For the best experience, open
https://m.punjabitribuneonline.com
on your mobile browser.
Advertisement

ਸਾਈਨ ਬੋਰਡਾਂ ’ਤੇ ਪਿੰਡਾਂ ਦੇ ਨਾਮ ਗ਼ਲਤ ਲਿਖਣ ਕਾਰਨ ਰਾਹਗੀਰ ਪ੍ਰੇਸ਼ਾਨ

08:31 AM Aug 21, 2024 IST
ਸਾਈਨ ਬੋਰਡਾਂ ’ਤੇ ਪਿੰਡਾਂ ਦੇ ਨਾਮ ਗ਼ਲਤ ਲਿਖਣ ਕਾਰਨ ਰਾਹਗੀਰ ਪ੍ਰੇਸ਼ਾਨ
ਸਾਈਨ ਬੋਰਡਾਂ ’ਤੇ ਪਿੰਡਾਂ ਦੇ ਗ਼ਲਤ ਲਿਖੇ ਨਾਮ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਅਗਸਤ
ਪੁਆਧੀ ਖੇਤਰ ਵਿੱਚ ਆਉਂਦੇ ਘਨੌਰ ਹਲਕੇ ਵਿੱਚ ਲੋਕ ਨਿਰਮਾਣ ਵਿਭਾਗ ਵੱਲੋਂ ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਲਗਾਏ ਗਏ ਸਾਈਨ ਬੋਰਡ ਹੀ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਰਹੇ ਹਨ। ਪਿੰਡ ਲੋਹਾਖੇੜੀ ਵਿੱਚ ਪਿੰਡ ਅਲਾਲਮਾਜਰਾ ਦੇ ਦੋ ਗ਼ਲਤ ਨਾਮ ਵਾਲੇ ਸਾਈਨ ਬੋਰਡ ਲੱਗੇ ਹੋਏ ਹਨ ਜਿਸ ’ਤੇ ਅਲਾਲਮਾਜਰਾ ਦੀ ਥਾਂ ’ਤੇ ਲਾਲ ਮਾਜਰਾ ਲਿਖਿਆ ਹੋਇਆ ਹੈ। ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦਾ ਅਸਲ ਨਾਮ ਅਲਾਲਮਾਜਰਾ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਪਿੰਡ ਸਨੌਲੀਆ ਵਿੱਚ ਘਨੌਰ ਹਲਕੇ ਦੇ ਇਤਿਹਾਸਿਕ ਪਿੰਡ ਕਬੂਲਪੁਰ ਦੇ ਨਾਮ ‘ਤੇ ਲੱਗੇ ਸਾਈਨ ਬੋਰਡ ’ਤੇ ਵੀ ਪਿੰਡ ਦਾ ਨਾਮ ਕਬੂਲਪੁਰ ਦੀ ਥਾਂ ਮਕਬੂਲਪੁਰ ਲਿਖਿਆ ਹੋਇਆ ਹੈ। ਪਿੰਡ ਦੇ ਸਰਪੰਚ ਲੱਖਾ ਸਿੰਘ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਹਸਨਪੁਰ-ਕਬੂਲਪੁਰ ਇਤਿਹਾਸਕ ਧਰਤੀ ਹੈ ਜਿਸ ਲਈ ਦੂਰ ਦੁਰਾਡੇ ਤੋਂ ਸੰਗਤ ਦਰਸ਼ਨ ਕਰਨ ਲਈ ਆਉਂਦੀ ਹੈ, ਪਰ ਅਜਿਹੇ ਗ਼ਲਤ ਨਾਮ ਵਾਲੇ ਲੱਗੇ ਬੋਰਡਾਂ ਕਰਕੇ ਸੰਗਤ ਤੇ ਰਾਹਗੀਰ ਅਕਸਰ ਭੰਬਲਭੂਸੇ ਵਿੱਚ ਪੈ ਜਾਂਦੇ ਹਨ। ਇਸ ਤੋ ਇਲਾਵਾ ਤੀਜਾ ਸਾਈਨ ਬੋਰਡ ਪਿੰਡ ਖਲਾਸਪੁਰ ਦਾ ਵੀ ਗ਼ਲਤ ਲਿਖਿਆ ਹੋਇਆ ਜਿਸ ’ਤੇ ਖਲਾਸਪੁਰ ਦੀ ਥਾਂ ’ਤੇ ਖਾਲਸਪੁਰ ਲਿਖ ਦਿੱਤਾ ਗਿਆ।
ਐਡਵੋਕੇਟ ਚੌਧਰੀ ਕਰਮਜੀਤ ਸਿੰਘ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਇਤਿਹਾਸਕ ਪਿੰਡ ਕਬੂਲਪੁਰ ਦਾ ਸਾਈਨ ਬੋਰਡ ’ਤੇ ਨਾਮ ਗ਼ਲਤ ਲਿਖਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਇਸ ਗ਼ਲਤੀ ਨੂੰ ਜਲਦ ਤੋਂ ਜਲਦ ਸੁਧਾਰਿਆ ਜਾਵੇ।

Advertisement

ਜਲਦੀ ਜਾਂਚ ਕਰਕੇ ਸੁਧਾਰ ਕੀਤਾ ਜਾਵੇਗਾ: ਐੱਸਡੀਓ
ਸਾਈਨ ਬੋਰਡਾਂ ਬਾਰੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਮਿਆਂਕ ਕਾਂਸਲ ਦਾ ਕਹਿਣਾ ਸੀ ਕਿ ਅਜਿਹੀਆਂ ਥਾਵਾਂ ਦੀ ਜਲਦ ਜਾਂਚ ਕਰਕੇ ਸੁਧਾਰ ਕਰ ਦਿੱਤਾ ਜਾਵੇਗਾ।

Advertisement

Advertisement
Author Image

Advertisement