For the best experience, open
https://m.punjabitribuneonline.com
on your mobile browser.
Advertisement

ਖ਼ੁਸ਼ੀਆਂ ਦੇ ਰਾਹ

10:00 AM Mar 16, 2024 IST
ਖ਼ੁਸ਼ੀਆਂ ਦੇ ਰਾਹ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਕਰਨੈਲ ਸਿੰਘ ਸੋਮਲ

Advertisement

ਮਨੁੱਖ ਦੀ ਤਬੀਅਤ (ਮਿਜ਼ਾਜ) ਦਾ ਨਿਰਮਾਣ ਉਸ ਦੀ ਤਰਬੀਅਤ ਯਾਨੀ ਪਰਿਵਾਰ, ਸਮਾਜਿਕ ਆਲਾ-ਦੁਆਲਾ, ਵਿੱਦਿਆ, ਸਵੈ-ਅਨੁਸ਼ਾਸਨ ਆਦਿ ਦੇ ਪ੍ਰਭਾਵਾਂ ਨਾਲ ਹੁੰਦਾ ਹੈ। ਅੱਗੋਂ ਉਸ ਦੀ ਸਮੁੱਚੀ ਸ਼ਖ਼ਸੀਅਤ ਨਿਰਧਾਰਤ ਕਰਦੀ ਹੈ ਕਿ ਉਹ ਜੀਵਨ ਰਾਹਾਂ ਉੱਤੇ ਚੱਲਦਿਆਂ ਜ਼ਿਆਦਾ ਖ਼ੁਸ਼ੀਆਂ ਬਟੋਰਦਾ ਹੈ ਜਾਂ ਉਲਟਾ ਗ਼ਮਾਂ ਦੀ ਪੰਡ ਚੁੱਕੀਂ ਫਿਰਦਾ ਹੈ। ਇੰਜ ਜੋ ਵੀ ਉਸ ਦੀ ਝੋਲੀ ਪੈਂਦਾ ਹੈ ਜਾਂ ਉਹ ਸਹੇੜਦਾ ਹੈ, ਅਨੁਸਾਰ ਉਹ ਖ਼ੁਸ਼-ਮਿਜ਼ਾਜ ਜਾਂ ਗ਼ਮਗੀਨ ਤਬੀਅਤ ਦਾ ਮਾਲਕ ਹੋ ਜਾਂਦਾ ਹੈ। ਜ਼ਿੰਦਗੀ ਦੇ ਰਾਹਾਂ ਉੱਤੇ ਚੱਲਦਿਆਂ ਖ਼ੁਸ਼ੀਆਂ ਦੀ ਚਾਹਤ ਰੱਖਣ ਵਾਲੇ ਲੋਕ ਸੱਚੀਆਂ ਖ਼ੁਸ਼ੀਆਂ ਹਾਸਲ ਕਰਦੇ ਜਾਂਦੇ ਹਨ।
ਖ਼ੁਸ਼ੀਆਂ ਨਿੱਕੀਆਂ-ਨਿੱਕੀਆਂ ਗੱਲਾਂ/ ਵਰਤਾਰਿਆਂ ਵਿੱਚ ਲੁਕੀਆਂ ਹੁੰਦੀਆਂ ਹਨ। ਕਿਸੇ ਬੰਦੇ ਤੋਂ ਕੋਈ ਭਾਰ ਆਪਣੇ ਆਪ ਸਿਰ ਉੱਤੇ ਨਹੀਂ ਰੱਖ ਹੁੰਦਾ। ਕੋਲੋਂ ਲੰਘਦਾ ਕੋਈ ਜ਼ਰਾ ਹੱਥ ਲੁਆ ਦਿੰਦਾ ਹੈ, ਫਿਰ ਮਦਦ ਦੇਣ ਵਾਲਾ ਅਤੇ ਲੈਣ ਵਾਲਾ, ਦੋਵੇਂ ਖ਼ੁਸ਼। ਸਾਡੀਆਂ ਦਾਦੀਆਂ, ਨਾਨੀਆਂ ਹਾਲ-ਚਾਲ ਪੁੱਛਣ ਵਾਲੇ ਉੱਤੇ ਅਸੀਸਾਂ ਦੀ ਝੜੀ ਲਾ ਦਿੰਦੀਆਂ ਹਨ। ਖ਼ੁਸ਼ੀਆਂ ਦੀ ਛੱਲ ਇਵੇਂ ਮਿਲਦੀ ਹੈ। ਬਹੁਤ ਹਨ ਜਿਹੜੇ ਬੁਰੇ ਦਾ ਵੀ ਭਲਾ ਲੋਚਦੇ ਹਨ। ਤਦ ਆਖਣ ਨੂੰ ਹੁੰਦਾ ਹੈ ਕਿ ਫਲਾਣੇ ਵਿੱਚ ਰੱਬ ਵੱਸਦਾ ਹੈ। ਬੋਝ ਕੰਮ ਦਾ ਜਾਂ ਕਬੀਲਦਾਰੀ ਦਾ ਹੋਵੇ ਦੂਜਿਆਂ ਤੋਂ ਮਿਲਦਾ ਸਹਿਯੋਗ ਅਨੋਖਾ ਧਰਵਾਸ ਦਿੰਦਾ ਹੈ। ਪਰਸਪਰ ਸਹਿਚਾਰ ਹੋਵੇ, ਇਕੱਲੇ ਹੁੰਦਿਆਂ ਵੀ ਨਿਤਾਣੇ ਮਹਿਸੂਸ ਨਹੀਂ ਕਰੀਦਾ। ਕਿਸੇ ਦੀ ਕੋਈ ਚੀਜ਼ ਡਿੱਗ ਪਵੇ, ਕੋਲੋਂ ਲੰਘਣ ਵਾਲਾ ਆਵਾਜ਼ ਮਾਰ ਕੇ ਫੜਾ ਦਿੰਦਾ ਹੈ। ਕਿਸੇ ਦੀ ਪੈਲੀ ਜਾਂ ਫ਼ਸਲ ਵਿੱਚ ਅਵਾਰਾ ਡੰਗਰ ਵੜਿਆ ਹੋਵੇ, ਕੋਲੋਂ ਲੰਘਦਾ ਅਗਲਾ ਉਸ ਨੂੰ ਛਿਛਕੇਰ ਬਾਹਰ ਕੱਢ ਦਿੰਦਾ ਹੈ। ਜ਼ਿੰਦਗੀ ਦੀ ਡਗਰ ਉੱਤੇ ਤੁਰਦਿਆਂ ਖ਼ੁਸ਼ੀਆਂ ਇੰਜ ਹੀ ਮਿਲੀ ਜਾਂਦੀਆਂ ਹਨ।
ਇਹ ਵਡਿਆਈ ਪਿੰਡਾਂ ਦੀਆਂ ਇਸਤਰੀਆਂ ਵਿੱਚ ਆਮ ਵੇਖੀਦੀ ਹੈ। ਕੋਈ ਔਰਤ ਸਬੱਬੀਂ ਕਿਸੇ ਦੂਜੀ ਔਰਤ ਨੂੰ ਮਿਲਦੀ ਦੁੱਖ-ਸੁੱਖ ਸਾਂਝਾ ਕਰਨ ਲੱਗ ਪੈਂਦੀ ਹੈ। ਨਿੱਕੇ ਨਿੱਕੇ ਸਵਾਲ ਪੁੱਛੀ ਜਾਣੇ। ਅਗਲੀ ਵੀ ਦੁੱਖਾਂ ਦੀ ਪੋਟਲੀ ਫੋਲਦੀ ਜਾਂਦੀ ਹੈ-ਆਪਬੀਤੀਆਂ ਤੇ ਨਾਲੇ ਜੱਗਬੀਤੀਆਂ। ਗੱਲਬਾਤ ਵਿੱਚ ਲੋਕ-ਸਿਆਣਪ ਵੀ ਘੁਲੀ ਹੁੰਦੀ ਹੈ। ਹਮਦਰਦੀ, ਤਹੱਮਲ ਤੇ ਧੀਰਜ ਔਰਤਾਂ ਵਿੱਚ ਬੜਾ ਹੁੰਦੈ। ਖ਼ੁਸ਼ੀਆਂ ਦਾ ਜ਼ਿਕਰ ਹੁੰਦੈ, ਹੰਝੂ-ਹਉਕੇ ਅਤੇ ਧਰਵਾਸ ਦੇ ਬੋਲ ਵੀ ਹੁੰਦੇ ਹਨ। ਔਰਤ ਸਦੀਆਂ ਤੋਂ ਦਬਾਈ-ਸਤਾਈ ਜੁ ਰਹੀ ਹੈ। ਇੰਜ ਹਰ ਮਿਲਦੇ ਮੌਕੇ ਆਪਸ ਵਿੱਚ ਦੁੱਖ-ਸੁੱਖ ਕਰਨਾ ਉਸ ਦੀ ਮਾਨਸਿਕ ਸਿਹਤ ਲਈ ਸਹਾਈ ਹੁੰਦਾ ਹੈ। ਇਕੱਲੀ ਔਰਤ, ਕੀ ਘਰ ਵਿੱਚ ਅਤੇ ਕੀ ਬਾਹਰ, ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਕੋਈ ਬਾਹਰੋਂ ਆਵਾਜ਼ ਦਿੰਦਾ ਤਾਂ ਉਹ ਆਖਦੀ ‘ਘਰ ਕੋਈ ਨਹੀਂ’। ਉਹ ਘਰ ਹਾਜ਼ਰ ਹੋ ਕੇ ਖ਼ੁਦ ਨੂੰ ਗ਼ੈਰਹਾਜ਼ਰ ਹੀ ਸਮਝਦੀ ਹੈ। ਸਮਾਜਿਕ ਤੇ ਇਤਿਹਾਸਕ ਕਾਰਨਾਂ ਕਰਕੇ ਉਸ ਨੂੰ ਸੁਰੱਖਿਆ ਦੇ ਅਹਿਸਾਸ ਨਾਲ ਸੁੱਖ ਦਾ ਸਾਹ ਆਉਂਦਾ ਹੈ। ਸੱਚੀਂ ਜਿਸ ਕਿਸੇ ਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੁੰਦਾ ਉਹ ਇਵੇਂ ਹੀ ਮਹਿਸੂਸ ਕਰਦਾ ਹੈ। ਮਾਨਵਤਾ ਨੂੰ ਬਲ ਦਿੰਦਾ ਕੁਝ ਵੀ ਸੱਚੀ ਖ਼ੁਸ਼ੀ ਦਾ ਸਬੱਬ ਬਣਦਾ ਹੈ।
ਘਰ ਮਨੁੱਖ ਲਈ ਸਦਾ ਖ਼ੁਸ਼ੀਆਂ ਦਾ ਸੋਮਾ ਬਣਦਾ ਹੈ। ਦੰਪਤੀ ਦੇ ਆਪਸੀ ਪਿਆਰ, ਸਤਿਕਾਰ ਤੇ ਹਮਦਰਦੀ ਕਾਰਨ ਘਰ ਸਵਰਗ ਬਣਦਾ ਹੈ। ਔਲਾਦ ਨੂੰ ਜ਼ਿੰਦਗੀ ਦੇ ਅਨਮੋਲ ਸਬਕ ਸਹਿਜੇ ਹੀ ਮਿਲੀ ਜਾਂਦੇ ਹਨ। ਥੁੜਾਂ ਹੋਣ ਜਾਂ ਪਦਾਰਥਕ ਬਹੁਲਤਾਵਾਂ, ਸਬਰ-ਸੰਤੋਖ, ਸੁਚੱਜ ਤੇ ਧੀਮੇ ਰਹਿ ਕੇ ਜਿਊਣ ਦੀ ਜਾਚ ਘਰ ਤੋਂ ਮਿਲਦੀ ਹੈ। ‘ਸਰਬੱਤ ਦਾ ਭਲਾ’ ਮੰਗਣ ਦਾ ਪਾਠ ਸਾਨੂੰ ਗੁਰੂ ਸਾਹਿਬਾਨ ਅਤੇ ਹੋਰ ਵੱਡ-ਪੁਰਖਾਂ ਨੇ ਸਿਖਾਇਆ ਹੈ। ਸਾਡੀ ਅਰਦਾਸ ਦੇ ਅੰਤਲੇ ਸ਼ਬਦ ਹਨ ‘ਤੇਰੇ ਭਾਣੇ ਸਰਬੱਤ ਦਾ ਭਲਾ।’ ‘ਖੇੜੇ ਸੁੱਖ ਤੇ ਵਿਹੜੇ ਸੁੱਖ’ ਦੀ ਕਹਾਵਤ ਤਾਂ ਜੁਗਾਂ ਪੁਰਾਣੀ ਹੋਊ। ਇਕੱਲਿਆਂ ਦੀ ਕਾਹਦੀ ਖ਼ੁਸ਼ੀ! ਆਪਣਿਆਂ ਦੇ ਸਹਾਰੇ ਗ਼ਮੀ ਦੀਆਂ ਘੜੀਆਂ ਵਿੱਚੋਂ ਵੀ ਸਬੂਤੇ ਪਾਰ ਹੋ ਸਕੀਦਾ ਹੈ। ਬਿਨਾਂ ਕਿਸੇ ਵਿਖਾਵੇ ਤੋਂ ਲੋੜਵੰਦਾਂ ਦੀ ਸਹਾਇਤਾ ਕਰਨੀ ਸੱਚੀ ਖ਼ੁਸ਼ੀ ਦਿੰਦੀ ਹੈ। ਕਿਸੇ ਦੀ ਮਦਦ ਕਰਕੇ ਉਸ ਨੂੰ ਜਦ-ਕਦ ਜਤਾਉਣ ਦੀ ਖੋਹ, ਚੰਗਿਆਈ ਨੂੰ ਖੇਹ ਰਲਾਉਣ ਵਾਂਗ ਹੈ।
ਨਿਮਰਤਾ ਅਤੇ ਮਿੱਠਾ ਬੋਲਣਾ ਨੇਕ ਜੀਵਨ ਦੀ ਬੁਨਿਆਦ ਬਣਦੇ ਹਨ। ਇਹ ਮਨੁੱਖ ਦੇ ਨੈਤਿਕ ਬਲ ਦਾ ਪ੍ਰਗਟਾਵਾ ਹਨ। ਆਪਣੇ ਆਚਾਰ-ਵਿਹਾਰ ਵਿੱਚ ਉਲਾਰ ਅਤੇ ਪੱਖਪਾਤੀ ਹੋਣ ਨਾਲੋਂ ਸਮ-ਦ੍ਰਿਸ਼ਟੀ ਰੱਖਣ ਦਾ ਮੁੱਲ ਵੀ ਵੱਡਾ ਹੈ। ਉੱਦਮ, ਸਾਹਸ, ਚੜ੍ਹਦੀ ਕਲਾ, ਸਕਾਰਾਤਮਕ ਸੋਚ, ਸੋਹਣੀ ਸਰੀਰਿਕ-ਮਾਨਸਿਕ ਸਿਹਤ ਵਾਲੇੇ ਲੋਕ ਖ਼ੁਸ਼ੀਆਂ ਮਾਣਦੇ ਹਨ। ਜ਼ਿੰਦਗੀ ਪ੍ਰਤੀ ਉਸਾਰੂ ਰਵੱਈਆ ਰੱਖਦਿਆਂ ਅਸੀਂ ਤੁਰਦੇ ਹਾਂ ਤਾਂ ਖ਼ੁਸ਼ੀਆਂ ਦੇ ਸਰੋਤਾਂ ਦੀ ਕਮੀ ਕੋਈ ਨਹੀਂ। ਖ਼ੁਸ਼ ਰਹਿਣਾ ਬੂਟੇ ਦੀ ਟਹਿਣੀ ਉੱਤੇ ਫੁੱਲ ਖਿੜਨ ਜਿਹਾ ਸਹਿਜ ਕਰਮ ਹੈ। ਨਿੱਕੀ ਬਾਲੜੀ ਜਾਂ ਬਾਲ ਪੰਘੂੜੇ ਪਿਆ ਖ਼ੁਸ਼ੀ ਵਿੱਚ ਕਿਲਕਾਰੀਆਂ ਮਾਰਦਾ ਹੈ। ਬਾਗੀਂ ਕੋਇਲ ਕੂਕਦੀ ਹੈ। ਹੋਰ ਪੰਛੀ ਵੀ ਚਹਿਕਦੇ ਹਨ। ਚੜ੍ਹਦੇ ਸੂਰਜ ਦੀਆਂ ਕਿਰਨਾਂ ਧਰਤੀ ਉੱਤੇ ਜਿਸ ਕਾਸੇ ਉੱਤੇ ਪੈਂਦੀਆਂ ਹਨ, ਉਸ ਦਾ ਰੰਗ-ਰੂਪ ਬਦਲ ਦਿੰਦੀਆਂ ਹਨ। ਧਰਤੀ ਦੀ ਕੁੱਖ ਵਿੱਚ ਪਿਆ ਬੀਜ ਆਪਣੇ ਆਪ ਉੱਗਦਾ ਹੈ। ਜ਼ਿੰਦਗੀ ਦਾ ਆਪਣਾ ਜ਼ੋਰ ਹੁੰਦਾ ਹੈ।
ਮਨੁੱਖ ਦੀ ਆਰਥਿਕ ਤੇ ਸਮਾਜਿਕ ਹਾਲਤ ਨਿਸ਼ਚੇ ਹੀ ਮਾੜਾ ਪ੍ਰਭਾਵ ਪਾਉਂਦੀ ਹੈ। ਕਿਸੇ ਬੂਟੇ ਨੂੰ ਜੰਮਣ ਅਤੇ ਵਧਣ-ਫੁਲਣ ਲਈ ਜਿਵੇਂ ਚੰਗੀ ਜ਼ਮੀਨ ਦੀ ਲੋੜ ਹੈ। ਕੁਹਾੜੀ ਚੁੱਕੀਂ ਫਿਰਦੇ ਅਨਸਰਾਂ ਤੋਂ ਰਖਵਾਲੀ ਵੀ ਜ਼ਰੂਰੀ ਹੈ। ਹੁਣ ਦੇ ਪਲਾਂ ਵਿੱਚ ਜਿਊਣਾ ਯਕੀਨਨ ਖ਼ੁਸ਼ੀ ਦਿੰਦਾ ਹੈ। ਭਵਿੱਖ ਨੂੰ ਵੀ ਹੁਣ ਨਾਲ ਸਬੰਧਿਤ ਕਰਕੇ ਵੇਖਣਾ ਬਣਦਾ ਹੈ। ਸੱਚੀਆਂ ਖ਼ੁਸ਼ੀਆਂ ਸਹਿਜ-ਸੁਭਾਅ ਹੀ ਮਿਲਣ ਤੇ ਅੰਦਰ ਵੱਸ ਜਾਣ, ਬਸ਼ਰਤੇ ਹਿਰਦੇ ਦੀ ਨਿਰਛੱਲਤਾ ਅਤੇ ਸਦੀਵੀ ਜੀਵਨ-ਮੁੱਲਾਂ ਦਾ ਸੰਗ ਹੋਵੇ। ਵਾਹ! ਖ਼ੁਸ਼ੀਆਂ ਦਾ ਨਾ ਕੋਈ ਬੋਝ ਤੇ ਨਾ ਘਟਣ-ਖੁੱਸਣ ਦਾ ਭੈਅ। ਸਾਂਝੀਆਂ ਕਰੀਏ, ਦੂਣ-ਸਵਾਈਆਂ ਹੋਵਣ। ਖ਼ੁਸ਼ੀਆਂ ਸਦਾ ਉਸ ਦੀਆਂ ਜਿਹੜਾ ਇਨ੍ਹਾਂ ਦੀ ਚਾਹਤ ਰੱਖੇ। ਮਿਹਰਾਂ ਤੇ ਖ਼ੁਸ਼ੀਆਂ ਦਾ ਮੀਂਹ ਕਦੋਂ ਨਹੀਂ ਵਰ੍ਹਦਾ? ਪਰ ਗੜੁੱਚ ਉਹੀ ਹੋਵੇ ਜਿਹੜਾ ਇਨ੍ਹਾਂ ਨੂੰ ਮਾਣੇ। ਵਿਆਹ ਦੀ ਰਾਤ ਨੂੰ ਪੈਂਦੇ ਔਰਤਾਂ ਦੇ ਗਿੱਧੇ ਦਾ ਲੁੱਟਣਾ ਉਸੇ ਦਾ ਹੋਵੇ ਜਿਹੜੀ ਇਸ ਦੇ ਰੰਗ ਵਿੱਚ ਰੰਗੀਜ਼ ਕੇ ਗਾਵੇ ਤੇ ਨੱਚੇ।
ਸੰਪਰਕ: 98141-57137

Advertisement
Author Image

joginder kumar

View all posts

Advertisement
Advertisement
×