ਪ੍ਰਿੰਸ ਆ ਗਿਆ ਓਏ...
ਗੁਰਨਾਜ਼
ਪੰਜਾਬੀ ਸਿਨੇਮਾ ਬਦਲਾਅ ਦੇ ਦੌਰ ’ਚੋਂ ਲੰਘ ਰਿਹਾ ਹੈ। ਇੱਥੇ ਕਹਾਣੀ ਹੁਣ ਕਮਰਸ਼ੀਅਲ ਅਪੀਲ ਦੇ ਨਾਲ-ਨਾਲ ਗਹਿਰੀ ਅਤੇ ਕਿਰਦਾਰ-ਕੇਂਦਰਿਤ ਪਹੁੰਚ ਨਾਲ ਸੁਣਾਈ ਜਾ ਰਹੀ ਹੈ। ਇੱਕ ਸ਼ਖ਼ਸ ਜੋ ਇਸ ਤਬਦੀਲੀ ਨਾਲ ਨਿਭ ਰਿਹਾ ਹੈ, ਉਹ ਹੈ ਪ੍ਰਿੰਸ ਕੰਵਲਜੀਤ ਸਿੰਘ। ਅਦਾਕਾਰੀ ਪ੍ਰਤੀ ਆਪਣੀ ਸੰਜੀਦਗੀ ਅਤੇ ਪ੍ਰਤਿਭਾ ਲਈ ਜਾਣੇ ਜਾਂਦੇ ਪ੍ਰਿੰਸ ਕੰਵਲਜੀਤ ਦੀ ਤੁਲਨਾ ਭਾਰਤੀ ਸਿਨੇਮਾ ਦੇ ਕੁਝ ਸਭ ਤੋਂ ਚੰਗੇ ਅਦਾਕਾਰਾਂ ਨਾਲ ਹੋ ਰਹੀ ਹੈ। ਇਹ ਤੁਲਨਾ ਸਿਰਫ਼ ਆਪਣੇ ਹੁਨਰ ਪ੍ਰਤੀ ਉਸ ਦੀ ਵਚਨਬੱਧਤਾ ਕਰ ਕੇ ਨਹੀਂ ਹੋ ਰਹੀ, ਬਲਕਿ ਜਿਸ ਢੰਗ ਨਾਲ ਉਹ ਆਪਣੀ ਹਲੀਮੀ ਨੂੰ ਕਲਾਕਾਰੀ ਨਾਲ ਰਲਾਉਂਦਾ ਹੈ, ਉਸ ਕਰ ਕੇ ਵੀ ਹੋ ਰਹੀ ਹੈ।
ਇੱਕ ਕਿਰਦਾਰ ਲਈ ਪ੍ਰਿੰਸ ਦੀ ਤਿਆਰੀ ਸਾਧਾਰਨ ਤੇ ਅਸਰਦਾਰ ਰਹਿੰਦੀ ਹੈ। ਉਹ ਦੱਸਦਾ ਹੈ ‘‘ਮੈਂ ਪਹਿਲਾਂ ਹੀ ਕਿਰਦਾਰ ਦੇ ਮਨੋਵਿਗਿਆਨ ’ਚ ਜ਼ਿਆਦਾ ਡੂੰਘਾ ਨਹੀਂ ਉਤਰਦਾ। ਮੈਂ ਕੋਈ ਯੋਜਨਾ ਵੀ ਨਹੀਂ ਬਣਾਉਂਦਾ। ਮੈਂ ਤਰੋਤਾਜ਼ਾ ਮਨ ਲੈ ਕੇ ਜਾਂਦਾ ਹਾਂ ਅਤੇ ਨਿਰਦੇਸ਼ਕ ਤੋਂ ਸੇਧ ਲੈਂਦਾ ਹਾਂ।’’ ਉਹ ਕਿਰਦਾਰ ਨੂੰ ਸੈੱਟ ’ਤੇ ਸੁਭਾਵਿਕ ਤੌਰ ’ਤੇ ਵਿਕਸਿਤ ਹੋਣ ਦਿੰਦਾ ਹੈ। ਆਪਣੀ ਭੂਮਿਕਾ ਦੀਆਂ ਬਾਰੀਕੀਆਂ ਨੂੰ ਨਿਖਾਰਨ ਦੇ ਨਾਲ-ਨਾਲ ਉਹ ਨਿਰਦੇਸ਼ਕ ਦੇ ਨਜ਼ਰੀਏ ’ਚ ਯਕੀਨ ਰੱਖਦਾ ਹੈ। ਇਸੇ ਲਈ ਉਹ ਖ਼ੁਦ ਨੂੰ ‘ਡਾਇਰੈਕਟਰ ਦਾ ਐਕਟਰ’ ਦੱਸਦਾ ਹੈ। ਉਸ ਦਾ ਸਹਿਯੋਗੀ ਸੁਭਾਅ ਹੀ ਹੈ ਜੋ ਇੱਕ ਫਿਲਮ ਦੇ ਵਿਚਾਰ ਨੂੰ ਵਧੀਆ ਤੋਂ ਵਧੀਆ ਢੰਗ ਨਾਲ ਪਰਦੇ ’ਤੇ ਆਕਾਰ ਦਿੰਦਾ ਹੈ।
ਉਹ ਮੰਨਦਾ ਹੈ ਕਿ ਭਾਵੇਂ ਉਹ ਕਦੇ-ਕਦਾਈਂ ਫਿਲਮ ਸੈੱਟ ਦੀਆਂ ਬਾਰੀਕੀਆਂ ਬਾਰੇ ਰਾਇ ਦਿੰਦਾ ਹੈ ਜਿਵੇਂ ਕਿ ਇੱਕ ਕਿਰਦਾਰ ਨੂੰ ਫਟਿਆ ਹੋਇਆ ਸਵੈਟਰ ਪੁਆ ਕੇ ਦੇਖਿਆ ਜਾਵੇ ਜਾਂ ਨਹੀਂ, ਪਰ ਉਹ ਆਪਣਾ ਨਜ਼ਰੀਆ ਕਿਸੇ ’ਤੇ ਥੋਪਦਾ ਨਹੀਂ। ਉਹ ਦੱਸਦਾ ਹੈ ‘‘ਇੱਕ ਹੋਰ ਭੇਤ ਵੀ ਹੈ ਕਿ ਇੱਕ ਸਮੇਂ ਮੈਂ ਸਿਰਫ਼ ਇੱਕੋ ਫਿਲਮ ’ਤੇ ਧਿਆਨ ਕੇਂਦਰਿਤ ਕਰਦਾ ਹਾਂ। ਮੈਂ ਪੈਸੇ ਦਾ ਲਾਲਚ ਨਹੀਂ ਕਰਦਾ, ਬਲਕਿ ਇੱਕ ਸਮੇਂ ਜੋ ਕੰਮ ਕਰ ਰਿਹਾ ਹਾਂ, ਉਸ ਨੂੰ ਹੀ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਹਰੇਕ ਕਿਰਦਾਰ ਦੀ ਇੱਕ ਖ਼ਾਸ ਦਿੱਖ, ਵਿਹਾਰ ਤੇ ਸੰਜੀਦਗੀ ਹੁੰਦੀ ਹੈ ਤੇ ਜਦ ਇਹ ਇੱਕ ਨੁਕਤੇ ’ਤੇ ਕੇਂਦਰਿਤ ਹੁੰਦਾ ਹੈ, ਫਿਰ ਇਸ ਨੂੰ ਉਸੇ ਤਰ੍ਹਾਂ ਕਾਇਮ ਰੱਖਣਾ ਕਾਫ਼ੀ ਸੌਖਾ ਹੋ ਜਾਂਦਾ ਹੈ।’’
ਉਸ ਦੀਆਂ ਸਭ ਤੋਂ ਮਸ਼ਹੂਰ ਭੂਮਿਕਾਵਾਂ ਬਾਰੇ ਪੁੱਛਣ ’ਤੇ ਉਹ ਝੱਟ ਜਵਾਬ ਦਿੰਦਾ ਹੈ ਕਿ ਹਾਲੀਆ ਫਿਲਮ ‘ਸੈਕਟਰ 17’ ਵਿੱਚ ਪੰਮੇ ਦਾ ਕਿਰਦਾਰ। ਪੰਜਾਬੀ ਸਿਨੇਮਾ ਵਿੱਚ ਕਿਸੇ ਕਿਰਦਾਰ ਦੇ ਲੰਮੇਰੇ ਅਸਰ ਦੀ ਗੱਲ ਕਰਦਿਆਂ ਉਹ ਕਹਿੰਦਾ ਹੈ ‘‘ਹਾਂ, ਪੰਮਾ ਇੱਕ ਅਜਿਹਾ ਕਿਰਦਾਰ ਹੈ ਜਿਹੜਾ ਤੁਹਾਡੇ ’ਚ ਡੂੰਘਾ ਉਤਰ ਜਾਂਦਾ ਹੈ।’’
ਪ੍ਰਿੰਸ ਰਵਾਇਤੀ ਤੌਰ-ਤਰੀਕਿਆਂ ਨਾਲ ਸ਼ੁਹਰਤ ਦੇ ਇਸ ਮੁਕਾਮ ’ਤੇ ਨਹੀਂ ਪਹੁੰਚਿਆ। ਆਪਣੇ ਕਈ ਸਾਥੀਆਂ ਤੋਂ ਵੱਖ, ਜੋ ਫਿਲਮ ਉਦਯੋਗ ’ਚ ਦਾਖਲ ਹੋਣ ਲਈ ਇੱਕ ਸਪੱਸ਼ਟ ਯੋਜਨਾ ਬਣਾ ਕੇ ਆਏ ਸਨ, ਪ੍ਰਿੰਸ ਦਾ ਸਫ਼ਰ ਅਚਾਨਕ ਮਿਲੀ ਸਫਲਤਾ ਤੇ ਪ੍ਰਤਿਭਾ ਦੇ ਦਮ ’ਤੇ ਅੱਗੇ ਵਧਿਆ ਹੈ। ਉਹ ਦੱਸਦਾ ਹੈ, ‘‘ਮੈਨੂੰ ਹਮੇਸ਼ਾ ਤੋਂ ਨਹੀਂ ਪਤਾ ਸੀ ਕਿ ਮੈਂ ਅਦਾਕਾਰ ਬਣਨਾ ਚਾਹੁੰਦਾ ਹਾਂ। ਮੈਂ ਜਿਹੜੇ ਪਰਿਵਾਰ ਵਿੱਚ ਵੱਡਾ ਹੋਇਆਂ ਹਾਂ, ਉੱਥੇ ਪੜ੍ਹਾਈ ਨੂੰ ਪਹਿਲ ਸੀ, ਪਰ ਜਦ ਰਿਸ਼ਤੇਦਾਰ ਆਉਂਦੇ ਤਾਂ ਉਹ ਫਿਲਮ ਸਟਾਰਾਂ ਦੇ ਰਸਾਲੇ ਪੜ੍ਹਦੇ ਸਨ। ਮੈਨੂੰ ਉਨ੍ਹਾਂ ਤੋਂ ਹੀ ਅਦਾਕਾਰੀ ਦੀ ਚੇਟਕ ਲੱਗ ਗਈ। ਇੱਕ ਦਿਨ ਮੈਂ ਇੱਕ ਮੋਟਰਸਾਈਕਲ ’ਤੇ ਤਾਮਿਲ ਅਭਿਨੇਤਾ ਦੀ ਤਸਵੀਰ ਵੱਲ ਹੱਥ ਕਰ ਕੇ ਕਿਹਾ, ‘ਮੈਂ ਇਸ ਵਰਗਾ ਬਣਨਾ ਚਾਹੁੰਦਾ ਹਾਂ।’’
ਥੀਏਟਰ ਨਾਲ ਮੁੱਢਲੇ ਦੌਰ ਵਿੱਚ ਪਿਆ ਵਾਹ-ਵਾਸਤਾ ਤੇ ਇੰਡਸਟਰੀ ’ਚ ਬਣਾਏ ਸੰਪਰਕ ਉਸ ਦੇ ਕਰੀਅਰ ਨੂੰ ਸੰਵਾਰਨ ’ਚ ਅਹਿਮ ਸਾਬਤ ਹੋਏ ਹਨ। ਦਸਵੀਂ ਜਮਾਤ ਵਿੱਚ ਪੜ੍ਹਦਿਆਂ ਵੀ ਪ੍ਰਿੰਸ ਮੁੰਬਈ ਜਾਂਦਾ ਰਿਹੈ, ਉਹ ਉੱਥੋਂ ਦੀ ਕਲਾਤਮਕ ਊਰਜਾ ’ਚ ਕਾਫ਼ੀ ਸਮਾਂ ਬਿਤਾਉਂਦਾ ਰਿਹੈ। ਆਪਣੀ ਸਫਲਤਾ ਦੇ ਬਾਵਜੂਦ ਉਹ ਜ਼ਮੀਨ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਇਨਸਾਨ ਹੈ। ਰੰਗਮੰਚ ਅਤੇ ਫਿਲਮਾਂ ਦੇ ਸ਼ੁਰੂਆਤੀ ਦਿਨਾਂ ਨੂੰ ਚੇਤੇ ਕਰਦਿਆਂ ਉਹ ਕਹਿੰਦਾ ਹੈ ‘‘ਪਹਿਲਾਂ ਮੈਂ ਕਈ ਪ੍ਰਕਿਰਿਆਵਾਂ ਤੋਂ ਅਣਜਾਣ ਸੀ। ਉਹ ਬਹੁਤ ਚੰਗੀ ਗੱਲ ਵੀ ਸੀ। ਮੈਂ ਸਭ ਕਾਸੇ ਤੋਂ ਬੇਖ਼ਬਰ ਸੀ। ਮੈਂ ਬਸ ਨਾਟਕ ਲਿਖਦਾ, ਉਨ੍ਹਾਂ ’ਚ ਰੋਲ ਕਰਦਾ ਤੇ ਲੋਕ ਪਸੰਦ ਕਰਦੇ ਸਨ।’’ ਲੇਖਨ ਤੇ ਅਦਾਕਾਰੀ ’ਚ ਰਸਮੀ ਸਿੱਖਿਆ ਦੀ ਘਾਟ ਕਦੇ ਉਸ ਦੀ ਤਰੱਕੀ ਵਿੱਚ ਅੜਿੱਕਾ ਨਹੀਂ ਬਣੀ; ਬਲਕਿ, ਇਸ ਨਾਲ ਉਸ ਨੂੰ ਜ਼ਿਆਦਾ ਸੋਚ-ਵਿਚਾਰ ਕੀਤੇ ਬਿਨਾਂ ਆਪਣਾ ਕੰਮ ਕਰਨ ਦੀ ਆਜ਼ਾਦੀ ਮਿਲੀ ਹੈ। ਉਹ ਕਹਿੰਦਾ ਹੈ, ‘‘ਮੈਂ ਚੀਜ਼ਾਂ ਨੂੰ ‘ਸਹੀ ਢੰਗ’ ਨਾਲ ਕਰਨ ਲਈ ਕਦੇ ਜ਼ਿਆਦਾ ਚਿੰਤਾ ਜਾਂ ਬਹੁਤ ਜ਼ਿਆਦਾ ਤਿਆਰੀ ਨਹੀਂ ਕੀਤੀ। ਮੈਂ ਬਸ ਉਨ੍ਹਾਂ ਨੂੰ ਕੀਤਾ ਹੈ।’’ ਆਪਣੀ ਸਫਲਤਾ ਦਾ ਸਿਹਰਾ ਪ੍ਰਿੰਸ ਇਸ ਸਾਦੀ ਪਹੁੰਚ ਨੂੰ ਵੀ ਦਿੰਦਾ ਹੈ। ‘‘ਜੇ ਮੈਨੂੰ ਕਾਇਦਾ-ਪੈਮਾਨਾ ਪਤਾ ਹੁੰਦਾ, ਤਾਂ ਸ਼ਾਇਦ ਮੈਂ ਹਰੇਕ ਚੀਜ਼ ਬਾਰੇ ਲੋੜੋਂ ਵੱਧ ਸੋਚਦਾ। ਇਹ ਤੱਥ ਕਿ ਮੈਂ ਅਣਜਾਣ ਸੀ, ਇਸ ਨੇ ਮੈਨੂੰ ਮੇਰੀ ਸਹਿਜ ਬਿਰਤੀ ਪ੍ਰਤੀ ਸੱਚਾ ਬਣੇ ਰਹਿਣ ਦੀ ਖੁੱਲ੍ਹ ਦਿੱਤੀ ਹੈ।’’
ਪੈਸੇ ਅਤੇ ਸਫਲਤਾ ਬਾਰੇ ਆਪਣਾ ਫ਼ਲਸਫ਼ਾ ਸਾਂਝਾ ਕਰਦਿਆਂ ਪ੍ਰਿੰਸ ਨੇ ਕਿਹਾ ਕਿ ਉਸ ਦਾ ਧਿਆਨ ਚੰਗਾ ਕੰਮ ਕਰਨ ’ਤੇ ਲੱਗਾ ਹੋਇਆ ਹੈ ਨਾ ਕਿ ਪੈਸਿਆਂ ਦੇ ਚੈੱਕ ਉਤੇ। ਭਵਿੱਖ ’ਚ ਪ੍ਰਿੰਸ ਕੋਲ ਕਈ ਪ੍ਰਾਜੈਕਟ ਹਨ, ਜਿਨ੍ਹਾਂ ਵਿੱਚ ‘ਪੰਛੀ 2’ ਤੇ ਰੁਮਾਂਟਿਕ ਕਾਮੇਡੀ ‘ਪੰਜਾਬੀ ਆ ਗਏ ਓਏ’ ਸ਼ਾਮਲ ਹਨ। ਅਦਾਕਾਰ ਨੇ ਕਿਹਾ ਕਿ ਉਹ ਨਵੀਆਂ ਵੰਨਗੀਆਂ ’ਚ ਕੰਮ ਕਰਨਾ ਚਾਹੁੰਦਾ ਹੈ ਅਤੇ ਇੱਕ ਅਦਾਕਾਰ ਵਜੋਂ ਉਹ ਹਮੇਸ਼ਾ ਆਪਣੇ ਹੁਨਰ ਨੂੰ ਨਿਖਾਰਦਾ ਰਹੇਗਾ।