ਸ਼ਹੀਦੀ ਹਫ਼ਤਾ
ਜਤਿੰਦਰ ਮੋਹਨ
ਦਸੰਬਰ ਦਾ ਮਹੀਨਾ ਕੀ ਚੜ੍ਹਿਆ ਸਰਦੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਸਰਦੀ ਕਾਰਨ ਹਰ ਰੋਜ਼ ਤਾਪਮਾਨ ਘਟਦਾ ਹੀ ਜਾਂਦਾ ਤਾਂ ਲੋਕ ਗਰਮੀ ਨੂੰ ਯਾਦ ਕਰਨ ਲੱਗੇ। ਇੰਨੇ ਜ਼ਿਆਦਾ ਕੱਪੜੇ ਪਹਿਨਣੇ ਹਰ ਵਿਅਕਤੀ ਦੇ ਵੱਸ ਦਾ ਕੰਮ ਨਹੀਂ। ਜਿਨ੍ਹਾਂ ਲੋਕਾਂ ਨੂੰ ਘਰ ਤੋਂ ਬਾਹਰ ਜਾਣਾ ਪੈਂਦਾ ਹੈ, ਉਹ ਹੋਰ ਵੀ ਦੁਖੀ ਹੁੰਦੇ ਹਨ। ਇਹ ਵਰਤਾਰਾ ਕਈ ਦਿਨ ਚੱਲਦੇ ਰਹਿਣ ਦੀ ਉਮੀਦ ਸੀ ਕਿਉਂਕਿ ਮੌਸਮ ਵਿਭਾਗ ਲਗਾਤਾਰ ਠੰਢ ਪੈਣ ਦੀ ਚਿਤਾਵਨੀ ਦੇ ਰਿਹਾ ਸੀ।
ਇੱਕ ਦਿਨ ਜਸਕਰਨ ਆਪਣੇ ਨਾਨਕੇ ਘਰ ਆਇਆ ਤਾਂ ਸਭ ਨੇ ਖ਼ੁਸ਼ੀ ਮਨਾਈ, ਜਿੱਥੇ ਮਾਮੇ-ਮਾਮੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਖ਼ੁਸ਼ੀ ਮਨਾਈ, ਉੱਥੇ ਉਸ ਦੀ ਨਾਨੀ ਮਹਿੰਦਰ ਕੌਰ ਤੋਂ ਵੀ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ। ਉਸ ਨੂੰ ਚਾਅ ਚੜ੍ਹਿਆ ਹੋਇਆ ਸੀ ਕਿ ਆਖਰ ਉਸ ਦਾ ਦੋਹਤਾ ਨਾਨਕੇ ਘਰ ਜੋ ਆਇਆ ਹੈ। ਜਸਕਰਨ ਪੜ੍ਹਾਈ ਵਿੱਚ ਔਸਤ ਵਿਦਿਆਰਥੀਆਂ ਵਿੱਚੋਂ ਸੀ। ਸ਼ਰਾਰਤੀ ਅਤੇ ਮਜ਼ਾਕੀਏ ਸੁਭਾਅ ਦਾ ਮਾਲਕ ਹੋਣ ਕਰਕੇ ਉਹ ਕਈ ਵਾਰ ਆਪਣੇ ਸਾਹਮਣੇ ਵਾਲੇ ਨੂੰ ਵੀ ਨਾਰਾਜ਼ ਕਰ ਲੈਂਦਾ ਸੀ।
ਦਸੰਬਰ ਮਹੀਨੇ ਦੀ 21 ਤਰੀਕ ਸੀ। ਜਦੋਂ ਸ਼ਾਮ ਵੇਲੇ ਜਸਕਰਨ ਤੇ ਉਸ ਦੇ ਮਾਮਿਆਂ ਦੇ ਬੱਚੇ ਬਾਹਰੋਂ ਖੇਡ ਕੇ ਮੁੜੇ ਤਾਂ ਮਹਿੰਦਰ ਕੌਰ ਆਪਣਾ ਬਿਸਤਰਾ ਚੁੱਕ ਕੇ ਭੁੰਜੇ ਹੀ ਵਿਛਾਉਣ ਲੱਗ ਪਈ। ਉਸ ਦਾ ਚਿਹਰਾ ਉਦਾਸ ਸੀ। ਜਸਕਰਨ ’ਤੇ ਅਜਿਹੀਆਂ ਗੱਲਾਂ ਦਾ ਅਸਰ ਘੱਟ ਹੀ ਸੀ, ਪਰ ਉਸ ਨੇ ਆਪਣੀ ਨਾਨੀ ਨੂੰ ਬਿਨਾਂ ਵਿਚਾਰੇ ਹੀ ਕਹਿ ਦਿੱਤਾ, ‘‘ਨਾਨੀ ਐਂ ਲੱਗਦਾ ਜਿਵੇਂ ਕੀਰਤਪੁਰ ਦੀ ਤਿਆਰੀ ਐ!’’
ਦੋਹਤੇ ਦੀ ਗੱਲ ਸੁਣ ਕੇ ਮਹਿੰਦਰ ਕੌਰ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਬੱਚਾ ਸਮਝ ਕੇ ਉਸ ਨੇ, ਉਸ ਨੂੰ ਕੁੱਝ ਨਾ ਕਿਹਾ ਤੇ ਚੁੱਪ ਰਹਿਣਾ ਹੀ ਚੰਗਾ ਸਮਝਿਆ। ਮਹਿੰਦਰ ਕੌਰ ਦੇ ਪੋਤੇ-ਪੋਤੀਆਂ ਨੂੰ ਆਪਣੀ ਦਾਦੀ ਦੇ ਸੁਭਾਅ ਦਾ ਪਤਾ ਸੀ ਅਤੇ ਉਹ ਉਸ ਦੇ ਅਸੂਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਵੈਸੇ ਵੀ ਉਨ੍ਹਾਂ ਦੇ ਬੱਚੇ ਆਪਣੀ ਦਾਦੀ ਦਾ ਸਤਿਕਾਰ ਕਰਦੇ ਸਨ। ਜਸਕਰਨ ਹੋਰ ਵੀ ਕੁੱਝ ਨਾ ਕੁੱਝ ਬੋਲਦਾ ਰਿਹਾ, ਪਰ ਕਿਸੇ ਨੇ ਨਾ ਤਾਂ ਕੋਈ ਜਵਾਬ ਦਿੱਤਾ ਤੇ ਨਾ ਹੀ ਉਸ ਦੀ ਕਿਸੇ ਗੱਲ ਨੂੰ ਟੋਕਿਆ।
ਜਦੋਂ ਉਸ ਦੀ ਗੱਲ ਵਿੱਚ ਕਿਸੇ ਨੇ ਹਾਂ ਵੀ ਨਾ ਮਿਲਾਈ ਤਾਂ ਉਹ ਆਪਣੇ ਆਪ ’ਤੇ ਸ਼ਰਮਿੰਦਾ ਹੋਇਆ। ਉਹ ਸੋਚਣ ਲੱਗਾ ਕਿ ਉਸ ਨੇ ਕੋਈ ਜ਼ਰੂਰ ਇਹੋ ਜਿਹੀ ਗੱਲ ਕਹੀ ਹੈ ਜਿਸ ਨੂੰ ਕਿਸੇ ਨੇ ਵੀ ਪਸੰਦ ਨਹੀਂ ਕੀਤਾ। ਉਸ ਨੂੰ ਆਪਣੀਆਂ ਊਟ ਪਟਾਂਗ ਗੱਲਾਂ ’ਤੇ ਪਛਤਾਵਾ ਹੋਇਆ ਤੇ ਉਹ ਆਪਣੀ ਨਾਨੀ ਦੀ ਨਾਰਾਜ਼ਗੀ ਦੂਰ ਕਰਨ ਲਈ ਉਸ ਦੇ ਕੋਲ ਹੀ ਬੈਠ ਗਿਆ। ਉਹ ਕਹਿਣ ਲੱਗਾ, ‘‘ਨਾਨੀ ਮਾਂ, ਮੈਨੂੰ ਮੁਆਫ਼ ਕਰ ਦਿਓ। ਮੈਂ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕਰਦਾ, ਪਰ ਮੈਂ ਫਿਰ ਵੀ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਅੱਜ ਭੁੰਜੇ ਕਿਉਂ ਸੌਂ ਰਹੇ ਹੋ?’’
ਜਸਕਰਨ ਵੱਲੋਂ ਆਪਣੀ ਗ਼ਲਤੀ ਮਹਿਸੂਸ ਕਰਨ ’ਤੇ ਮਹਿੰਦਰ ਕੌਰ ਨੂੰ ਖ਼ੁਸ਼ੀ ਹੋਈ ਕਿ ਬੱਚੇ ਨੂੰ ਸਮਝਾਉਣ ਦਾ ਹੁਣ ਠੀਕ ਵੇਲਾ ਹੈ। ਇਸ ਲਈ ਉਸ ਨੇ ਬੜੇ ਪਿਆਰ ਨਾਲ ਉਸ ਨੂੰ ਕਿਹਾ, ‘‘ਬੇਟਾ ਅੱਜ ਤੋਂ ਸ਼ਹੀਦੀ ਹਫ਼ਤਾ ਸ਼ੁਰੂ ਹੁੰਦਾ ਹੈ। ਇਹ ਸਾਡੇ ਸਭ ਲਈ ਸੋਗ ਦਾ ਸਮਾਂ ਹੈ।’’
‘‘ਕਿਵੇਂ ਨਾਨੀ ਮਾਂ?’’
‘‘ਬੇਟਾ ਸਾਡਾ ਇਤਿਹਾਸ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਅੱਜ 21 ਦਸੰਬਰ ਹੈ ਅਤੇ ਅੱਜ ਦੇ ਦਿਨ ਮੁਗ਼ਲ ਫ਼ੌਜਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਇਹ ਕਹਿ ਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਵਾ ਲਿਆ ਸੀ ਕਿ ਅਸੀਂ ਤੁਹਾਡੇ ’ਤੇ ਹਮਲਾ ਨਹੀਂ ਕਰਾਂਗੇ, ਪਰ ਪਾਪੀਆਂ ਨੇ ਪਿੱਛੋਂ ਹਮਲਾ ਕਰ ਦਿੱਤਾ। 22 ਦਸੰਬਰ ਨੂੰ ਯੁੱਧ ਹੋਇਆ ਅਤੇ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਗਏ। ਸਾਰਾ ਪਰਿਵਾਰ ਵਿੱਛੜ ਗਿਆ।’’
ਜਸਕਰਨ ਦੀ ਨਾਨੀ ਕਹਾਣੀ ਵੀ ਸੁਣਾ ਰਹੀ ਸੀ ਅਤੇ ਰੋ ਵੀ ਰਹੀ ਸੀ। ਇਹ ਸੁਣ ਕੇ ਜਸਕਰਨ ਵੀ ਉਦਾਸ ਹੋ ਗਿਆ ਤੇ ਦੂਜੇ ਬੱਚੇ ਵੀ, ਪਰ ਫਿਰ ਵੀ ਸਾਰੇ ਇਹ ਕਹਾਣੀ ਸੁਣਨ ਲਈ ਚੁੱਪ ਚਾਪ ਬੈਠੇ ਸਨ। ਨਾਨੀ ਦੀਆਂ ਅੱਖਾਂ ਪੂੰਝਦਿਆਂ ਜਸਕਰਨ ਨੇ ਫਿਰ ਪੁੱਛਿਆ, ‘‘ਨਾਨੀ ਮਾਂ, ਅੱਗੇ ਕੀ ਹੋਇਆ?’’
‘‘ਫਿਰ ਸਾਰਾ ਪਰਿਵਾਰ ਵਿੱਛੜ ਗਿਆ ਅਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਵੀ ਉਨ੍ਹਾਂ ਦਾ ਰਸੋਈਆ ਗੰਗੂ ਆਪਣੇ ਘਰ ਲੈ ਗਿਆ। ਇਹ ਕਿਹਾ ਜਾਂਦਾ ਹੈ ਕਿ ਉਸ ਨੇ ਪੈਸੇ ਦੇ ਲਾਲਚ ਵਿੱਚ ਉਨ੍ਹਾਂ ਨੂੰ ਮੁਗ਼ਲਾਂ ਕੋਲ ਫੜਾ ਦਿੱਤਾ।’’
‘‘ਦਾਦੀ ਮਾਂ, ਇਹ ਗੰਗੂ ਕੌਣ ਸੀ?’’
‘‘ਬੇਟਾ ਇਹ ਉਨ੍ਹਾਂ ਦਾ ਰਸੋਈਆ ਸੀ।’’
‘‘ਨਾਨੀ ਮਾਂ, ਅੱਗੇ ਕੀ ਹੋਇਆ?’’
‘‘ਫਿਰ ਜ਼ਾਲਮਾਂ ਨੇ 24 ਦਸੰਬਰ ਨੂੰ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਬੰਦ ਕਰ ਦਿੱਤਾ।’’
ਨਾਨੀ ਦੀ ਗੱਲ ਸੁਣ ਕੇ ਜਸਕਰਨ ਤਾਂ ਉਦਾਸ ਹੋ ਹੀ ਗਿਆ, ਨਾਲ ਹੀ ਉਸ ਦੇ ਮਾਮੇ ਦੇ ਬੱਚੇ ਵੀ ਉਦਾਸ ਹੋ ਗਏ। ਨਾਨੀ ਨੇ ਆਪਣੀ ਕਹਾਣੀ ਜਾਰੀ ਰੱਖਦਿਆਂ ਕਿਹਾ, ‘‘25 ਤੇ 26 ਦਸੰਬਰ ਨੂੰ ਦੋਹਾਂ ਬੱਚਿਆਂ ਨੂੰ ਲਾਲਚ ਅਤੇ ਡਰ ਸਭ ਕੁੱਝ ਦਿਖਾਇਆ ਗਿਆ, ਪਰ ਮੇਰੇ ਸੱਚੇ ਪਾਤਸ਼ਾਹ ਦੇ ਲਾਲ ਡੋਲੇ ਨਹੀਂ।’’
‘‘ਨਾਨੀ ਮਾਂ, ਕਿਸੇ ਨੇ ਉਨ੍ਹਾਂ ਨੂੰ ਬਚਾਉਣ ਦਾ ਯਤਨ ਨਹੀਂ ਕੀਤਾ?’’ ਜਸਕਰਨ ਨੇ ਪੁੱਛਿਆ।
‘‘ਜਦੋਂ ਕਿਸੇ ਦੀ ਬੁੱਧੀ ਭ੍ਰਿਸ਼ਟ ਹੋ ਜਾਵੇ ਤਾਂ ਉਸ ਨੂੰ ਕਿਸੇ ਵੱਲੋਂ ਦਿੱਤੀ ਹਰ ਸਲਾਹ ਬੁਰੀ ਲੱਗਦੀ ਹੈ।’’
‘‘ਫਿਰ ਮੁਗ਼ਲਾਂ ਨੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ?’’
‘‘ਹਾਂ ਬੇਟਾ!’’
‘‘ਕਿੰਨੇ ਬੇਰਹਿਮ ਸਨ ਉਹ ਮੁਗ਼ਲ! ਇਹੋ ਜਿਹਿਆਂ ਦਾ ਕੱਖ ਨਾ ਰਹੇ।’’
‘‘ਬੇਟਾ ਕੋਈ ਵੀ ਧਰਮ ਜਾਂ ਜਾਤ ਮਾੜੀ ਨਹੀਂ। ਇਸ ਜ਼ੁਲਮ ਦੇ ਵਿਰੁੱਧ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਵਿਚਾਰੇ ਦੀ ਚੱਲੀ ਨਹੀਂ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਮਾਤਾ ਗੁਜਰੀ ਜੀ ਵੀ ਉਨ੍ਹਾਂ ਦੇ ਵਿਛੋੜੇ ਵਿੱਚ ਸ਼ਹੀਦ ਹੋ ਗਏ। ਇੱਕ ਹਫ਼ਤੇ ਵਿੱਚ ਹੀ ਭਾਣਾ ਵਰਤ ਗਿਆ।’’ ਇਹ ਗੱਲ ਕਰਦਿਆਂ ਹੀ ਮਹਿੰਦਰ ਕੌਰ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਹਿ ਤੁਰੀਆਂ।
ਸਾਰੇ ਬੱਚਿਆਂ ਨੇ ਮਹਿੰਦਰ ਕੌਰ ਨੂੰ ਚੁੱਪ ਕਰਾਉਣ ਲਈ ਉਸ ਦੇ ਗਲ ਵਿੱਚ ਬਾਹਾਂ ਪਾ ਕੇ ਨਾ ਰੋਣ ਦਾ ਵਾਸਤਾ ਪਾਇਆ। ਕੁੱਝ ਦੇਰ ਬਾਅਦ ਜਸਕਰਨ ਨੇ ਫਿਰ ਆਪਣੀ ਨਾਨੀ ਮਾਂ ਨੂੰ ਪੁੱਛਿਆ, ‘‘ਨਾਨੀ ਮਾਂ, ਗੁਰੂ ਜੀ ਦਾ ਮੁਗ਼ਲਾਂ ਨਾਲ ਕੀ ਝਗੜਾ ਸੀ?’’
‘‘ਜ਼ੁਲਮ ਅਤੇ ਜ਼ਾਲਮ ਨਾਲ ਟੱਕਰ ਸੀ ਕਿਉਂਕਿ ਉਸ ਸਮੇਂ ਔਰੰਗਜ਼ੇਬ ਲੋਕਾਂ ਨੂੰ ਤੰਗ ਕਰਦਾ ਸੀ। ਸੋ ਅਸੀਂ ਭਾਵੇਂ ਕੁੱਝ ਨਹੀਂ ਕਰ ਸਕਦੇ, ਪਰ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਤਾਂ ਦੇ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਹੀ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਅਸੀਂ ਜੋ ਅੱਜ ਹਾਂ, ਇਹ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ।’’ ਇਹ ਗੱਲ ਸੁਣ ਕੇ ਬੱਚਿਆਂ ਨੇ ਕਿਹਾ ਕਿ ਅਸੀਂ ਵੀ ਅੱਜ ਭੁੰਜੇ ਹੀ ਸੌਵਾਂਗੇ।
‘‘ਪੁੱਤਰੋ! ਨਹੀਂ ਤੁਸੀਂ ਆਪਣੇ ਬਿਸਤਰਿਆਂ ਵਿੱਚ ਹੀ ਸੌਂ ਜਾਵੋ। ਤੁਹਾਡੀ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਤੁਸੀਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰੋ।’’
ਸੰਪਰਕ: 94630-20766