ਸੰਸਦੀ ਕਮੇਟੀ ਨੇ ਬੀਐੱਸਐੱਨਐੱਲ ਦੀ ਸੇਵਾ ਨੂੰ ਲੈ ਕੇ ਨਾਖੁਸ਼ੀ ਜ਼ਾਹਿਰ ਕੀਤੀ
ਨਵੀਂ ਦਿੱਲੀ, 7 ਅਕਤੂਬਰ
ਸੰਸਦ ਦੀ ਇਕ ਕਮੇਟੀ ਨੇ ਸਰਕਾਰੀ ਮਾਲਕੀ ਵਾਲੇ ਭਾਰਤੀ ਸੰਚਾਰ ਨਿਗਮ ਲਿਮਿਟਡ (ਬੀਐੱਸਐੱਨਐੱਲ) ਦੀ ਸੇਵਾ ਦੀ ਗੁਣਵੱਤਾ ਅਤੇ ਗਾਹਕਾਂ ਵਿੱਚ ਘੱਟਦੇ ਆਧਾਰ ਨੂੰ ਲੈ ਕੇ ਅੱਜ ਨਾਖੁਸ਼ੀ ਜ਼ਾਹਿਰ ਕੀਤੀ। ਸੂਤਰਾਂ ਨੇ ਦੱਸਿਆ ਕਿ ਕਮੇਟੀ ਨੇ ਕੁਝ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ ’ਤੇ ਮਿਲਣ ਵਾਲੀ ਖ਼ਰਾਬ ਸੇਵਾ ਦਾ ਉਦਹਾਰਨ ਦਿੰਦੇ ਹੋਏ ਨਾਰਾਜ਼ਗੀ ਜ਼ਾਹਿਰ ਕੀਤੀ।
ਭਾਜਪਾ ਦੇ ਸੰਸਦ ਮੈਂਬਰ ਸੰਜੇ ਜੈਸਵਾਲ ਦੀ ਪ੍ਰਧਾਨਗੀ ਵਾਲੀ ਅਨੁਮਾਨ ਕਮੇਟੀ ਨੂੰ ਅਧਿਕਾਰੀਆਂ ਨੇ ਅਗਲੇ ਛੇ ਮਹੀਨਿਆਂ ਵਿੱਚ ਬਿਹਤਰ ਸੇਵਾਵਾਂ ਮੁਹੱਈਆ ਕਰਨ ਦਾ ਭਰੋਸਾ ਦਿੱਤਾ ਹੈ। ਸੂਤਰਾਂ ਅਨੁਸਾਰ, ਇਸ ਕੰਪਨੀ ਨਾਲ ਸਬੰਧਤ ਅਧਿਕਾਰੀਆਂ ਦਾ ਕਹਿਣਾ ਸੀ ਕਿ ਲਗਪਗ ਇਕ ਲੱਖ ਮੋਬਾਈਲ ਟਾਵਰਾਂ ਨੂੰ 4ਜੀ ਸੇਵਾ ਨਾਲ ਲੈਸ ਕੀਤਾ ਜਾਵੇਗਾ। ਫਿਲਹਾਲ, 4ਜੀ ਸੇਵਾ ਨਾਲ ਲੈਸ ਬੀਐੱਸਐੱਨਐੱਲ ਦੇ ਟਾਵਰਾਂ ਦੀ ਗਿਣਤੀ 24,000 ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਬੀਐੱਸਐੱਨਐੱਲ ਨੇ ਆਪਣੇ ਦੇਸ਼ ਦੀ ਤਕਨੀਕ ਦਾ ਸਹਾਰਾ ਲੈ ਕੇ ‘ਆਤਮਨਿਰਭਰ ਭਾਰਤ’ ਦੀ ਧਾਰਨਾ ’ਤੇ ਭਰੋਸਾ ਕੀਤਾ ਹੈ। ਟੈਲੀਕਾਮ ਸਕੱਤਰ ਨੀਰਜ ਮਿੱਤਲ ਤੇ ਬੀਐੱਸਐੱਨਐੱਲ ਦੇ ਸੀਐੱਮਡੀ ਵੀ ਮੀਟਿੰਗ ਵਿੱਚ ਸ਼ਾਮਲ ਸਨ। -ਪੀਟੀਆਈ