ਕਾਗਜ਼ੀ ਕਾਰਵਾਈ ਨੇ ਉਮੀਦਵਾਰਾਂ ਨੂੰ ਪਾਈਆਂ ਭਾਜੜਾਂ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ
ਪੰਚਾਇਤ ਚੋਣਾਂ ਦੀਆਂ ਨਾਮਜ਼ਦਗੀਆਂ ਸ਼ੁਰੂ ਤੋਂ ਬਾਅਦ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੇ ਦਫਤਰਾਂ ’ਚ ਇਕਦਮ ਉਬਾਲ ਆ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਚੁੱਲ੍ਹਾ ਟੈਕਸ ਕਟਾਉਣ ਅਤੇ ਨੋ ਡਿਊ ਸਰਟੀਫਿਕੇਟ ਲੈਣ ਵਾਸਤੇ ਦਫਤਰਾਂ ’ਚ ਪੁੱਜ ਰਹੇ ਹਨ। ਇਸ ਦੌਰਾਨ ਚੋਣ ਕਮਿਸ਼ਨਰ ਵੱਲੋਂ ਐਨਓਸੀ ਦੀ ਥਾਂ ਨੋਟਰੀ ਤੋਂ ਤਸਦੀਕਸ਼ੁਦਾ ਬਿਆਨ ਹਲਫੀ ਲਾਉਣ ਦੇ ਆਦੇਸ਼ ਆਉਣ ਕਰਕੇ ਲੋਕਾਂ ਨੂੰ ਮਿਲੀ ਰਾਹਤ ਵੀ ਉਸ ਵੇਲੇ ਕਾਫੂਰ ਹੋ ਗਈ ਜਦੋਂ ਰਿਟਰਨਿੰਗ ਅਫਸਰਾਂ ਨੇ ਐਨਓਸੀ ਤੋਂ ਬਗੈਰ ਨਾਮਜ਼ਦਗੀਆਂ ਕਰਾਉਣ ਤੋਂ ਨਾਂਹ ਕਰ ਦਿੱਤੀ। ਪਿੰਡ ਰੁਪਾਣਾ ਤੋਂ ਨਾਮਜ਼ਦਗੀ ਦੇਣ ਆਏ ਮਨਮੋਹਨ ਜੋਸ਼ੀ ਨੇ ਦੱਸਿਆ ਕਿ ਉਸ ਨੇ ਐਨਓਸੀ ਲੈਣ ਵਾਸਤੇ 30 ਸਤੰਬਰ ਨੂੰ ਫਾਇਲ ਜਮ੍ਹਾਂ ਕਰਵਾਈ ਸੀ ਪਰ ਅੱਜ ਜਦੋਂ ਐਨ ਓ ਸੀ ਲੈਣ ਗਏ ਤਾਂ ਫਾਇਲ ਹੀ ਨਹੀਂ ਲੱਭੀ। ਉ ਸਤੋਂ ਬਾਅਦ ਉਹ ਰਿਟਰਨਿੰਗ ਅਫਸਰ ਕੋਲ ਬਿਆਨ ਹਲਫੀ ਲੈ ਕੇ ਗਏ ਤਾਂ ਉਸ ਨੇ ਕਿਹਾ ਕਿ ਬਿਆਨ ਹਲਫੀ ਬੀਡੀਪੀਓ ਦਫਤਰ ਭੇਜਿਆ ਜਾਵੇਗਾ, ਜੇ ਉਥੋਂ ਐਨ ਓ ਸੀ ਆ ਗਿਆ ਤਾਂ ਫਾਇਲ ਮਨਜ਼ੂਰ ਕੀਤੀ ਜਾਵੇਗੀ। ਇਸੇ ਤਰ੍ਹਾਂ ਪਿੰਡ ਵੜਿੰਗ, ਫੱਤਣਵਾਲਾ, ਚੱਕ ਬਧਾਈ ਅਤੇ ਵੱਟੂ ਦੇ ਬਹੁਤ ਸਾਰੇ ਉਮੀਦਵਾਰਾਂ ਨੇ ਦੱਸਿਆ ਕਿ ਐੱਨਓਸੀ ਤੋਂ ਬਗੈਰ ਫਾਇਲਾਂ ਜਮ੍ਹਾਂ ਨਹੀਂ ਹੋ ਰਹੀਆਂ ਤੇ ਐਨ ਓਸੀ ਮਿਲ ਨਹੀਂ ਰਹੇ। ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲੀਸ ਦਾ ਪ੍ਰਬੰਧ ਵੀ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਅੰਦਰ ਮੁਕਤਸਰ, ਮਲੋਟ, ਗਿਦੜਬਾਹਾ ਤੇ ਲੰਬੀ ਦੀਆਂ 269 ਪੰਚਾਇਤਾਂ ਲਈ ਚੋਣਾਂ ਹੋਣੀਆਂ ਹਨ।
ਜੇ ਸਰਟੀਫਿਕੇਟ ਨਹੀਂ ਮਿਲਦਾ ਤਾਂ ਹਲਫੀਆ ਬਿਆਨ ਲਿਆ ਜਾਵੇਗਾ: ਅਧਿਕਾਰੀ
ਮੁਕਤਸਰ ਬਲਾਕ ਦੇ ਰਿਟਰਨਿੰਗ ਅਫਸਰਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਬਲਾਕ ਅਫਸਰ ਵੱਲੋਂ ‘ਨੋ ਡਿਊ ਸਰਟੀਫਿਕੇਟ’ ਜਾਰੀ ਕੀਤੇ ਜਾ ਰਹੇ ਹਨ ਇਸ ਲਈ ਸਰਟੀਫਿਕੇਟ ਹੀ ਪ੍ਰਵਾਨ ਕੀਤੇ ਜਾਂਦੇ ਹਨ ਜੇਕਰ ਕਿਸੇ ਵੀ ਹਾਲਤ ’ਚ ਸਰਟੀਫਿਕੇਟ ਨਹੀਂ ਮਿਲਦਾ ਤਾਂ ਬਿਆਨ ਹਲਫੀਆ ਬਿਆਨ ਲਿਆ ਜਾਵੇਗਾ। ਇਸ ਦੌਰਾਨ ਉਮੀਦਵਾਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਨੋ ਡਿਊ ਲੈਣ ਦਾ ਤਰੀਕਾ ਸੌਖਾ ਕੀਤਾ ਜਾਵੇ।