ਸਰਕਾਰੀ ਹਸਪਤਾਲ ਵਿੱਚ ਨਿਮੋਨੀਆ ਪੀੜਤ ਕੇਸਾਂ ਦੀ ਗਿਣਤੀ ਵਧੀ
ਪੀ.ਪੀ. ਵਰਮਾ
ਪੰਚਕੂਲਾ, 18 ਜਨਵਰੀ
ਵਧਦੀ ਠੰਢ ਮਗਰੋਂ ਸੈਕਟਰ-6 ਪੰਚਕੂਲਾ ਦੇ ਸਿਵਲ ਹਸਪਤਾਲ ਵਿੱਚ ਬੱਚਿਆਂ ’ਚ ਨਿਮੋਨੀਆ ਦੇ ਮਾਮਲੇ ਵਧਦੇ ਜਾ ਰਹੇ ਹਨ। ਬੱਚਿਆਂ ਦੀ ਓਪੀਡੀ ਵਿੱਚ ਰੋਜ਼ਾਨਾ 20 ਤੋਂ ਵੱਧ ਕੇਸ ਨਿਮੋਨੀਆ ਦੇ ਇਲਾਜ ਲਈ ਆ ਰਹੇ ਹਨ। ਇਨ੍ਹਾਂ ਵਿੱਚੋਂ ਪੰਜ ਤੋਂ ਸੱਤ ਬੱਚੇ ਦਾਖ਼ਲ ਵੀ ਕੀਤੇ ਜਾ ਰਹੇ ਹਨ। ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ ਡਾ: ਸਤਿੰਦਰ ਵਰਮਾ ਨੇ ਦੱਸਿਆ ਕਿ ਨਿਮੋਨੀਆ ਛੂਤ ਦਾ ਰੋਗ ਨਹੀਂ ਹੈ ਪਰ ਸਾਹ ਨਾਲੀ ਵਿੱਚ ਫਸੇ ਵਾਇਰਸ ਅਤੇ ਬੈਕਟੀਰੀਆ ਇਸ ਬਿਮਾਰੀ ਦਾ ਕਾਰਨ ਬਣਦੇ ਹਨ। ਜਦੋਂ ਇਹ ਕੀਟਾਣੂ ਬੱਚੇ ਦੇ ਮੂੰਹ ਜਾਂ ਨੱਕ ਵਿੱਚ ਹੁੰਦੇ ਹਨ ਤਾਂ ਇਹ ਬਿਮਾਰੀ ਖੰਘ ਅਤੇ ਛਿੱਕ ਨਾਲ ਫੈਲਦੀ ਹੈ। ਨਮੂਨੀਆ ਕਿਸੇ ਲਾਗ ਵਾਲੇ ਟਿਸ਼ੂ ਜਾਂ ਰੁਮਾਲ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ। ਜੇਕਰ ਘਰ ਵਿੱਚ ਕਿਸੇ ਨੂੰ ਸਾਹ ਜਾਂ ਗਲੇ ਦੇ ਖ਼ਰਾਬ ਹੋਣ ਦੀ ਸ਼ਿਕਾਇਤ ਹੈ ਤਾਂ ਪੀਣ ਵਾਲੇ ਗਲਾਸ ਅਤੇ ਬਰਤਨਾਂ ਨੂੰ ਪਰਿਵਾਰ ਦੇ ਦੂਜੇ ਮੈਂਬਰਾਂ ਤੋਂ ਵੱਖ ਰੱਖੋ। ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਸਿਹਤਮੰਦ ਬੱਚਿਆਂ ਨੂੰ ਬਿਮਾਰ ਬੱਚਿਆਂ ਤੋਂ ਦੂਰ ਰੱਖੋ। ਬਾਲ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਜੇਕਰ ਬਲਗ਼ਮ ਵੱਧ ਜਾਵੇ, ਭੁੱਖ ਨਾ ਲੱਗੇ ਤਾਂ ਮਰੀਜ਼ ਨੂੰ ਸਮੇਂ ਸਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।