ਗੋਬਿੰਦਪੁਰਾ ਵਿੱਚ ਜੋੜ ਮੇਲਾ ਕਰਵਾਇਆ
ਪੱਤਰ ਪ੍ਰੇਰਕ
ਪਾਤੜਾਂ, 10 ਸਤੰਬਰ
ਦਿੱਲੀ-ਸੰਗਰੂਰ ਕੌਮੀ ਮਾਰਗ ਸਥਿਤ ਬਾਬਾ ਸ਼ਹੀਦ ਦੀ ਦਰਗਾਹ ਪਿੰਡ ਗੋਬਿੰਦਪੁਰਾ ਪੈਂਦ ਦਾ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰ ਕੇ ਬਾਬੇ ਸ਼ਹੀਦ ਦੀ ਦਰਗਾਹ ’ਤੇ ਸਿਜਦਾ ਕੀਤਾ ਤੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ। ਮੁੱਖ ਸੇਵਾਦਾਰ ਬਾਬਾ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜੋੜ ਮੇਲੇ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮਗਰੋਂ ਕੁਸ਼ਤੀ ਅਖਾੜੇ ਵਿੱਚ ਪਹਿਲਾਵਨਾਂ ਨੇ ਆਪਣੇ ਜੌਹਰ ਦਿਖਾਏ। ਝੰਡੀ ਦੀਆਂ ਕੁਸ਼ਤੀਆਂ ’ਚ ਪਹਿਲੀ ਕੁਸ਼ਤੀ ਪਹਿਲਵਾਨ ਗੁਰਪ੍ਰੀਤ ਸਿੰਘ ਬਿਲਡਵਾਲ ਅਖਾੜਾ ਨਾਭਾ ਤੇ ਪਹਿਲਵਾਨ ਪ੍ਰਗਟ ਸਿੰਘ ਪਾਤੜਾਂ ਵਿਚਕਾਰ ਹੋਈ। ਦੂਸਰੀ ਝੰਡੀ ਦੀ ਕੁਸ਼ਤੀ ਪਹਿਲਵਾਨ ਬਿਕਰਮ ਗੜ੍ਹੀ ਅਖਾੜਾ (ਹਰਿਆਣਾ) ਤੇ ਫਰੀਦ ਕਾਂਗਥਲੀ ਵਿੱਚ ਜਦੋਂਕਿ ਝੰਡੀ ਦੀ ਤੀਸਰੀ ਕੁਸ਼ਤੀ ਵਿਜੈ ਕੁਮਾਰ ਕਾਂਗਥਲੀ ਤੇ ਸੌਰਭ ਚੀਕਾ (ਹਰਿਆਣਾ) ਵਿਚਕਾਰ ਹੋਈ। ਕੁਸ਼ਤੀਆਂ ਦੌਰਾਨ ਟੀਟਾ ਪਹਿਲਵਾਨ ਗੜ੍ਹੀ, ਗੁਰਨਾਮ ਸਿੰਘ ਪੈਂਦ, ਅਵਤਾਰ ਸਿੰਘ ਤਾਰੀ ਤੇ ਸ਼ੈਂਕੀ ਪਾਤੜਾਂ ਨੇ ਰੈਫਰੀ ਦੀ ਭੂਮਿਕਾ ਨਿਭਾਈ। ਮੇਲਾ ਪ੍ਰਬੰਧਕਾਂ ਨੇ ਪਹਿਲਵਾਨਾਂ ਤੇ ਰੈਫਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਜਗਤਾਰ ਸਿੰਘ ਖਾਲਸਾ, ਜੱਗਾ ਸਿੰਘ ਖਾਲਸਾ ਤੇ ਜਲੰਧਰ ਸਿੰਘ ਬੁੱਟਰ ਨੇ ਮੇਲੇ ਚ ਭਰਪੂਰ ਯੋਗਦਾਨ ਦਿੱਤਾ।