ਆਸਰੇ ਦੇਣ ਵਾਲੇ ਹੀ ਨਿਆਸਰੇ ਜਿਹੇ ਹੋ ਗਏ...
ਬਜ਼ੁਰਗ ਸਾਡੇ ਘਰਾਂ ਦਾ ਜਿਊਂਦਾ ਜਾਗਦਾ ਇਤਿਹਾਸ ਹੀ ਨਹੀਂ ਹੁੰਦੇ, ਸਗੋਂ ਸਾਡੇ ਵਾਸਤੇ ਹਰ ਪੱਖੋਂ ਸਾਜਗਾਰ ਹਾਲਾਤ ਪੈਦਾ ਕਰਨ ਲਈ ਉਨ੍ਹਾਂ ਵੱਲੋਂ ਕੀਤੀ ਜੱਦੋ-ਜਹਿਦ ਵੀ ਆਪਣੇ ਆਪ ਵਿੱਚ ਇੱਕ ਇਤਿਹਾਸ ਹੁੰਦੀ ਹੈ। ਇਸ ਤੋਂ ਅਸੀਂ ਬਹੁਤ ਕੁੱਝ ਸਿੱਖਣਾ ਹੁੰਦਾ ਹੈ। ਚੀਨੀ ਭਾਸ਼ਾ ਦਾ ਅਖਾਣ ਹੈ ‘ਸਫਲ ਹੋਣ ਲਈ ਤਿੰਨ ਬਜ਼ੁਰਗਾਂ ਦੀ ਸਲਾਹ ਲੈਣੀ ਚਾਹੀਦੀ ਹੈ।’
ਬਜ਼ੁਰਗ ਸਾਡੇ ਸਭ ਤੋਂ ਵੱਧ ਸਤਿਕਾਰ ਦੇ ਪਾਤਰ ਹਨ। ਜ਼ਿੰਦਗੀ ਦੀਆਂ ਅਨੇਕਾਂ ਤਲਖ ਹਕੀਕਤਾਂ ਨੂੰ ਉਨ੍ਹਾਂ ਨੇ ਆਪਣੇ ਪਿੰਡਿਆਂ ’ਤੇ ਹੰਡਾਇਆ ਹੁੰਦਾ ਹੈ। ਸਾਡੇ ਲਈ ਅਨੇਕਾਂ ਵਾਰ ਉਨ੍ਹਾਂ ਨੇ ਆਪਣੇ ਸੁੱਖ ਆਰਾਮ ਦੀ ਕੁਰਬਾਨੀ ਦਿੱਤੀ ਹੁੰਦੀ ਹੈ। ਉਹ ਜੋ ਕੁੱਝ ਆਪਣੀ ਜ਼ਿੰਦਗੀ ਵਿੱਚ ਨਹੀਂ ਕਰ ਸਕੇ ਹੁੰਦੇ, ਉਹ ਕੁੱਝ ਸਾਡੇ ਤੋਂ ਪੂਰਾ ਹੋਇਆ ਵੇਖਣਾ ਲੋਚਦੇ ਹਨ। ਜੋ ਉਹ ਨਹੀਂ ਬਣ ਸਕੇ, ਉਹ ਆਪਣੀ ਔਲਾਦ ਨੂੰ ਬਣਿਆ ਵੇਖਣਾ ਚਾਹੁੰਦੇ ਹਨ। ਮਾਪੇ ਔਲਾਦ ਨਾਲ ਕਿਸੇ ਗੱੱਲੋਂ ਗੁੱਸੇ ਹੋ ਸਕਦੇ ਹਨ, ਨਾਰਾਜ਼ ਹੋ ਸਕਦੇ ਹਨ, ਪਰ ਔਲਾਦ ਪ੍ਰਤੀ ਉਨ੍ਹਾਂ ਦੀ ਭਾਵਨਾ ਕਦੇ ਮਾੜੀ ਨਹੀਂ ਹੋ ਸਕਦੀ। ਕਿਹਾ ਜਾਂਦਾ ਹੈ ਕਿ ‘ਪੁੱਤ ਕਪੁੱਤ ਹੋ ਜਾਂਦੇ ਹਨ, ਪਰ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ।’ ਸਾਡੇ ਬਜ਼ੁਰਗ ਜਿਨ੍ਹਾਂ ਨੇ ਕਦੇ ਸਾਡੀ ਉਂਗਲ ਫੜ ਕੇ ਸਾਨੂੰ ਇਸ ਧਰਤੀ ’ਤੇ ਤੁਰਨਾ ਸਿਖਾਇਆ ਸੀ। ਸਾਨੂੰ ਅਨੇਕਾਂ ਵਾਰ ਡਿੱਗਣ ਲੱਗਿਆਂ ਨੂੰ ਉਨ੍ਹਾਂ ਦੇ ਮਜ਼ਬੂਤ ਹੱਥਾਂ ਨੇ ਸੰਭਾਲ ਲਿਆ ਸੀ। ਸਾਨੂੰ ਖ਼ੁਸ਼ ਵੇਖ ਕੇ ਉਨ੍ਹਾਂ ਦੇ ਚਿਹਰੇ ਖਿੜੇ ਸਨ, ਸਾਡੇ ਦੁੱਖ ਵਿੱਚ ਉਹ ਰੋਏ ਸਨ, ਸਾਡੇ ਉਦਾਸ ਹੋਣ ’ਤੇ ਉਦਾਸ ਹੋਏ ਸਨ। ਹਰ ਸਥਿਤੀ ਵਿੱਚ ਸਾਨੂੰ ਆਸਰੇ ਦੇਣ ਵਾਲੇ ਸਾਡੇ ਬਜ਼ੁਰਗ ਅੱਜ ਨਿਆਸਰੇ ਹੋ ਰਹੇ ਹਨ। ਉਹ ਨਿਰਾਸ਼ ਅਤੇ ਉਦਾਸ ਹਨ।
ਪੰਜਾਬ ਜਿੱਥੇ ਹਰ ਬਜ਼ੁਰਗ ਨੂੰ ਘਰ ਦਾ ਜਿੰਦਰਾ ਕਿਹਾ ਜਾਂਦਾ ਸੀ। ਕਦੇ ਇੱਕ ਘਰ ਦਾ ਬਜ਼ੁਰਗ ਬਾਬਾ ਸਾਰੇ ਪਿੰਡ ਦਾ ਬਾਬਾ ਹੁੰਦਾ ਸੀ। ਹਰ ਤਰ੍ਹਾਂ ਦੇ ਰੀਤੀ ਰਿਵਾਜ, ਰਸਮਾਂ, ਛੋਟੇ ਵੱਡੇ ਕੰਮ ਬਜ਼ੁਰਗਾਂ ਦੀਆਂ ਸਲਾਹਾਂ ਲੈ ਕੇ ਕੀਤੇ ਜਾਂਦੇ ਸਨ। ਹਰ ਘਰ ਵਿੱਚ ਬਜ਼ੁਰਗ ਬੀਬੀਆਂ, ਦਾਦੀਆਂ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਸੀ। ਸਾਰਾ ਪਰਿਵਾਰ ਨਿੱਕੇ ਨਿੱਕੇ ਕੰਮਾਂ, ਛੋਟੀਆਂ ਮੋਟੀਆਂ ਦੁੱਖ ਤਕਲੀਫ਼ਾਂ ਵਿੱਚ ਉਨ੍ਹਾਂ ਦੀਆਂ ਸਲਾਹਾਂ ਲੈ ਕੇ ਚੱਲਦਾ ਸੀ। ਪਿਛਲੇ ਇੱਕ ਦਹਾਕੇ ਵਿੱਚ ਸਾਡਾ ਸਮਾਜ ਬੜੀ ਤੇਜ਼ੀ ਨਾਲ ਬਦਲਿਆ ਹੈ। ਸੰਚਾਰ ਸਾਧਨਾਂ, ਮੋਬਾਈਲ ਅਤੇ ਇੰਟਰਨੈੱਟ ਕਰਕੇ ਸਾਡੇ ਸਮਾਜ ਦਾ ਚਿਹਰਾ ਮੋਹਰਾ ਬੜੀ ਤੇਜ਼ੀ ਨਾਲ ਤਬਦੀਲ ਹੋ ਰਿਹਾ ਹੈ। ਜ਼ਿੰਦਗੀ ਦੀ ਨੱਠ ਭੱਜ ਵਧੀ ਹੈ। ਰਿਸ਼ਤਿਆਂ ਵਿੱਚ ਪੇਤਲਾਪਣ ਆ ਗਿਆ ਹੈ। ਹਰ ਤਰ੍ਹਾਂ ਦੇ ਵਰਤਾਰੇ ਤੇਜ਼ੀ ਨਾਲ ਵਾਪਰਨ ਲੱਗੇ ਹਨ। ਇਸ ਸਭ ਕੁੱਝ ਨੇ ਮਨੁੱਖ ਦੇ ਕੁਦਰਤੀ ਰਹਿਣ ਸਹਿਣ ਨੂੰ ਲਗਭਗ ਖ਼ਤਮ ਹੀ ਕਰ ਦਿੱਤਾ ਹੈ। ਕੁਦਰਤ ਨਾਲੋਂ ਟੁੱਟਣ ਕਰਕੇ ਮਨੁੱਖ ਦੇ ਸੁਭਾਅ ’ਚੋਂ ਕੁਦਰਤੀ ਪ੍ਰਵਿਰਤੀਆਂ ਖ਼ਤਮ ਹੋਣ ਲੱਗੀਆਂ ਹਨ। ਫਿਲਮ ਦੇ ਦ੍ਰਿਸ਼ਾਂ ਵਾਂਗ ਤੇਜ਼ੀ ਨਾਲ ਬਦਲਦੇ ਵਰਤਾਰਿਆਂ ਨੇ ਸਾਨੂੰ ਆਪਣੇ ਨਾਲ ਵਹਾ ਲਿਆ ਹੈ ਅਤੇ ਸਾਡਾ ਸੁੱਖ ਚੈਨ ਖ਼ਤਮ ਕਰ ਦਿੱਤਾ ਹੈ। ਅਸੀਂ ਭੱਜ ਰਹੇ ਹਾਂ। ਵਸਤਾਂ ਲਈ ਲੱਗੀ ਘੋੜ ਦੌੜ ਨੇ ਸਾਨੂੰ ਆਪਣੇ ਆਪ ਦੀ ਸੁੱਧਬੁੱਧ ਭੁਲਾ ਦਿੱਤੀ ਹੈ। ਮਨੁੱਖ ਦੇ ਆਲੇ ਦੁਆਲੇ ਤੋਂ ਲੈ ਕੇ ਜ਼ਿਹਨ ਤੱਕ ਬਾਜ਼ਾਰ ਬੜੀ ਤੇਜ਼ੀ ਨਾਲ ਕਾਬਜ਼ ਹੋ ਰਿਹਾ ਹੈ। ਬਾਜ਼ਾਰੂ ਤਾਕਤਾਂ ਮਨੁੱਖ ਨੂੰ ਆਪਣੇ ਢੰਗ ਨਾਲ ਚਲਾਉਣ ਲੱਗੀਆਂ ਹਨ। ਰੇਡੀਮੇਡ ਵਸਤਾਂ ਦੀ ਭਰਮਾਰ ਨੇ ‘ਵਰਤੋ ਤੇ ਸੁੱਟੋ’ ਦੀ ਪ੍ਰਵਿਰਤੀ ਨੂੰ ਜਨਮ ਦਿੱਤਾ ਹੈ। ਸਾਡੇ ਰਿਸ਼ਤੇ ਨਾਤੇ ਵੀ ਇਸ ਪ੍ਰਵਿਰਤੀ ਤੋਂ ਅਭਿੱਜ ਨਹੀਂ ਰਹੇ। ਰਿਸ਼ਤਿਆਂ ਨੂੰ ਹੁਣ ‘ਕਦੋਂ, ਕੀ, ਕਿਵੇਂ’ ਹਾਸਲ ਕਰਨ ਦੀ ਪ੍ਰਵਿਰਤੀ ਨਾਲ ਵੇਖਿਆ ਜਾਣ ਲੱਗਿਆ ਹੈ। ਹਰ ਪਰਿਵਾਰ ਦੇ ਜੀਅ ਇਕਹਿਰੇ ਪਰਿਵਾਰ ਵਿੱਚ ਰਹਿਣ ਨੂੰ ਤਰਜੀਹ ਦੇਣ ਲੱਗੇ ਹਨ। ਬਜ਼ੁਰਗਾਂ ਨੂੰ ਇੱਕ ਤਰ੍ਹਾਂ ਨਾਲ ਵਾਧੂ ਬੋਝ ਸਮਝਿਆ ਜਾਣ ਲੱਗਿਆ ਹੈ। ਉਨ੍ਹਾਂ ਨੂੰ ਉਨ੍ਹਾਂ ਸਭ ਸਰਗਰਮੀਆਂ ਵਿੱਚ ਰੁਕਾਵਟ ਸਮਝਿਆ ਜਾਣ ਲੱਗਿਆ ਹੈ ਜਿਹੜੀਆਂ ਸਰਗਰਮੀਆਂ ਮਨੁੱਖ ਆਪਣੇ ਭਵਿੱਖ ਲਈ ਕਰ ਰਿਹਾ ਹੈ। ਇਹ ਠੀਕ ਹੈ ਕਿ ਸਾਨੂੰ ਭਵਿੱਖ ਪ੍ਰਤੀ ਚਿੰਤਤ ਰਹਿਣ ਦੀ ਲੋੜ ਹੁੰਦੀ ਹੈ, ਪਰ ਇਹ ਵੀ ਸਿਆਣਪ ਨਹੀਂ ਕਿ ਅਸੀਂ ਆਪਣੇ ਅਤੀਤ ਨਾਲੋਂ ਟੁੱਟ ਜਾਈਏ। ਅਤੀਤ ਤੋਂ ਕੁੱਝ ਸਿੱਖ ਕੇ ਹੀ ਭਵਿੱਖ ਲਈ ਸਾਰਥਕ ਕਦਮ ਪੁੱਟੇ ਜਾ ਸਕਦੇ ਹਨ।
ਕੁੱਝ ਦਹਾਕੇ ਪਹਿਲਾਂ ਪੰਜਾਬ ਦੀ ਧਰਤੀ ’ਤੇ ਕੋਈ ਬਿਰਧ ਆਸ਼ਰਮ ਨਹੀਂ ਸੀ। ਉਦੋਂ ਸ਼ਾਇਦ ਇਨ੍ਹਾਂ ਦੀ ਲੋੜ ਨਹੀਂ ਸੀ। ਅੱਜ ਪੰਜਾਬ ਵਿੱਚ ਬਹੁਤ ਸਾਰੇ ਬਿਰਧ ਆਸ਼ਰਮ ਬਣ ਗਏ ਹਨ ਅਤੇ ਹੋਰ ਬਣਾਏ ਜਾ ਰਹੇ ਹਨ। ਜਿਹੜੇ ਬਜ਼ੁਰਗਾਂ ਦੇ ਘਰ ਪਰਿਵਾਰ ਸਲਾਮਤ ਹੋਣ ਬਿਰਧ ਆਸ਼ਰਮ ਉਨ੍ਹਾਂ ਲਈ ਕੋਈ ਬਹੁਤ ਵਧੀਆ ਜਗ੍ਹਾ ਨਹੀਂ ਹੁੰਦੀ। ਪੰਜਾਬ ਦੇ ਪਿੰਡਾਂ ਵਿੱਚ ਇਹ ਹਾਲਾਤ ਵੀ ਰਹੇ ਹਨ ਕਿ ਜੇਕਰ ਕਿਸੇ ਜੋੜੇ ਨੂੰ ਕੋਈ ਸੰਭਾਲਣ ਵਾਲਾ ਨਹੀਂ ਤਾਂ ਆਂਢ ਗੁਆਂਢ ਦੇ ਲੋਕ ਉਨ੍ਹਾਂ ਨੂੰ ਪੁੱਤਰ-ਧੀਆਂ ਬਣ ਕੇ ਸਤਿਕਾਰ ਨਾਲ ਸੰਭਾਲਦੇ ਰਹੇ ਹਨ। ਅੱਜ ਦੋ-ਦੋ, ਤਿੰਨ-ਤਿੰਨ ਪੁੱਤਰਾਂ ਦੇ ਮਾਪੇ ਵੀ ਪਰੇਸ਼ਾਨ ਹਨ। ਗੱਲ ਗੱਲ ’ਤੇ ਉਨ੍ਹਾਂ ਨੂੰ ਟੋਕਿਆ ਅਤੇ ਵਰਜਿਆ ਜਾਂਦਾ ਹੈ। ਅਕਸਰ ਉਨ੍ਹਾਂ ਨੂੰ ਆਪਣੇ ਢਿੱਡੋਂ ਜੰਮਿਆਂ ਤੋਂ ਜ਼ਲੀਲ ਹੋਣਾ ਪੈਂਦਾ ਹੈ। ਘਰੇਲੂ ਮਾਮਲਿਆਂ ਵਿੱਚ ਉਨ੍ਹਾਂ ਦੀ ਕੋਈ ਸਲਾਹ ਨਹੀਂ ਲਈ ਜਾਂਦੀ। ਵੇਖਿਆ ਗਿਆ ਹੈ ਕਿ ਕਈ ਅਜਿਹੇ ਬਜ਼ੁਰਗ ਜਿਨ੍ਹਾਂ ਨੇ ਆਪਣੇ ਵੇਲੇ ਸਮਾਜ ਵਿੱਚ ਬੇਹੱਦ ਮਾਣ ਸਨਮਾਨ ਖੱਟਿਆ ਸੀ, ਉਨ੍ਹਾਂ ਦੀ ਉਮਰ ਦਾ ਪਿਛਲਾ ਪਹਿਰ ਬੇਹੱਦ ਦੁਖਦਾਈ ਹੋ ਨਿੱਬੜਦਾ ਹੈ। ਆਪਾ-ਧਾਪੀ ਦੇ ਇਸ ਆਲਮ ਵਿੱਚ ਚੰਗੇ ਇਨਸਾਨ ਵੀ ਮਿਲਦੇ ਹਨ ਜਿਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ।
ਆਪਣੇ ਬੇਹੱਦ ਬਜ਼ੁਰਗ ਹੋ ਚੁੱਕੇ ਸਹੁਰੇ ਨੂੰ ਦਵਾਈ ਦਿਵਾਉਣ ਲਿਆਈ ਇੱਕ ਸਿਆਣੀ ਨੂੰਹ ਨੇ ਉਸ ਬਜ਼ੁਰਗ ਸਬੰਧੀ ਇੱਕ ਹੋਰ ਔਰਤ ਨਾਲ ਗੱੱਲਬਾਤ ਕਰਦਿਆਂ ਕਿਹਾ, ‘‘ਇਨ੍ਹਾਂ ਵਿਚਾਰਿਆਂ ਨੇ ਕਿਤੇ ਸਦਾ ਇੱਥੇ ਬੈਠ ਰਹਿਣਾ ਹੈ? ਜੇ ਇਨ੍ਹਾਂ ਨੂੰ ਹੱਸ ਕੇ ਬੁਲਾਵਾਂਗੇ ਤਾਂ ਵੀ ਇਹ ਘਰ ਰਹਿਣਗੇ। ਜੇ ਅਸੀਂ ਇਨ੍ਹਾਂ ਨੂੰ ਝਾੜ ਝਾੜ ਸੁੱਟਾਂਗੇ ਤਾਂ ਵੀ ਇਹ ਸਾਡੇ ਕੋਲ ਹੀ ਹਨ। ਫਿਰ ਕਿਉਂ ਨਾ ਹਰ ਕੰਮ ਵਿੱਚ ਇਨ੍ਹਾਂ ਨੂੰ ਅਹਿਮੀਅਤ ਦੇਈਏ, ਇਨ੍ਹਾਂ ਦਾ ਖ਼ਿਆਲ ਰੱਖੀਏ?’’ ਜੇ ਅਸੀਂ ਇਹ ਆਪਣੇ ਮਨ ਵਿੱਚ ਸੰਕਲਪ ਕਰ ਲਈਏ ਕਿ ਸਾਡੇ ਮਾਂ ਬਾਪ, ਅਸੀਂ ਜਿਨ੍ਹਾਂ ਦੇ ਵਜੂਦ ਦਾ ਵਿਸਥਾਰ ਹਾਂ, ਦੀ ਸੇਵਾ ਅਸੀਂ ਹਰ ਹਾਲਤ ਵਿੱਚ ਕਰਨੀ ਹੈ ਤਾਂ ਇਹ ਕੋਈ ਬਹੁਤ ਵੱਡੀ ਮੁਸ਼ਕਿਲ ਨਹੀਂ ਸਗੋਂ ਅਜਿਹੀ ਸਥਿਤੀ ਸਾਨੂੰ ਅਤੇ ਸਾਡੇ ਬੱਚਿਆਂ ਵਿੱਚ ਸੇਵਾ ਭਾਵਨਾ ਪੈਦਾ ਕਰਨ ਦੇ ਮੌਕੇ ਪ੍ਰਦਾਨ ਕਰਦੀ ਹੈ। ਸਾਡੇ ਅੰਦਰ ਸੰਵੇਦਨਸ਼ੀਲਤਾ ਪੈਦਾ ਹੁੰਦੀ ਹੈ। ਅਸੀਂ ਦੂਜਿਆਂ ਦੇ ਸਾਹੀਂ ਸਾਹ ਲੈਂਦੇ ਹਾਂ, ਸਾਨੂੰ ਦੂਜਿਆਂ ਲਈ ਜਿਊਣ ਦਾ ਹੁਨਰ ਆਉਂਦਾ ਹੈ।
ਦੂਜੇ ਪਾਸੇ ਪੜ੍ਹੀ ਲਿਖੀ ਨਵੀਂ ਪੀੜ੍ਹੀ ਜਿੱਥੇ ਪੜ੍ਹ ਲਿਖ ਕੇ ਆਪਣੇ ਆਪ ਨੂੰ ਵਧੇਰੇ ਗਿਆਨਵਾਨ ਸਮਝਣ ਲੱਗ ਪਈ ਹੈ, ਉੱਥੇ ਸੱਚ ਇਹ ਵੀ ਹੈ ਕਿ ਸਮੇਂ ਦੇ ਬਦਲਣ ਨਾਲ ਸਾਡੇ ਸਮਾਜ ’ਚੋਂ ਮਾਨਵੀ ਗੁਣ ਫਿੱਕੇ ਪੈਣ ਲੱਗ ਪਏ ਹਨ। ਬੇਸ਼ੱਕ ਅਸੀਂ ਬਹੁਤ ਸਾਰੇ ਪੱਖਾਂ ਤੋਂ ਵਿਕਾਸ ਕਰ ਰਹੇ ਹਾਂ, ਪਰ ਹਕੀਕਤ ਇਹ ਹੈ ਕਿ ਪੜ੍ਹਿਆ ਲਿਖਿਆ ਸੱਭਿਅਕ ਸਮਾਜ ਉਸਾਰੂ ਅਤੇ ਨਿੱਗਰ ਕਦਰਾਂ ਕੀਮਤਾਂ ਪੱਖੋਂ ਲਗਾਤਾਰ ਕੰਗਾਲ ਹੋ ਰਿਹਾ ਹੈ। ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜੋ ਜਾਨਵਰਾਂ ਨਾਲੋਂ ਕਿਤੇ ਵੱਧ ਚੇਤਨ ਪ੍ਰਵਿਰਤੀ ਦਾ ਮਾਲਕ ਹੈ। ਆਪਣੇ ਅਤੀਤ ਪ੍ਰਤੀ ਫਿਕਰਮੰਦ ਹੋਣਾ ਵੀ ਇਸ ਦੇ ਹੀ ਹਿੱਸੇ ਆਇਆ ਹੈ। ਆਪਣੇ ਬਜ਼ੁਰਗਾਂ ਪ੍ਰਤੀ ਸੇਵਾ ਭਾਵਨਾ ਦੀ ਚੇਤਨ ਪ੍ਰਵਿਰਤੀ ਮਨੁੱਖ ਨੂੰ ਪਸ਼ੂਆਂ ਤੋਂ ਅਲੱਗ ਕਰਦੀ ਹੈ। ਜੇਕਰ ਸਾਡੇ ਅੰਦਰ ਸਾਡੇ ਬਜ਼ੁਰਗ ਮਾਪਿਆਂ ਪ੍ਰਤੀ ਸੰਵੇਦਨਾ ਦਾ ਭਾਵ ਨਹੀਂ ਤਾਂ ਸਾਡੇ ਅੰਦਰੋਂ ਸਾਡਾ ਮਨੁੱਖ ਹੋਣ ਦਾ ਪੱਧਰ ਵੀ ਨੀਵਾਂ ਹੋਣ ਲੱਗਦਾ ਹੈ।
ਜਿੱਥੇ ਅੱਜ ਸਮਾਜ ਵਿੱਚ ਬਜ਼ੁਰਗਾਂ ਦੀ ਹਾਲਤ ਪਹਿਲਾਂ ਦੇ ਮੁਕਾਬਲੇ ਪਤਲੀ ਹੋ ਰਹੀ ਹੈ, ਉੱਥੇ ਅੱਜ ਮਹਿੰਗੇ ਮੁੱਲ ਦੇ ਕੁੱਤੇ ਖ਼ਰੀਦਣੇ ਅਤੇ ਉਨ੍ਹਾਂ ਨੂੰ ਝੋਲੀਆਂ ਵਿੱਚ ਚੁੱਕੀ ਫਿਰਨਾ ਇੱਕ ਤਰ੍ਹਾਂ ਦਾ ਸਟੇਟਸ ਬਣ ਰਿਹਾ ਹੈ। ਡੌਗ ਕਲੀਨਕ ਖੁੱਲ੍ਹ ਰਹੇ ਹਨ, ਕੁੱਤਿਆਂ ਲਈ ਵੰਨ ਸੁਵੰਨੇ ਮਹਿੰਗੇ ਖਾਣੇ, ਦਵਾਈਆਂ, ਪਟੇ, ਸੰਗਲੀਆਂ ਅਤੇ ਹੋਰ ਵਸਤਾਂ ਦੀਆਂ ਦੁਕਾਨਾਂ ਹਰ ਵੱਡੇ ਛੋਟੇ ਸ਼ਹਿਰ ਦਾ ਸ਼ਿੰਗਾਰ ਬਣ ਰਹੀਆਂ ਹਨ। ਠੀਕ ਹੈ ਕੁੱਤੇ-ਬਿੱਲੀਆਂ ਅਤੇ ਹੋਰ ਜਾਨਵਰਾਂ ਨਾਲ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਸਾਡੀ ਪਹਿਲੀ ਤਰਜੀਹ ਮਨੁੱਖਾਂ ਲਈ ਹੋਣੀ ਚਾਹੀਦੀ ਹੈ। ਇਹ ਭਾਵੇਂ ਸਾਡੇ ਘਰ ਪਰਿਵਾਰ ਦੇ ਜੀਅ ਹੋਣ ਜਾਂ ਸਾਡੇ ਸਮਾਜ ਦੇ ਲੋਕ। ਆਪਣੇ ਘਰਾਂ-ਕੋਠੀਆਂ ਦੇ ਡਰਾਇੰਗ ਰੂਮਾਂ ਵਿੱਚ ਮਹਿੰਗੀਆਂ ਅਤੇ ਪੁਰਾਤਨ ਵਸਤਾਂ ਸਜਾ ਕੇ ਵਿਖਾਵਾ ਕਰਨਾ ਸਾਡੇ ਸਮਾਜ ਦਾ ਆਮ ਵਰਤਾਰਾ ਬਣ ਗਿਆ ਹੈ। ਅਜਿਹਾ ਕਰਕੇ ਅਸੀਂ ਇਹ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਪੁਰਾਤਨ ਵਿਰਸੇ ਪ੍ਰਤੀ ਲਗਾਅ ਰੱਖਦੇ ਹਾਂ, ਪਰ ਸਾਡਾ ਅਸਲ ਵਿਰਸਾ ਸਾਡੇ ਬਜ਼ੁਰਗ ਉਸੇ ਹੀ ਘਰ ਦੇ ਕਿਸੇ ਹਨੇਰੇ ਕੋਨੇ ਵਿੱਚ ਪਏ ਸਿਸਕ ਰਹੇ ਹੁੰਦੇ ਹਨ।
ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਵਿੱਚ ਬਜ਼ੁਰਗਾਂ ਦੀਆਂ ਵੱਖ ਵੱਖ ਜਿਊਣ ਹਾਲਤਾਂ ਹਨ। ਕੁੱਝ ਮੁਲਕਾਂ ਵਿੱਚ ਬਹੁਤ ਵਧੀਆ ਅਤੇ ਕੁੱਝ ਮੁਲਕਾਂ ਵਿੱਚ ਬੇਹੱਦ ਮਾੜੀਆਂ ਜਿਊਣ ਹਾਲਤਾਂ ਵਿੱਚ ਬਜ਼ੁਰਗਾਂ ਦੀ ਉਮਰ ਦਾ ਪਿਛਲਾ ਪਹਿਰ ਬੀਤਦਾ ਹੈ। ਵਿਕਸਤ ਮੁਲਕਾਂ ਵਿੱਚ ਬਜ਼ੁਰਗਾਂ ਨੂੰ ਇਕੱਲਤਾ ਦਾ ਸੰਤਾਪ ਤਾਂ ਭੋਗਣਾ ਪੈਂਦਾ ਹੈ, ਪਰ ਉਨ੍ਹਾਂ ਲਈ ਸਹੂਲਤਾਂ ਸਾਡੇ ਨਾਲੋਂ ਕਿਤੇ ਬਿਹਤਰ ਹਨ। ਉਮਰ ਦੇ ਵਧਣ ਨਾਲ ਮਨੁੱਖੀ ਸਰੀਰ ਵਿੱਚ ਵੱਡੀਆਂ ਤਬਦੀਲੀਆਂ ਵਾਪਰਦੀਆਂ ਹਨ। ਜਿੱਥੇ ਸਰੀਰ ਦੀ ਚੁਸਤੀ ਫੁਰਤੀ ਖ਼ਤਮ ਹੋਣ ਲੱਗਦੀ ਹੈ, ਉੱਥੇ ਮਨੁੱਖ ਦਿਮਾਗ਼ੀ ਤੌਰ ’ਤੇ ਕਮਜ਼ੋਰ ਹੋਣ ਲੱਗਦਾ ਹੈ। ਉਸ ਦੀ ਯਾਦ ਸ਼ਕਤੀ ਪਹਿਲਾਂ ਜਿਹੀ ਨਹੀਂ ਰਹਿੰਦੀ, ਸੋਚ ਵਿਚਾਰ ਕਰਨ ਦੀ ਪ੍ਰਵਿਰਤੀ ਵੀ ਪ੍ਰਭਾਵਿਤ ਹੁੰਦੀ ਹੈ। ਇੱਕ ਅਖਾਣ ਹੈ, ‘ਉਮਰ ਵਧਦੀ ਹੈ ਤਾਂ ਦਿਲ ’ਚ ਇਕੱਲਤਾ ਵੀ ਵਧਦੀ ਹੈ।’
ਉਮਰ ਦੇ ਵਧਣ ਨਾਲ ਆਸਰਿਆਂ ਦੀ ਲੋੜ ਭਾਸਦੀ ਹੈ। ਵਡੇਰੀ ਉਮਰ ਦੀਆਂ ਲੋੜਾਂ ਕੇਵਲ ਰੋਟੀ, ਕੱਪੜਾ ਅਤੇ ਮਕਾਨ ਹੀ ਨਹੀਂ ਹੁੰਦੀਆਂ ਸਗੋਂ ਉਮਰ ਦੇ ਵਧਣ ਨਾਲ ਇਹ ਤੀਬਰ ਇੱਛਾ ਪੈਦਾ ਹੁੰਦੀ ਹੈ ਕਿ ਕੋਈ ਹੋਵੇ ਜੋ ਸਾਡੇ ਨਾਲ ਕੁੱਝ ਪਲ ਗੱਲਬਾਤ ਕਰੇ, ਸਾਡੇ ਨਾਲ ਦੁਖ-ਸੁਖ ਸਾਂਝਾ ਕਰੇ। ਉਨ੍ਹਾਂ ਦੇ ਮਨਾਂ ਅੰਦਰਲੇ ਵਲਵਲਿਆਂ ਨੂੰ ਸੁਣਨ ਲਈ ਕੋਲ ਬੈਠੇ। ਕੋਈ ਅਚਾਨਕ ਕਹੇ ਕਿ ‘‘ਮੈਂ ਤੁਹਾਡੇ ਲਈ ਬਾਜ਼ਾਰੋਂ ਆਹ ਲੈ ਕੇ ਆਇਆ ਹਾਂ। ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਦੱਸੋ?’ ਸਾਨੂੰ ਚਾਹੀਦਾ ਹੈ ਕਿ ਅਸੀਂ ਬਜ਼ੁਰਗਾਂ ਦੀਆਂ ਨਿੱਕੀਆਂ ਲੋੜਾਂ ਲਈ ਸਮਾਂ ਕੱਢੀਏ। ਉਨ੍ਹਾਂ ਲਈ ਦਵਾਈ ਦਾਰੂ ਦਾ ਖ਼ਿਆਲ ਰੱਖੀਏ। ਉਨ੍ਹਾਂ ਲਈ ਕੱਪੜੇ, ਕੁੱਝ ਚੰਗਾ ਖਾਣ ਪੀਣ, ਬਾਹਰ ਘੁੰਮਣ ਫਿਰਨ ਵਿੱਚ ਮਦਦ ਕਰੀਏ। ਉਨ੍ਹਾਂ ਦੇ ਨਹੁੰ ਕੱਟੀਏ, ਸਮੇਂ ਸਿਰ ਖਾਣਾ ਦੇਈਏ। ਭਾਵੇਂ ਅਜਿਹਾ ਕਰਨਾ ਸਾਡਾ ਫਰਜ਼ ਬਣਦਾ ਹੈ, ਪਰ ਸਾਡੇ ਬਜ਼ੁਰਗ ਇਹ ਹਿਸਾਬ ਕਿਤਾਬ ਆਪਣੀਆਂ ਅਸੀਸਾਂ ਨਾਲ, ਨਾਲੋਂ ਨਾਲ ਹੀ ਬਰਾਬਰ ਕਰ ਦਿੰਦੇ ਹਨ। ਸਾਡੇ ’ਤੇ ਮਾਣ ਕਰਦੇ ਹਨ। ਅਜਿਹਾ ਅਹਿਸਾਸ ਇੱਕ ਵੱਖਰਾ ਆਨੰਦ ਦਿੰਦਾ ਹੈ।
‘ਕਲਯੁੱਗੀ ਪੁੱਤ ਹੱਥੋਂ ਮਾਂ ਦਾ ਕਤਲ’ ਅਤੇ ‘ਜਾਇਦਾਦ ਲਈ ਪੁੱਤ ਵੱਲੋਂ ਬਾਪ ਦਾ ਕਤਲ’ ਵਰਗੇ ਸਿਰਲੇਖ ਵਾਲੀਆਂ ਖ਼ਬਰਾਂ ਸਾਡੇ ਅਖ਼ਬਾਰਾਂ ਵਿੱਚ ਅਕਸਰ ਪ੍ਰਕਾਸ਼ਿਤ ਹੁੰਦੀਆਂ ਹਨ। ਅਜਿਹੀਆਂ ਖ਼ਬਰਾਂ ਦਾ ਪ੍ਰਕਾਸ਼ਿਤ ਹੋਣਾ ਇਸ ਗੱਲ ਦਾ ਸੂਚਕ ਹੈ ਕਿ ਪਦਾਰਥਕ ਵਸਤਾਂ ਦੀ ਹਵਸ ਵਿੱਚ ਅੰਨ੍ਹੇ ਹੋਏ ਮਨੁੱਖ ਦਾ ਇਖ਼ਲਾਕ ਕਿਸ ਕਦਰ ਰਸਾਤਲ ਵੱਲ ਜਾ ਰਿਹਾ ਹੈ। ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਸੁਭਾਅ ’ਚੋਂ ਮਨਫੀ ਹੋ ਰਿਹਾ ਹੈ। ਅਜਿਹਾ ਸਿਰਫ਼ ਪਰਿਵਾਰ ਵਿੱਚ ਹੀ ਨਹੀਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਧਿਆਪਕਾਂ ਦਾ ਮਾਣ ਸਤਿਕਾਰ ਪਹਿਲਾਂ ਜਿਹਾ ਨਹੀਂ ਰਿਹਾ। ਕੁੱਝ ਹੀ ਸਾਲ ਪਹਿਲਾਂ ਅਧਿਆਪਕਾਂ ਨੂੰ ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਕਰੀਬੀ ਰਿਸ਼ਤੇਦਾਰਾਂ ਵਾਂਗ ਮਿਲਦੇ ਹੁੰਦੇ ਸਨ, ਪਰ ਅੱਜਕੱਲ੍ਹ ਅਜਿਹਾ ਕੁੱਝ ਲੋਪ ਹੋ ਰਿਹਾ ਹੈ। ਜਿੱਥੇ ਅੱਜ ਸਮਾਜ ਵਿੱਚ ਆਪਣੇ ਬਜ਼ੁਰਗਾਂ ਦੇ ਸਤਿਕਾਰ ਪ੍ਰਤੀ ਚੇਤਨਾ ਪੈਦਾ ਕਰਨ ਦੀ ਲੋੜ ਹੈ, ਉੱਥੇ ਸਾਡੇ ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਉਹ ਜਿੰਨੀ ਦੇਰ ਤੁਰਦੇ ਫਿਰਦੇ ਹਨ, ਆਪਣੇ ਆਪ ਨੂੰ ਤਰਸ ਦੇ ਪਾਤਰ ਨਾ ਬਣਾਉਣ ਬਲਕਿ ਸਵੈਮਾਣ ਦੀ ਭਾਵਨਾ ਨਾਲ ਸਮਾਜ ਵਿੱਚ ਵਿਚਰਨ।
ਅੱਜ ਭਾਰਤ ਵਿੱਚ ਲਗਭਗ ਸਾਢੇ ਚਾਰ ਕਰੋੜ ਅਜਿਹੇ ਬਜ਼ਰਗ ਹਨ ਜੋ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ, ਪਰ ਇਸ ਦੇ ਬਾਵਜੂਦ ਪੇਟ ਦੀ ਅੱਗ ਨੂੰ ਝੁਲਕਾ ਦੇਣ ਲਈ ਉਨ੍ਹਾਂ ਨੂੰ ਹਰ ਰੋਜ਼ ਮੁਸ਼ੱਕਤ ਕਰਨੀ ਪੈਂਦੀ ਹੈ। ਵੱਡੀ ਗਿਣਤੀ ਵਿੱਚ ਅਜਿਹੇ ਬਜ਼ੁਰਗ ਹਨ ਜੋ ਘਰ ਪਰਿਵਾਰ ਹੋਣ ਦੇ ਬਾਵਜੂਦ ਇਕੱਲੇ ਰਹਿ ਰਹੇ ਹਨ। ਬਿਰਧ ਆਸ਼ਰਮ ਬੇਸਹਾਰਾ ਹੋ ਗਏ ਜਾਂ ਕਰ ਦਿੱਤੇ ਗਏ ਬਜ਼ੁਰਗਾਂ ਨਾਲ ਭਰੇ ਪਏ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਤਿਕਾਰਯੋਗ ਬਜ਼ੁਰਗਾਂ ਦਾ ਸਤਿਕਾਰ ਕਰੀਏ, ਜਿਨ੍ਹਾਂ ਨੇ ਸਾਡੇ ਲਈ ਅਨੇਕਾਂ ਗਰਮੀਆਂ ਅਤੇ ਸਰਦੀਆਂ ਨੂੰ ਆਪਣੇ ਤਨ ’ਤੇ ਜਰਿਆ ਹੁੰਦਾ ਹੈ। ਉਸ ਸਮਾਜ ਨੂੰ ਕਿਸੇ ਵੀ ਤਰ੍ਹਾਂ ਵਧੀਆ ਸਮਾਜ ਨਹੀਂ ਕਿਹਾ ਜਾ ਸਕਦਾ ਜਿਸ ਵਿੱਚ ਲੋਕ ਆਪਣੇ ਬਜ਼ੁਰਗਾਂ ਦਾ ਸਤਿਕਾਰ ਨਾ ਕਰਦੇ ਹੋਣ।
ਸਾਨੂੰ ਚਾਹੀਦਾ ਹੈ ਕਿ ਅਸੀਂ ਵਡੇਰੀ ਉਮਰ ਦੇ ਹਰ ਬਜ਼ੁਰਗ ਨੂੰ ਸਤਿਕਾਰ ਦੇਈਏ। ਉਨ੍ਹਾਂ ਦੀਆਂ ਲੋੜਾਂ ਦਾ ਖ਼ਿਆਲ ਰੱਖੀਏ। ਜ਼ਰੂਰਤ ਸਮੇਂ ਉਨ੍ਹਾਂ ਦੇ ਕੰਮ ਆਈਏ। ਉਨ੍ਹਾਂ ਦੀਆਂ ਅੱਖਾਂ ਠੀਕ ਨਹੀਂ ਤਾਂ ਆਪਣੀ ਅੱਖਾਂ ਨਾਲ ਉਨ੍ਹਾਂ ਲਈ ਵੇਖੀਏ, ਹੱਥ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਤਾਂ ਆਪਣੇ ਹੱਥਾਂ ਨੂੰ ਉਨ੍ਹਾਂ ਦੀ ਸੇਵਾ ਵਿੱਚ ਪੇਸ਼ ਕਰੀਏ। ਲੱਤਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਉਨ੍ਹਾਂ ਦਾ ਸਹਾਰਾ ਬਣੀਏ। ਸਾਡੇ ਵੱਲੋਂ ਅਜਿਹਾ ਕਰਨਾ ਸਾਡੇ ਹੀ ਨਹੀਂ ਬਲਕਿ ਸਾਡੇ ਸਮਾਜ ਲਈ ਵੀ ਆਪਣੇ ਆਪ ਵਿੱਚ ਇੱਕ ਵਧੀਆ ਕਾਰਜ ਹੋਵੇਗਾ। ਅਸੀਂ ਚੜ੍ਹਦੇ ਸੂਰਜ ਨੂੰ ਲੱਖ ਵਾਰ ਸਲਾਮ ਕਰੀਏ, ਪਰ ਢਲਦਾ ਸੂਰਜ ਵੀ ਸਾਡੇ ਸਤਿਕਾਰ ਦਾ ਪਾਤਰ ਹੋਣਾ ਚਾਹੀਦਾ ਹੈ। ਇੱਕ ਦਿਨ ਅਸੀਂ ਸਭ ਨੇ ਵੀ ਉਸ ਅਵਸਥਾ ਵਿੱਚ ਪਹੁੰਚਣਾ ਹੈ। ਅੰਤ ਵਿੱਚ ਇੱਕ ਸ਼ਿਅਰ ਨਾਲ ਗੱਲ ਸਮਾਪਤ ਕਰਦਾ ਹਾਂ;
ਆਸਰੇ ਦੇਣ ਵਾਲੇ ਵੀ ਨਿਆਸਰੇ ਜਿਹੇ ਹੋ ਗਏ
ਖ਼ੁਦਗਰਜ਼ੀਆਂ ਦੀ ਵਗੀ ਕੇਹੀ ਹਵਾ ਹੈ ਤੇਰੇ ਸ਼ਹਿਰ ਵਿੱਚ।
ਸੰਪਰਕ: 98550-51099