ਅਕਾਲੀ ਏਕਤਾ ਦਾ ਰਾਹ
ਸ਼੍ਰੋਮਣੀ ਅਕਾਲੀ ਦਲ ਦੇ ‘ਬਾਗ਼ੀ’ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਢਾਂਚਾ ਭੰਗ ਕਰ ਕੇ ਪਿਛਲੇ ਹਫ਼ਤੇ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸੁਣਾਏ ਗਏ ਹੁਕਮਨਾਮੇ ਦੀ ਪਾਲਣਾ ਕਰ ਕੇ ਵਡੇਰੀ ਪੰਥਕ ਅਤੇ ਅਕਾਲੀ ਏਕਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦ੍ਰਿੜ੍ਹਾਇਆ ਹੈ। ਇਸ ਦੇ ਨਾਲ ਹੀ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਉੱਪਰ ਹਮਲਾ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉੱਪਰ ਕਾਬਜ਼ ਧੜੇ ਦੇ ਰੁਖ਼ ਨੂੰ ਵੇਖਦਿਆਂ ਆਸਾਰ ਬਣਦੇ ਜਾ ਰਹੇ ਹਨ ਕਿ ਵਡੇਰੀ ਪੰਥਕ ਅਤੇ ਅਕਾਲੀ ਏਕਤਾ ਕਾਇਮ ਕਰਨ ਦੇ ਯਤਨਾਂ ਦਾ ਰਾਹ ਸਿੱਧ ਪੱਧਰਾ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਢਾਂਚਾ ਭੰਗ ਕਰਨ ਦਾ ਐਲਾਨ ਕਰਦੇ ਹੋਏ ਇਸ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਸਬੰਧੀ ਸੰਦੇਸ਼ ਭੇਜ ਕੇ ਆਖਿਆ ਹੈ: ‘‘ਤੁਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਭੰਗ ਕਰਨ ਦਾ ਹੁਕਮ ਦਿੱਤਾ ਸੀ ਅਤੇ ਇਸ ਨੂੰ (ਲਹਿਰ ਦੇ) ਸਾਰੇ ਮੈਂਬਰਾਂ ਵੱਲੋਂ ਉਸੇ ਦਿਨ ਪ੍ਰਵਾਨ ਕਰ ਲਿਆ ਗਿਆ ਸੀ।’’
ਸਿੰਘ ਸਾਹਿਬਾਨ ਨੇ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਆਪੋ-ਆਪਣੇ ‘ਚੁੱਲ੍ਹੇ ਸਮੇਟ ਕੇ’ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਇਕਜੁੱਟ ਹੋਣ ਦਾ ਹੁਕਮ ਦਿੱਤਾ ਸੀ ਅਤੇ ਇਸ ਸਬੰਧ ਵਿੱਚ ਲੋੜੀਂਦੇ ਕਦਮ ਚੁੱਕਣ ਲਈ ਛੇ ਮੈਂਬਰੀ ਕਮੇਟੀ ਦਾ ਐਲਾਨ ਵੀ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਪਣੇ ਹੁਕਮ ਵਿੱਚ ਇਹ ਵੀ ਆਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵੱਲੋਂ ਪਿਛਲੇ ਅਰਸੇ ਦੌਰਾਨ ਕੀਤੇ ਗਏ ਗੁਨਾਹਾਂ ਦੇ ਮੱਦੇਨਜ਼ਰ ਇਹ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਹੱਕ ਗੁਆ ਚੁੱਕੀ ਹੈ ਜਿਸ ਕਰ ਕੇ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਹੇਠਲੇ ਪੱਧਰ ਤੋਂ ਨਵੀਂ ਮੈਂਬਰਸ਼ਿਪ ਅਤੇ ਲੋਕਰਾਜੀ ਢੰਗ ਨਾਲ ਚੋਣ ਰਾਹੀਂ ਨਵੀਂ ਲੀਡਰਸ਼ਿਪ ਪੈਦਾ ਕਰਨ ਦੀ ਲੋੜ ਹੈ। ਸਿਤਮਜ਼ਰੀਫ਼ੀ ਇਹ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਰਾਰੀ ਹਾਰ ਹੋਣ ਤੋਂ ਬਾਅਦ ਪਾਰਟੀ ਵੱਲੋਂ ਕੀਤੀ ਗਈ ਸਮੀਖਿਆ ਵਿੱਚ ਅਜਿਹੇ ਕਈ ਮੁੱਦਿਆਂ ਅਤੇ ਗ਼ਲਤੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਜਿਨ੍ਹਾਂ ਨੂੰ ਪ੍ਰਵਾਨ ਕਰ ਕੇ ਅਮਲ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਪਾਰਟੀ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਿੱਟੀ ’ਚੋਂ ਉਪਜੀ ਸਿਆਸੀ ਧਿਰ ਹੈ ਜਿਸ ਨੇ ਨਾ ਕੇਵਲ ਇਸ ਖ਼ਿੱਤੇ ਲਈ ਸਗੋਂ ਦੇਸ਼ ਦੇ ਲੋਕਾਂ ਲਈ ਵੱਡੀਆਂ ਜਮਹੂਰੀ ਤੇ ਜਨਤਕ ਲੜਾਈਆਂ ਲੜੀਆਂ ਸਨ। ਪੰਜਾਬ ਪਿਛਲੇ ਕਾਫ਼ੀ ਅਰਸੇ ਤੋਂ ਵੱਡੇ ਸੰਕਟਾਂ ਦੀ ਮਾਰ ਝੱਲ ਰਿਹਾ ਹੈ ਪਰ ਲੋਕ ਮਹਿਸੂਸ ਕਰ ਰਹੇ ਹਨ ਕਿ ਖ਼ਾਸਕਰ ਸਿਆਸੀ ਅਤੇ ਜਨਤਕ ਖੇਤਰ ਵਿੱਚ ਇਸ ਦੇ ਮਸਲਿਆਂ ਨੂੰ ਜ਼ੁਬਾਨ ਦੇਣ ਵਾਲੀ ਲੀਡਰਸ਼ਿਪ ਲਗਭਗ ਗ਼ੈਰਹਾਜ਼ਰ ਹੈ। ਸੱਤਾ ਵਿੱਚ ਰਹਿੰਦਿਆਂ ਜਾਂ ਸੱਤਾ ਤੋਂ ਬਾਹਰ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਪੰਜਾਬ ਦੇ ਹਿੱਤਾਂ ਅਤੇ ਸਰੋਕਾਰਾਂ ਵੱਲ ਪਿੱਠ ਕਰ ਲੈਣ ਤੋਂ ਬਾਅਦ ਹੀ ਇਹ ਸੂਬੇ ਦੇ ਲੋਕਾਂ ਦੇ ਮਨਾਂ ਤੋਂ ਉੱਤਰਦੀ ਚਲੀ ਗਈ। ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਭਾਰ ਦਾ ਰਾਹ ਕਠਿਨ ਮੁੱਦਿਆਂ ਅਤੇ ਮਸਲਿਆਂ ਨੂੰ ਮੁਖ਼ਾਤਿਬ ਹੋਣ ਦੀ ਗਲੀ ’ਚੋਂ ਹੋ ਕੇ ਹੀ ਲੰਘਦਾ ਹੈ।