ਪਨਾਮਾ ਦੇ ਝੰਡੇ ਵਾਲੇ ਤੇਲ ਟੈਂਕਰ ਨੂੰ ਭਾਰਤੀ ਜਲ ਸੈਨਾ ਨੇ ਸੁਰੱਖਿਅਤ ਕੱਢਿਆ
ਨਵੀਂ ਦਿੱਲੀ, 28 ਅਪਰੈਲ
ਹੂਤੀ ਦਹਿਸ਼ਤਗਰਦਾਂ ਦੇ ਮਿਜ਼ਾਈਲ ਹਮਲੇ ਦੀ ਮਾਰ ਹੇਠ ਆਏ ਪਨਾਮਾ ਦੇ ਝੰਡੇ ਵਾਲੇ ਤੇਲ ਟੈਂਕਰ ਨੂੰ ਭਾਰਤੀ ਜਲ ਸੈਨਾ ਨੇ ਫੌਰੀ ਕਾਰਵਾਈ ਕਰਦਿਆਂ ਸੁਰੱਖਿਅਤ ਕੱਢ ਲਿਆ। ਬੇੜੇ ’ਤੇ ਸਵਾਰ ਅਮਲੇ ਦੇ 30 ਮੈਂਬਰਾਂ ’ਚ 22 ਭਾਰਤੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਅਮਲੇ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ 26 ਅਪਰੈਲ ਨੂੰ ਐੱਮਵੀ ਐਂਡਰੋਮੇਡਾ ਸਟਾਰ ਜਹਾਜ਼ ’ਤੇ ਹਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਭਾਰਤੀ ਜਲ ਸੈਨਾ ਦਾ ਬੇੜਾ ਆਈਐੱਨਐੱਸ ਕੋਚੀ ਤੁਰੰਤ ਹਰਕਤ ’ਚ ਆ ਗਿਆ ਸੀ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਇਰਾਨ ਦੀ ਹਮਾਇਤ ਪ੍ਰਾਪਤ ਹੂਤੀ ਦਹਿਸ਼ਤਗਰਦਾਂ ਨੇ ਯਮਨ ਤੋਂ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਸਨ ਜੋ ਲਾਲ ਸਾਗਰ ’ਚ ਬੇੜਿਆਂ ਮਾਇਸ਼ਾ ਅਤੇ ਐੱਮ ਵੀ ਐਂਡਰੋਮੇਡਾ ਸਟਾਰ ਨੇੜੇ ਆ ਕੇ ਡਿੱਗੀਆਂ। ਉਨ੍ਹਾਂ ਕਿਹਾ ਕਿ ਪਨਾਮਾ ਦੇ ਝੰਡੇ ਵਾਲੇ ਬੇੜੇ ਐੱਮ ਵੀ ਐਂਡਰੋਮੇਡਾ ਸਟਾਰ ਨੂੰ ਹਮਲੇ ’ਚ ਮਾਮੂਲੀ ਨੁਕਸਾਨ ਪਹੁੰਚਿਆ ਹੈ। ਭਾਰਤੀ ਜਲ ਸੈਨਾ ਨੇ ਕਿਹਾ ਕਿ ਉਨ੍ਹਾਂ ਦੇ ਬੇੜੇ ਨੇ ਹੈਲੀਕਾਪਟਰ ਦੀ ਸਹਾਇਤਾ ਨਾਲ ਹਾਲਾਤ ਦਾ ਜਾਇਜ਼ਾ ਲੈ ਕੇ ਸਮੁੰਦਰੀ ਜਹਾਜ਼ ਨੂੰ ਆਪਣੇ ਘੇਰੇ ’ਚ ਲੈ ਲਿਆ ਸੀ। ਜਲ ਸੈਨਾ ਨੇ ਇਕ ਬਿਆਨ ’ਚ ਕਿਹਾ ਕਿ ਇਹਤਿਆਤ ਵਜੋਂ ਉਨ੍ਹਾਂ ਐਕਸਪਲੋਸਿਵ ਆਰਡਨੈਂਸ ਡਿਸਪੋਜ਼ਲ ਟੀਮ ਵੀ ਤਾਇਨਾਤ ਕੀਤੀ ਸੀ। ਜਹਾਜ਼ ’ਤੇ ਸਵਾਰ ਅਮਲੇ ਦੇ ਸੁਰੱਖਿਅਤ ਹੋਣ ਕਰਕੇ ਜਹਾਜ਼ ਨੂੰ ਅਗਲੀ ਬੰਦਰਗਾਹ ਲਈ ਰਵਾਨਾ ਕਰ ਦਿੱਤਾ ਗਿਆ। ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤੀ ਜਲ ਸੈਨਾ ਕਈ ਸਮੁੰਦਰੀ ਜਹਾਜ਼ਾਂ ਦੀ ਸਹਾਇਤਾ ਲਈ ਅੱਗੇ ਆਈ ਹੈ। -ਪੀਟੀਆਈ