ਹਨੇਰਿਆਂ ਤੋਂ ਰੋਸ਼ਨੀ ਵੱਲ ਜਾਂਦਾ ਰਾਹ
ਡਾ. ਮਨਦੀਪ ਕੌਰ ਰਾਏ
ਕੁਝ ਦਿਨ ਪਹਿਲਾਂ ਮੈਂ ਆਪਣੀ ਲਾਇਬ੍ਰੇਰੀ ਵਿੱਚ ਬੈਠੀ ਅਖ਼ਬਾਰ ਦੇਖ ਰਹੀ ਸੀ ਕਿ ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ ਭੇਜਿਆ ਗਿਆ ਇੱਕ ਪਾਰਸਲ ਮਿਲਿਆ। ਇਸ ਨੂੰ ਖੋਲ੍ਹਿਆ ਤਾਂ ਕਿਤਾਬ ‘ਸਾਹਿਤ ਸੰਜੀਵਨੀ’ ਵੇਖਦਿਆਂ ਮੈਂ ਸਹਿਜ ਸੁਭਾਅ ਹੀ ਉਸਦੇ ਪੰਨੇ ਪਲਟਣੇ ਸ਼ੁਰੂ ਕਰ ਦਿੱਤੇ।
ਇਸ ਕਿਤਾਬ ਦੇ ਲੇਖਕ ਜੰਗ ਬਹਾਦੁਰ ਗੋਇਲ ਹਨ।
ਇਸ ਪੁਸਤਕ ਵਿੱਚ ਵਰਤਿਆ ਗਿਆ ਸ਼ਬਦ ‘ਬਿਬਲੀਓਥੈਰੇਪੀ’ ਮੇਰੇ ਲਈ ਬਹੁਤ ਆਕਰਸ਼ਕ ਸੀ। ਇਸ ਤੋਂ ਪਹਿਲਾਂ ਇਹਦੇ ਨਾਲ ਹੀ ਰਲ਼ਦਾ-ਮਿਲਦਾ ਇੱਕ ਸ਼ਬਦ ਮੈਂ ਆਪਣੀ ਕਲੀਨਿਕ ’ਤੇ ਸਾਧਾਰਨ ਜਿਹੇ ਦਿਸਦੇ ਨੌਜਵਾਨ ਮਰੀਜ਼ ਦੇ ਮੂੰਹੋਂ ਸੁਣਿਆ ਸੀ। ਉਸ ਦੀਆਂ ਰੁਚੀਆਂ ਤੇ ਰੁਝੇਵਿਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਸ ਨੇ ਲੰਬਾ ਹਾਉਕਾ ਲੈ ਕੇ ਕਿਹਾ ਸੀ ਕਿ ਕਿਸੇ ਵੇਲੇ ਉਹ ‘ਬਿਬਲੀਓਫਿਲਿਕ’ ਹੋਇਆ ਕਰਦਾ ਸੀ ਪਰ ਹਾਲਾਤ ਨੇ ਅਜਿਹਾ ਮੋੜ ਲਿਆ ਕਿ ਹੁਣ ਕੁਝ ਵੀ ਪੜ੍ਹ-ਲਿਖ ਨਹੀਂ ਸਕਦਾ। ਇਸ ਦਾ ਕਾਰਨ ਉਸ ਦੀ ਨਜ਼ਰ ਦਾ ਬਹੁਤੀ ਤੇਜ਼ੀ ਨਾਲ ਘਟਦੇ ਜਾਣਾ ਸੀ। ਉਸ ਦੀ ਸਾਧਾਰਨ ਪੇਂਡੂ ਜੀਵਨ ਸ਼ੈਲੀ ਨੂੰ ਵੇਖਦਿਆਂ ਮੈਂ ਉਸ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਹੈਰਾਨ ਹੋਈ ਸੀ। ਬਿਬਲੀਓਨ (Biblion) ਦਾ ਅਰਥ ਪੁਸਤਕਾਂ ਹੁੰਦਾ ਹੈ ਅਤੇ ਫਿਲਿਕ (phillic) ਦਾ ਅਰਥ ਆਕਰਸ਼ਣ। ਇਸ ਤਰ੍ਹਾਂ ਯੂਨਾਨੀ ਭਾਸ਼ਾ ਤੋਂ ਲਏ ਗਏ ਇਸ ਸ਼ਬਦ ਦਾ ਅਰਥ ਪੁਸਤਕ-ਪ੍ਰੇਮੀ ਬਣਦਾ ਹੈ ਤੇ ਇਸੇ ਤਰਜ਼ ’ਤੇ ਬਿਬਲੀਓਥੈਰੇਪੀ ਭਾਵ ‘ਪੁਸਤਕ ਚਿਕਿਤਸਾ’।
ਸਾਹਿਤ ਦੀ ਸਹਾਇਤਾ ਨਾਲ ਇਨਸਾਨ ਆਪਣੇ ਆਪ ਨੂੰ ਕਿਸੇ ਸਰੀਰਕ ਪੀੜਾ ਜਾਂ ਮਾਨਸਿਕ ਨਿਰਾਸ਼ਾ ਵਿੱਚੋਂ ਕਿਵੇਂ ਕੱਢ ਸਕਦਾ ਹੈ? ਇਸ ਸਵਾਲ ਦੇ ਜਵਾਬ ਵਿੱਚ ਹੀ ਇਸ ਕਿਤਾਬ ਦੀ ਰਚਨਾ ਕੀਤੀ ਗਈ ਹੈ। ਕਿਤਾਬ ’ਚ ਨਾ ਸਿਰਫ਼ ਪੰਜਾਬ ਅਤੇ ਭਾਰਤ ਦੀ ਧਰਤੀ ’ਤੇ ਸਗੋਂ ਪੂਰੇ ਵਿਸ਼ਵ ਵਿੱਚੋਂ ਸਾਹਿਤ ਤੇ ਸਾਹਿਤਕਾਰਾਂ ਦੀਆਂ ਉਦਾਹਰਣਾਂ ਦੇ ਕੇ ਇਹ ਸਿੱਧ ਕੀਤਾ ਹੈ ਕਾਗਜ਼ ਤੇ ਕਲਮ ਦੀ ਸਹਾਇਤਾ ਨਾਲ ਵੀ ਇਨਸਾਨ ਆਪਣੀ ਮਾਨਸਿਕ ਪੀੜਾ ਦਾ ਵਿਰੇਚਨ ਕਰਕੇ ਆਪਣੀ ਰੂਹ ਦੇ ਭਾਰ ਤੋਂ ਹਲਕਾ ਮਹਿਸੂਸ ਕਰਦਾ ਹੈ। ਇਸ ਨੂੰ ਅਰਸਤੂ ਨੇ ਵਿਰੇਚਨ ਜਾਂ ਕਥਾਰਸਿਸ (catharsis) ਦਾ ਸਿਧਾਂਤ ਕਿਹਾ ਹੈ। ਇਸ ਸਿਧਾਂਤ ਅਨੁਸਾਰ ਮਨੁੱਖੀ ਮਨ ਵਿੱਚ ਡਰ ਅਤੇ ਤਰਸ ਦੀਆਂ ਭਾਵਨਾਵਾਂ ਬਹੁਤ ਡੂੰਘੀਆਂ ਧਸੀਆਂ ਹੋਈਆਂ ਹਨ, ਇਸ ਲਈ ਮਨੁੱਖੀ ਮਨ ਦੇ ਸੰਤੁਲਨ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਮੇਂ ਸਮੇਂ ਦੌਰਾਨ ਇਨ੍ਹਾਂ ਭਾਵਨਾਵਾਂ ਦੀ ਮਨ ’ਚੋਂ ਨਿਕਾਸੀ ਹੁੰਦੀ ਰਹੇ। ਇਹ ਕਿਸੇ ਦਵਾਈ ਨਾਲ ਸੰਭਵ ਨਹੀਂ ਹੋ ਸਕਦਾ, ਸਿਰਫ਼ ਤ੍ਰਾਸਦਿਕ ਨਾਟਕਾਂ ਨੂੰ ਵੇਖ ਕੇ ਹੀ ਇਨ੍ਹਾਂ ਦਾ ਵਿਰੇਚਨ (catharsis) ਹੋ ਸਕਦਾ ਹੈ। ਇੱਕ ਤਾਂ ਨਾਟਕ ਵੇਖਦਿਆਂ ਰੋਣ ਧੋਣ ਤੋਂ ਬਾਅਦ ਉਹ ਮਾਨਸਿਕ ਰੂਪ ਵਿੱਚ ਬਹੁਤ ਹਲਕੇ ਹਲਕੇ ਮਹਿਸੂਸ ਕਰਦੇ ਹਨ ਤੇ ਦੂਜਾ ਨਾਟਕ ਦੇ ਕਿਰਦਾਰਾਂ ਦੀ ਤ੍ਰਾਸਦੀ ਸਾਹਮਣੇ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਦੁੱਖ ਬਹੁਤ ਮਾਮੂਲੀ ਜਾਪਦੇ ਹਨ। ਇਸੇ ਲਈ ਯੂਨਾਨ ਵਿੱਚ ਨਾਟਸ਼ਾਲਾ ਅਤੇ ਦਵਾਖ਼ਾਨਾ ਨਾਲੋ-ਨਾਲ ਸਥਿਤ ਹੁੰਦੇ ਸਨ।
ਕਿਤਾਬ ਮੁਤਾਬਿਕ ‘‘ਹਸਪਤਾਲ ਵਿੱਚ ਮਨੋਰੋਗੀਆਂ ਦੇ ਇਲਾਜ ਲਈ ਕਿਤਾਬਾਂ ਨੂੰ ਦਵਾਈ ਵਜੋਂ ਇਸਤੇਮਾਲ ਕਰਨ ਦੀ ਸ਼ੁਰੂਆਤ ਅਮਰੀਕੀ ਬੁੱਧੀਜੀਵੀ ਬੈਂਜਾਮਿਨ ਫਰੈਂਕਲਿਨ ਨੇ ਪੈਨਸਿਲਵੇਨੀਆ ਵਿਖੇ 1751 ਵਿੱਚ ਆਪਣੇ ਪਹਿਲੇ ਆਧੁਨਿਕ ਹਸਪਤਾਲ ਵਿੱਚ ਕੀਤੀ। ਉਸ ਨੇ ਆਪਣੀ ਦੂਰਅੰਦੇਸ਼ੀ ਸਦਕਾ ਹਸਪਤਾਲ ਦੇ ਮਨੋ-ਚਿਕਿਤਸਕਾਂ ਨੂੰ ਮਨੋਰੋਗੀਆਂ ਦੇ ਇਲਾਜ ਲਈ ਪੁਸਤਕਾਂ ਦੀ ਸਹਾਇਤਾ ਲੈਣ ਲਈ ਕਿਹਾ। ਮਨੋਰੋਗੀਆਂ ਨੂੰ ਇੱਕ ਗਰੁੱਪ ਵਿੱਚ ਬਿਠਾ ਕੇ ਕੋਈ ਕਵਿਤਾ/ਕਹਾਣੀ ਇੰਨੇ ਦਿਲਚਸਪ ਤੇ ਦਿਲਕਸ਼ ਅੰਦਾਜ਼ ਵਿੱਚ ਸੁਣਾਈ ਜਾਂਦੀ ਸੀ ਕਿ ਮਨੋਰੋਗੀ ਉਸ ਰਚਨਾ ਦੇ ਵਹਿਣ ਵਿੱਚ ਵਹਿ ਜਾਂਦੇ ਤੇ ਆਪਣੀ ਸੋਚ ਦੀ ਘੁੰਮਣਘੇਰੀ ’ਚੋਂ ਬਾਹਰ ਨਿਕਲ ਕੇ ਕੁਝ ਨਵਾਂ ਸੋਚਣ, ਸਮਝਣ ਤੇ ਮਹਿਸੂਸ ਕਰਨ ਲੱਗਦੇ। ਉਹ ਪ੍ਰਤੀਕਰਮ ਵਜੋਂ ਜੋ ਬੋਲਦੇ-ਲਿਖਦੇ, ਉਸ ਨਾਲ ਆਪਣੇ ਧੁਰ ਅੰਦਰ ਗੂੰਗੇ ਬੋਲੇ ਹੋਏ ਅਹਿਸਾਸਾਂ ਨੂੰ ਜ਼ੁਬਾਨ ਦੇ ਕੇ ਹਲਕਾ-ਹਲਕਾ ਮਹਿਸੂਸ ਕਰਦੇ। ਹਸਪਤਾਲ ਵੱਲੋਂ ਛਾਪੇ ਜਾਂਦੇ ਰਸਾਲੇ ਵਿੱਚ ਆਪਣੀ ਛਪੀ ਰਚਨਾ ਨੂੰ ਵੇਖ ਕੇ ਉਨ੍ਹਾਂ ਅੰਦਰ ‘ਸਵੈ-ਸਨਮਾਨ’ ਦੀ ਭਾਵਨਾ ਪੈਦਾ ਹੁੰਦੀ।
ਇਸੇ ਤਰ੍ਹਾਂ ਪਹਿਲੀ ਆਲਮੀ ਜੰਗ ਦੌਰਾਨ ਯੂਰਪ ਦੇ ਅਨੇਕ ਜ਼ਖ਼ਮੀ ਸੈਨਿਕਾਂ ਦੇ ਨਾ ਸਿਰਫ਼ ਸਰੀਰਕ ਸਗੋਂ ਮਾਨਸਿਕ ਤੌਰ ’ਤੇ ਸਮਾਜ ਵਿੱਚ ਮੁੜ ਵਸੇਬੇ ਲਈ ਸਾਹਿਤ ਪੜ੍ਹਾਉਣ ਦੀ ਲੋੜ ਮਹਿਸੂਸ ਕਰਦਿਆਂ ਇੰਗਲੈਂਡ ਦੀ ਲੇਖਿਕਾ ਅਤੇ ਸਮਾਜ ਸੇਵਕਾ ਹੈਲਨ ਮੇਰੀ ਗੈਸਕਲ ਨੇ ਓਥੇ ‘ਵਾਰ ਲਾਇਬ੍ਰੇਰੀ’ ਸਥਾਪਤ ਕੀਤੀ। ਇਨ੍ਹਾਂ ਪੁਸਤਕਾਂ ਨੇ ਯੁੱਧ ਪੀੜਤ ਸੈਨਿਕਾਂ ਦੇ ਭਾਵਨਾਤਮਕ ਤੇ ਮਨੋਵਿਗਿਆਨਕ ਜ਼ਖ਼ਮਾਂ ਨੂੰ ਭਰਨ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ।
ਭਗਤ ਸਿੰਘ ਆਪਣੇ ਅੰਤਿਮ ਸਮੇਂ ਤੱਕ ਜੇਲ੍ਹ ਵਿੱਚ ਬੈਠਾ ਕਿਤਾਬ ਪੜ੍ਹਦਾ ਰਿਹਾ ਸੀ। ਦਿਲਚਸਪ ਜਾਪਿਆ ਕਿ ਫਰਾਂਸ ਦਾ ਸਮਰਾਟ ਨੈਪੋਲੀਅਨ ਬੋਨਾਪਾਰਟ ਰਣਖੇਤਰ ਵਿੱਚ ਵੀ ਆਪਣੇ ਕੈਂਪ ’ਚ ਬੈਠਾ ਕੋਈ ਨਾ ਕੋਈ ਕਿਤਾਬ ਪੜ੍ਹਦਾ ਰਹਿੰਦਾ। ਉਹ ਜਦ ਵੀ ਕਿਸੇ ਮੁਹਿੰਮ ’ਤੇ ਜਾਂਦਾ ਤਾਂ ਉਸ ਦੇ ਜ਼ਰੂਰੀ ਸਾਮਾਨ ਵਿੱਚ ਕਿਤਾਬਾਂ ਦੀ ਪੇਟੀ ਵੀ ਸ਼ਾਮਲ ਹੁੰਦੀ। ਉਹ ਪ੍ਰਬੁੱਧ ਲੇਖਕਾਂ ਦਾ ਸਤਿਕਾਰ ਕਰਨਾ ਜਾਣਦਾ ਸੀ। ਲੇਖਕ ਗੇਟੇ ਦੇ ਇੱਕ ਨਾਵਲ ਤੋਂ ਉਹ ਬਹੁਤ ਪ੍ਰਭਾਵਿਤ ਸੀ। ਉਸ ਨੇ ਉਸ ਲੇਖਕ ਦੇ ਸ਼ਹਿਰ ਉਸ ਨੂੰ ਮਿਲਦਿਆਂ ਕਿਹਾ, “ਤਾਂ ਤੁਸੀਂ ਹੋ ਗੇਟੇ, ਉਹ ਲੇਖਕ ਜਿਸ ਦੇ ਸਾਹਮਣੇ ਮੈਂ ਆਪਣਾ ਸਿਰ ਝੁਕਾਉਂਦਾ ਹਾਂ।” ਤਲਵਾਰ ਨੇ ਕਲਮ ਨੂੰ ਸਲਾਮ ਕੀਤਾ ਸੀ।
ਦੁਨੀਆ ਭਰ ਦੇ ਹਸਪਤਾਲਾਂ, ਜੇਲ੍ਹਾਂ, ਬਿਰਧ ਆਸ਼ਰਮਾਂ ਤੇ ਬਾਲ ਸੁਧਾਰ ਕੇਂਦਰਾਂ ਵਿੱਚ ਡਾਕਟਰ ਅਤੇ ਕੌਂਸਲਰ ਬਿਬਲੀਓਥੈਰੇਪੀ ਦਾ ਸਹਾਰਾ ਲੈਣ ਲੱਗੇ ਹਨ। ਬੇਸ਼ੱਕ, ਬਿਬਲੀਓਥੈਰੇਪੀ ਕਿਸੇ ਦਵਾਈ ਦਾ ਬਦਲ ਨਹੀਂ, ਪਰ ਰੋਗੀ ਨੂੰ ਛੇਤੀ ਤੰਦਰੁਸਤ ਕਰਨ ਅਤੇ ਰੋਗ ਨੂੰ ਸਵੀਕਾਰ ਕਰਨ ਵਿੱਚ ਮਦਦਗਾਰ ਸਿੱਧ ਹੁੰਦੀ ਹੈ। ਇੰਗਲੈਂਡ ਦੀ ਲਿਵਰਪੂਲ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਜੇਨ ਡੈਵਿਸ ਨੇ 2002 ਵਿੱਚ ‘ਗੈੱਟ ਇਨਟੂ ਰੀਡਿੰਗ’ ਨਾਮੀ ਸੰਸਥਾ ਦੀ ਸਥਾਪਨਾ ਕੀਤੀ ਜਿਸ ਦਾ ਮੁੱਖ ਉਦੇਸ਼ ਹੈ ਪੁਸਤਕਾਂ ਰਾਹੀਂ ਮਰੀਜ਼ਾਂ ਦਾ ਇਲਾਜ ਕਰਨਾ। ਇਸ ਦੇ 500 ਕੇਂਦਰ 12 ਦੇਸ਼ਾਂ ਵਿੱਚ ਕਾਰਜਸ਼ੀਲ ਹਨ। ਇਸੇ ਤਰ੍ਹਾਂ ਭਾਰਤ ਵਿੱਚ ਮੁੰਬਈ ਦੀਆਂ ਦੋ ਅਗਾਂਹਵਧੂ ਔਰਤਾਂ ਸਨੇਹ ਰਵਲਾਨੀ ਅਤੇ ਅਪੁਰੂਪਾ ਵਾਤਸਲਯ ਦੇ ਸਾਂਝੇ ਯਤਨਾਂ ਨਾਲ ਤਲਾਕ, ਬਲਾਤਕਾਰ, ਘਰੇਲੂ ਹਿੰਸਾ ਅਤੇ ਸਮਾਜਿਕ ਤੌਰ ’ਤੇ ਪਰੇਸ਼ਾਨ ਔਰਤਾਂ ਦਾ ਪੁਸਤਕਾਂ ਰਾਹੀਂ ਇਲਾਜ ਕਰਨ ਲਈ 2019 ਵਿੱਚ ‘ਬਿਬਲੀਓਥੈਰੇਪੀ ਮੁੰਬਈ’ ਨਾਮੀ ਸੰਸਥਾ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਹੁਣ ਤੱਕ 200 ਤੋਂ ਵੀ ਵੱਧ ਔਰਤਾਂ ਨਵੀਂ ਜੀਵਨ ਦ੍ਰਿਸ਼ਟੀ ਪ੍ਰਾਪਤ ਕਰ ਚੁੱਕੀਆਂ।
ਪੁਸਤਕਾਂ ਦੇ ਅਧਿਐਨ ਦੇ ਅਸਰ ਦੀ ਗੱਲ ਕਰਦਿਆਂ ਮਨੀਸ਼ਾ ਬਾਂਸਲ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਜੋ ਚੰਡੀਗੜ੍ਹ ਵਿਖੇ ਪੰਜਾਬ ਦੀ ਪੋਸਟ ਮਾਸਟਰ ਜਨਰਲ ਵਜੋਂ ਸੇਵਾ ਨਿਭਾ ਰਹੀ ਹੈ। ਉਹ ਸਵਾ ਸਾਲ ਦੀ ਉਮਰ ਵਿੱਚ ਹੀ ਪੋਲੀਓਗ੍ਰਸਤ ਹੋ ਗਈ ਸੀ। ਸੂਝਵਾਨ ਮਾਪਿਆਂ ਨੇ ਉਸ ਨੂੰ ਬਚਪਨ ਤੋਂ ਹੀ ਕਿਤਾਬਾਂ ਦੇ ਵਿਸ਼ਾਲ ਸੰਸਾਰ ਨਾਲ ਜੋੜ ਦਿੱਤਾ ਤਾਂ ਜੋ ਉਹ ਕਿਸੇ ਹੀਣ ਭਾਵਨਾ ਦਾ ਸ਼ਿਕਾਰ ਨਾ ਹੋ ਜਾਵੇ। ਉਸ ਦਾ ਕਹਿਣਾ ਹੈ, “ਮੇਰੀ ਜਾਚੇ ਕਿਤਾਬਾਂ ਮਨੁੱਖ ਜਾਤੀ ਦੀਆਂ ਸਭ ਤੋਂ ਵਧੀਆ ਦੋਸਤ ਹੀ ਨਹੀਂ, ਅਸਰਦਾਰ ਥੈਰੇਪੀ ਵੀ ਹਨ।” ਇਸੇ ਤਰ੍ਹਾਂ ਨੌਜਵਾਨ ਮਿੰਟੂ ਗੁਰੂਸਰੀਆ ਲੰਮਾ ਸਮਾਂ ਜੁਰਮ ਅਤੇ ਨਸ਼ੇ ਦੀ ਦਲਦਲ ਵਿੱਚ ਫਸਿਆ ਰਿਹਾ। ਅਚਾਨਕ ਇੱਕ ਦਿਨ ਉਸ ਦੇ ਹੱਥ ਪਿੰਗਲਵਾੜੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਦੀ ਜੀਵਨੀ ਲੱਗੀ ਜਿਸ ਨੇ ਉਸ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਅੱਜ ਉਹ ਪੰਜਾਬ ਦੇ ਸੁਹਿਰਦ ਨੌਜਵਾਨਾਂ ਦਾ ਰੋਲ ਮਾਡਲ ਹੈ।
ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਵਿਸ਼ਵ ਪ੍ਰਸਿੱਧ ਲੇਖਕ ਬਹੁਤ ਦੁਖਦਾਈ ਹਾਲਾਤ ਵਿੱਚੋਂ ਲੰਘੇ ਹੋਏ ਹਨ। ਜ਼ਿੰਦਗੀ ਵਿੱਚ ਹੰਢਾਇਆ ਦੁੱਖ-ਦਰਦ ਹੀ ਉਨ੍ਹਾਂ ਦੀ ਕਲਮ ਵਿੱਚ ਉਹ ਸੰਵੇਦਨਾ ਭਰਨ ਦਾ ਜ਼ਰੀਆ ਬਣਿਆ ਜੋ ਪਾਠਕ ਦੇ ਦਿਲ ’ਤੇ ਗਹਿਰਾ ਅਸਰ ਕਰਦੀ ਹੈ। ਲੇਖਣ ਕਲਾ ਲੇਖਕ ਦੇ ਆਪਣੇ ਮਨ ਦੇ ਭਾਵਾਂ ਦਾ ਵਿਰੇਚਨ ਕਰਦੀ ਹੋਈ ਉਸ ਦੀ ਸ਼ਖ਼ਸੀਅਤ ਵਿੱਚ ਉਸਾਰੂ ਤਬਦੀਲੀਆਂ ਲਿਆਉਣ ਦੀ ਸਮਰੱਥਾ ਰੱਖਦੀ ਹੈ। ਇਸ ਨੂੰ ਜੰਗ ਬਹਾਦੁਰ ਗੋਇਲ ਨੇ ‘ਲੇਖਣ ਥੈਰੇਪੀ’ ਦਾ ਨਾਮ ਦਿੱਤਾ ਹੈ।
ਬਹੁਤੀ ਵਾਰ ਲੇਖਕ ਆਪਣੀ ਹੀ ਜ਼ਿੰਦਗੀ ਦੀ ਕਹਾਣੀ ਕਿਸੇ ਹੋਰ ਪਾਤਰ ਦੇ ਨਾਮ ’ਤੇ ਲਿਖਦਾ ਹੈ। ਦੋਸਤੋਵਸਕੀ ਦੇ ਸਾਰੇ ਨਾਵਲ ਉਸ ਦੀ ਆਤਮ ਕਥਾ ਦੇ ਹੀ ਪੰਨੇ ਹਨ। ਟਾਲਸਟਾਏ ਦੇ ਵਿਸ਼ਵ ਪ੍ਰਸਿੱਧ ਨਾਵਲ ‘ਅੰਨਾ ਕਰੇਨੀਨਾ’ ਤੇ ‘ਵਾਰ ਐਂਡ ਪੀਸ’ ਦੇ ਨਾਇਕ ਉਸ ਦੀ ਆਪਣੀ ਸ਼ਖ਼ਸੀਅਤ ਦੇ ਹੀ ਅਨਿੱਖੜਵੇਂ ਅੰਗ ਹਨ। ਰੂਸ ਦਾ ਮਹਾਨ ਲੇਖਕ ਮੈਕਸਿਮ ਗੋਰਕੀ ਪੰਜ ਸਾਲ ਦੀ ਉਮਰ ਵਿੱਚ ਹੀ ਯਤੀਮ ਹੋ ਗਿਆ ਸੀ। ਉਸ ਦਾ ਬਚਪਨ ਬੇਹੱਦ ਔਖੇ ਹਾਲਾਤ ਵਿੱਚ ਬਤੀਤ ਹੋਇਆ। ਉਸ ਨੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਛੁਟਕਾਰਾ ਪਾਉਣ ਲਈ ਸਾਹਿਤ ਦਾ ਸਹਾਰਾ ਲਿਆ। ‘ਦਿ ਮਦਰ’ ਵਰਗੇ ਨਾਵਲ, ‘ਲੋਅਰ ਡੈਪਥਸ’ ਵਰਗੇ ਨਾਟਕ ਅਤੇ ‘ਇੱਕ ਨਵੇਂ ਇਨਸਾਨ ਦਾ ਜਨਮ’ ਵਰਗੀ ਸ਼ਾਹਕਾਰ ਕਹਾਣੀ ਦਾ ਰਚਨਾਕਾਰ ਬਣਿਆ। ਪੰਡਿਤ ਜਵਾਹਰ ਲਾਲ ਨਹਿਰੂ ਅਤੇ ਫ਼ੈਜ਼ ਅਹਿਮਦ ਫ਼ੈਜ਼ ਨੇ ਜੇਲ੍ਹ ਦੇ ਦਮਘੋਟੂ ਵਾਤਾਵਰਣ ਵਿੱਚ ਸ਼ਾਹਕਾਰ ਰਚਨਾਵਾਂ ਲਿਖੀਆਂ। ਮਹਾਂਕਵੀ ਟੈਗੋਰ ਨੇ ਆਪਣੀ ਜ਼ਿੰਦਗੀ ਦੀ ਹਰ ਔਖੀ ਸਥਿਤੀ ਵਿੱਚ ਕੋਈ ਨਾ ਕੋਈ ਮਹਾਨ ਕਵਿਤਾ, ਕਹਾਣੀ ਜਾਂ ਨਾਵਲ ਲਿਖਿਆ ਜਿਸ ਨਾਲ ਉਹ ਪਹਿਲਾਂ ਨਾਲੋਂ ਵੀ ਵੱਧ ਊਰਜਾਵਾਨ ਹੋ ਕੇ ਨਿਕਲੇ।
ਕਿਸੇ ਦੇ ਨਿੱਜੀ ਦੁੱਖਾਂ ਨੂੰ ਸੁਣਨ ਲਈ ਕਿਸੇ ਕੋਲ ਨਾ ਇੰਨੀ ਵਿਹਲ ਹੁੰਦੀ ਹੈ ਤੇ ਨਾ ਹੀ ਇੰਨਾ ਸਬਰ ਜਿੰਨਾ ਕਾਗਜ਼ਾਂ ਵਿੱਚ ਹੁੰਦਾ ਹੈ। ਕਾਗਜ਼ ’ਤੇ ਮਨ ਦੀ ਪੀੜਾ ਨੂੰ ਪ੍ਰਗਟ ਕਰਨਾ ਮਨੋ-ਚਿਕਿਤਸਕ ਨਾਲ ਗੱਲਾਂ ਕਰਨ ਵਾਂਗ ਹੈ। ਲਗਭਗ ਅਜਿਹੇ ਹੀ ਭਾਵ ਪੰਜਾਬੀ ਦੇ ਮਰਹੂਮ ਕਵੀ ਸੁਰਜੀਤ ਪਾਤਰ ਨੇ ਪ੍ਰਗਟਾਏ ਹਨ:
ਸੰਤਾਪ ਨੂੰ ਗੀਤ ਬਣਾ ਲੈਣਾ/ ਮੇਰੀ ਮੁਕਤੀ ਦਾ ਇਕ ਰਾਹ ਤਾਂ ਹੈ/ ਜੇ ਹੋਰ ਨਹੀਂ ਹੈ ਦਰ ਕੋਈ
ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ।
ਇਸ ਤਰ੍ਹਾਂ ‘ਸਾਹਿਤ ਸੰਜੀਵਨੀ’ ਮਹਿਜ਼ ਕਿਤਾਬ ਹੀ ਨਹੀਂ ਸਗੋਂ ਅਨੇਕ ਹੋਰ ਕਿਤਾਬਾਂ ਨੂੰ ਪੜ੍ਹਨ ਦਾ ਰਾਹ ਦਿਖਾਉਂਦੀ ਹੈ ਜੋ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਹਨੇਰੇ ਰਾਹਾਂ ਨੂੰ ਰੋਸ਼ਨੀ ਨਾਲ ਭਰ ਸਕਦੀਆਂ ਹਨ।
ਸੰਪਰਕ: 70878-61470