ਬੁੱਢੇ ਨਾਲੇ ਦਾ ਪਾਣੀ ਸੜਕਾਂ ’ਤੇ ਆਇਆ
ਲੁਧਿਆਣਾ: ਸ਼ਹਿਰ ਵਿੱਚ ਪਏ ਤੇਜ਼ ਮੀਂਹ ਤੋਂ ਬਾਅਦ ਇਸ ਵਾਰ ਫਿਰ ਬੁੱਢੇ ਨਾਲੇ ਦਾ ਪਾਣੀ ਸੜਕਾਂ ’ਤੇ ਆ ਗਿਆ। ਚੰਦਰ ਨਗਰ ਦੀ ਪੁਲੀ, ਵਿਵੇਕ ਨਗਰ ਤੇ ਚਾਂਦ ਸਿਨੇਮਾ ਦੇ ਨੇੜੇਲੇ ਇਲਾਕਿਆਂ ’ਚ ਬੁੱਢੇ ਨਾਲੇ ਦਾ ਪਾਣੀ ਸੜਕਾਂ ’ਤੇ ਆਇਆ ਤੇ ਕੁੱਝ ਇਲਾਕਿਆਂ ਵਿੱਚ ਤਾਂ ਨਾਲੇ ਦਾ ਗੰਦਾ ਪਾਣੀ ਘਰਾਂ ਵਿੱਚ ਵੀ ਵੜ੍ਹ ਗਿਆ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਇਲਾਕਿਆਂ ਵਿੱਚ ਤਾਂ ਬੁੱਢੇ ਨਾਲੇ ਦਾ ਗੰਦਾ ਪਾਣੀ ਸੜਕਾਂ ’ਤੇ ਗਲੀ ਵਿੱਚ ਘੁੰਮਦਾ ਰਿਹਾ। ਜਿਸ ਕਰਕੇ ਲੋਕ ਕਾਫ਼ੀ ਪ੍ਰੇਸ਼ਾਨੀ ਹੋਏ। ਲੋਕਾਂ ਨੇ ਆਪਣੇ ਪੱਧਰ ’ਤੇ ਬੁੱਢੇ ਨਾਲੇ ਦੇ ਆਲੇ-ਦੁਆਲੇ ਰੇਤਾਂ ਨਾਲ ਭਰੀਆਂ ਬੋਰੀਆਂ ਲਗਾ ਕੇ ਵੀ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਨਿਊ ਕੁੰਦਨਪੁਰੀ ਦੇ ਇਲਾਕੇ ਵਿੱਚ ਤਾਂ ਪਾਣੀ ਜ਼ਿਆਦਾ ਹੋਣ ਕਾਰਨ ਪੁਲ ਤੇ ਨਾਲੇ ਦਾ ਪਤਾ ਹੀ ਨਹੀਂ ਚੱਲ ਰਿਹਾ ਸੀ। ਪੀਰੂ ਬੰਦਾ ਇਲਾਕੇ ਵਿੱਚ ਵੀ ਬੁੱਢੇ ਨਾਲੇ ਦਾ ਪਾਣੀ ਸੜਕਾਂ ’ਤੇ ਆ ਗਿਆ। ਜਿਥੇ ਨਗਰ ਨਿਗਮ ਦੇ ਮੁਲਾਜ਼ਮ ਦੇਰ ਸ਼ਾਮ ਤੱਕ ਪਾਣੀ ਨੂੰ ਕੱਢਦੇ ਰਹੇ। ਉਧਰ, ਸਾਬਕਾ ਕੌਂਸਲਰ ਰੋਕੀ ਭਾਟਿਆ ਨੇ ਕਿਹਾ ਕਿ ਨਗਰ ਨਿਗਮ ਦੇ ਗਲਤ ਪ੍ਰਬੰਧਾਂ ਕਾਰਨ ਹਰ ਵਾਰ ਮੀਂਹ ਦੌਰਾਨ ਬੁੱਢੇ ਨਾਲੇ ਦਾ ਪਾਣੀ ਸੜਕਾਂ ਤੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਸਿਰਫ਼ ਕਾਗਜ਼ਾਂ ਵਿੱਚ ਹੀ ਸਫ਼ਾਈ ਹੋਣ ਦਾ ਦਾਅਵਾ ਕਰਦੇ ਹਨ। ਪਰ ਅਸਲ ਵਿੱਚ ਇੱਥੇ ਹਰ ਵਾਰ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।