾਲੀ ਗੋਲੀ ਦੇ ਗੁਲਾਮ ਬਣੇ ਮਰੀਜ਼
ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜਨਵਰੀ
ਓਟ ਸੈੱਂਟਰਾਂ ’ਚ ਨਸ਼ਾ ਛੁਡਾਉਣ ਲਈ ਦਵਾਈ ਖਾਣ ਵਾਲੇ ਮਰੀਜ਼ ਸਰਕਾਰੀ ਗੋਲੀ ਦੇ ਗੁਲਾਮ ਹੋ ਕੇ ਰਹਿ ਗਏ ਹਨ। ਕੜਾਕੇ ਦੀ ਠੰਢ ’ਚ ਨਸ਼ਿਆਂ ਨਾਲ ਭੰਨ੍ਹੇ ਮਰੀਜ਼ ਸਰਕਾਰੀ ਓਟ ਸੈਂਟਰਾਂ ਵਿਖੇ ਕਤਾਰਾਂ ’ਚ ਲੱਗ ਕੇ ਗੋਲੀ ਹਾਸਲ ਕਰ ਰਹੇ ਹਨ। ਸੂਬਾ ਸਰਕਾਰ ਵੱਲੋਂ ਸੂਬੇ ’ਚ ਨਸ਼ਾ ਖਤਮ ਕਰਨ ਦੀ ਮਨਸ਼ਾ ਨਾਲ ਹਰ ਜ਼ਿਲ੍ਹੇ ’ਚ ਓਟ ਸੈਂਟਰ ਖੋਲ੍ਹੇ ਗਏ ਹਨ। ਇਥੇ ਜ਼ਿਲ੍ਹੇ ਵਿਚ ਕਰੀਬ 13 ਓਟ ਸੈੱਂਟਰਾਂ ਵਿਚ ਕਰੀਬ ਪੰਜ ਹਜ਼ਾਰ ਅਜਿਹੇ ਮਰੀਜ਼ਾਂ ਦੀ ਗਿਣਤੀ ਦੱਸੀ ਜਾਂਦੀ ਹੈ ਜੋ ਨਸ਼ੇ ਦੀ ਦਲਦਲ ’ਚੋਂ ਬਾਹਰ ਨਿਕਲਣ ਲਈ ਗੋਲੀ ਦਾ ਸੇਵਨ ਕਰਨ ਲੱਗੇ ਹਨ ਪਰ ਉਹ ਇਸ ਦਵਾਈ ਦੇ ਇੰਨੇ ਗੁਲਾਮ ਹੋ ਚੁੱਕੇ ਹਨ ਕਿ ਤਿੰਨ-ਤਿੰਨ ਸਾਲ ਤੋਂ ਦਵਾਈ ਤੋਂ ਖਹਿੜਾ ਨਹੀਂ ਛੁੱਟਿਆ। ਦਿਹਾੜੀਦਾਰਾਂ ਦਾ ਆਖਣਾ ਹੈ ਕਿ ਉਹ ਆਪਣੀ ਦਿਹਾੜੀ ਮਾਰ ਕੇ ਕਈ ਘੰਟੇ ਲਾਈਨ ’ਚ ਲੱਗ ਕੇ ਸਿਰਫ਼ ਇਕ ਦਿਨ ਦੀ ਦਵਾਈ ਪ੍ਰਾਪਤ ਕਰਦੇ ਹਨ। ਉਨ੍ਹਾਂ ਇਕ ਹਫਤੇ ਦੀ ਇਕੱਠੀ ਦਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਰੋਜ਼ਾਨਾ ਦੀ ਮਜ਼ਦੂਰੀ ਨਹੀਂ ਮਰੇਗੀ। ਮਾਨਸਿਕ ਰੋਗਾਂ ਦੇ ਮਾਹਿਰ ਅਤੇ ਮੈਡੀਕਲ ਅਫਸਰ ਓਟ ਕੇਂਦਰ ਡਾਕਟਰ ਸੀਪੀ ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਮੁਤਾਬਕ ਦਵਾਈ ਦਿੱਤੀ ਜਾਂਦੀ ਹੈ ਤੇ ਲੋੜ ਅਨੁਸਾਰ ਹਫ਼ਤੇ ਦੀ ਦਵਾਈ ਵੀ ਦਿੱਤੀ ਜਾਂਦੀ ਹੈ।
ਓਟ ਕੇਂਦਰ ਦੇ ਕੌਂਸਲਰ ਪੂਜਾ ਰਿਸ਼ੀ ਨੇ ਕਿਹਾ ਕਿ ਕੇਂਦਰਾਂ ਵਿਚ ਮਾਹਿਰ ਕਾਊਂਸਲਰਾਂ ਅਤੇ ਮਨੋਰੋਗ ਮਾਹਿਰਾਂ ਵੱਲੋਂ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ।