ਮਾਪਿਆਂ ਨੇ ਸੜਕ ਹਾਦਸੇ ’ਚ ਹੋਈ ਪੁੱਤ ਦੀ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ
ਪੱਤਰ ਪ੍ਰੇਰਕ
ਬਨੂੜ, 1 ਅਗਸਤ
ਬਨੂੜ ਦੇ ਵਾਰਡ ਨੰਬਰ ਇੱਕ ਅਧੀਨ ਪੈਂਦੇ ਹਵੇਲੀ ਬਸੀ ਦੇ ਵਸਨੀਕ ਬਾਲੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਿਰਮੈਲ ਕੌਰ ਨੇ ਇੱਥੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਸੜਕ ਹਾਦਸੇ ਵਿੱਚ ਮਾਰੇ ਗਏ ਆਪਣੇ ਇਕਲੌਤੇ ਪੁੱਤਰ ਕਰਨਪ੍ਰੀਤ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਨ੍ਹਾਂ ਦੱਸਿਆ ਕਿ 24 ਮਈ 2024 ਨੂੰ ਕਰਨਪ੍ਰੀਤ ਨੂੰ ਕਿਸੇ ਨੇ ਪਾਰਟੀ ਦੇਣ ਲਈ ਘਰੋਂ ਬੁਲਾਇਆ ਸੀ। ਉਨ੍ਹਾਂ ਕਿਹਾ ਕਿ ਉਸੇ ਰਾਤ ਨੂੰ ਉਹ ਪਿੰਡ ਦੈੜੀ ਨੇੜੇ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ, ਜਿਸ ਨੂੰ ਪਹਿਲਾਂ ਉਹ ਇੱਕ ਨਿੱਜੀ ਹਸਪਤਾਲ ਵਿਚ ਲੈ ਗਏ ਅਤੇ ਉਨ੍ਹਾਂ ਵੱਲੋਂ ਪੀਜੀਆਈ ਰੈਫ਼ਰ ਕਰਨ ਮਗਰੋਂ 25 ਮਈ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਥਾਣਾ ਏਅਰੋ-ਸਿਟੀ ਵਿੱਚ ਇਸ ਮਾਮਲੇ ਸਬੰਧੀ ਹਾਦਸੇ ਦਾ ਪਰਚਾ ਦਰਜ ਹੋਇਆ ਸੀ। ਮ੍ਰਿਤਕ ਦੇ ਮਾਪਿਆਂ ਨੇ ਆਖਿਆ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਸੜਕ ਹਾਦਸਾ ਨਹੀਂ ਹੋਇਆ, ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਐੱਸਐੱਸਪੀ ਨੂੰ ਲਿਖੀ ਸ਼ਿਕਾਇਤ ਵਿੱਚ ਕੁਝ ਨਾਵਾਂ ਦਾ ਵੀ ਜ਼ਿਕਰ ਕੀਤਾ ਹੈ।