ਜੀਐੱਸਟੀ ਕੌਂਸਲ ਵੱਲੋਂ ਜੀਵਨ ਤੇ ਸਿਹਤ ਬੀਮਾ ਉੱਤੇ ਟੈਕਸ ਦਰਾਂ ਘਟਾਉਣ ਦਾ ਫੈਸਲਾ ਮੁਲਤਵੀ
ਜੈਸਲਮੇਰ, 21 ਦਸੰਬਰ
ਜੀਐੱਸਟੀ ਕੌਂਸਲ ਨੇ ਜੀਵਨ ਤੇ ਸਿਹਤ ਬੀਮੇ ਦੇ ਪ੍ਰੀਮੀਅਮਾਂ ਉੱਤੇ ਟੈਕਸ ਦਰ ਘਟਾਉਣ ਸਬੰਧੀ ਫੈਸਲਾ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਤੇ ਸੂਬਾਈ ਵਿੱਤ ਮੰਤਰੀਆਂ ਦੀ ਸ਼ਮੂਲੀਅਤ ਵਾਲੀ ਜੀਐੱਸਟੀ ਕੌਂਸਲ ਨੇ ਆਪਣੀ 55ਵੀਂ ਬੈਠਕ ਦੌਰਾਨ ਫੈਸਲਾ ਕੀਤਾ ਕਿ ਸਬੰਧਤ ਮੰਤਰੀ ਸਮੂਹ ਵੱਲੋਂ ਅਜੇ ਕੁਝ ਹੋਰ ਤਕਨੀਕੀ ਪੱਖਾਂ ਨੂੰ ਦੂਰ ਕਰਨ ਦੀ ਲੋੜ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਕਿਹਾ ਕਿ ਜੀਵਨ ਤੇ ਸਿਹਤ ਬੀਮੇ ਬਾਰੇ ਮੰਤਰੀ ਸਮੂਹ ਦੀ ਅਜੇ ਇਕ ਹੋਰ ਬੈਠਕ ਦੀ ਲੋੜ ਹੈ, ਜਿਸ ਵਿਚ ਸਮੂਹ, ਵਿਅਕਤੀ ਵਿਸ਼ੇਸ਼ ਤੇ ਸੀਨੀਅਰ ਸਿਟੀਜ਼ਨਾਂ ਨੂੰ ਟੈਕਸ ਲਾਉਣ ਬਾਰੇ ਪਾਲਿਸੀ ਉੱਤੇ ਫੈਸਲਾ ਕੀਤਾ ਜਾਣਾ ਹੈ। ਚੌਧਰੀ ਨੇ ਕਿਹਾ, ‘‘ਕੁਝ ਮੈਂਬਰਾਂ ਨੇ ਕਿਹਾ ਕਿ ਅਜੇ ਹੋਰ ਵਿਚਾਰ ਚਰਚਾ ਦੀ ਲੋੜ ਹੈ। ਅਸੀਂ (ਮੰਤਰੀ ਸਮੂਹ) ਜਨਵਰੀ ਵਿਚ ਮੁੜ ਬੈਠਕ ਕਰਾਂਗੇ।’’ ਚੌਧਰੀ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੇ ਨਵੰਬਰ ਵਿਚ ਹੋਈ ਬੈਠਕ ਦੌਰਾਨ ਜੀਵਨ ਬੀਮਾ ਪਾਲਿਸੀਆਂ ਦੇ ਪ੍ਰੀਮੀਅਮਾਂ ਨੂੰ ਜੀਐੱਸਟੀ ਤੋਂ ਛੋਟ ਦੇਣ ਦੀ ਸਹਿਮਤੀ ਦਿੱਤੀ ਸੀ। ਸਿਹਤ ਬੀਮਾ ਕਵਰ ਲਈ ਸੀਨੀਅਰ ਨਾਗਰਿਕਾਂ ਵੱਲੋਂ ਅਦਾ ਕੀਤੇ ਪ੍ਰੀਮੀਅਮ ਨੂੰ ਵੀ ਟੈਕਸ ਤੋਂ ਛੋਟ ਦੇਣ ਦੀ ਤਜਵੀਜ਼ ਰੱਖੀ ਗਈ ਸੀ। ਇਸ ਤੋਂ ਇਲਾਵਾ, 5 ਲੱਖ ਰੁਪਏ ਤੱਕ ਦੇ ਸਿਹਤ ਬੀਮੇ ਲਈ ਬਜ਼ੁਰਗ ਨਾਗਰਿਕਾਂ ਤੋਂ ਇਲਾਵਾ ਹੋਰ ਵਿਅਕਤੀਆਂ ਵੱਲੋਂ ਅਦਾ ਕੀਤੇ ਪ੍ਰੀਮੀਅਮਾਂ ਨੂੰ ਜੀਐਸਟੀ ਤੋਂ ਛੋਟ ਦੇਣ ਦੀ ਵੀ ਤਜਵੀਜ਼ ਹੈ। ਹਾਲਾਂਕਿ 5 ਲੱਖ ਰੁਪਏ ਤੋਂ ਵੱਧ ਦੇ ਸਿਹਤ ਬੀਮਾ ਕਵਰ ਵਾਲੀਆਂ ਪਾਲਿਸੀਆਂ ਲਈ ਭੁਗਤਾਨ ਕੀਤੇ ਪ੍ਰੀਮੀਅਮਾਂ ’ਤੇ 18 ਪ੍ਰਤੀਸ਼ਤ ਜੀਐਸਟੀ ਜਾਰੀ ਰਹੇਗਾ। -ਪੀਟੀਆਈ