ਵੱਖ ਵੱਖ ਥਾਈਂ ਹੋਏ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ
ਮੁਕੇਸ਼ ਕੁਮਾਰ
ਚੰਡੀਗੜ੍ਹ, 15 ਨਵੰਬਰ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੰਡੀਗੜ੍ਹ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿੱਚ ਸਮਾਗਮ ਕੀਤੇ ਗਏ। ਗੁਰਦੁਆਰਾ ਸਾਹਿਬ ਕਲਗੀਧਰ ਖੇੜੀ ਸੈਕਟਰ-20 ਸੀ ਚੰਡੀਗੜ੍ਹ ਵਿੱਚ ਵਿਸ਼ੇਸ਼ ਸਮਾਗਮ ਰੱਖੇ ਗਏ। ਅਖੰਡ ਪਾਠ ਦੇ ਭੋਗ ਮਗਰੋਂ ਭਾਈ ਗੁਰਭੇਜ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਬੀਬੀ ਬਲਵੰਤ ਕੌਰ ਮੁਹਾਲੀ ਵਾਲੇ, ਇਸਤਰੀ ਸਤਿਸੰਗਤ ਜਥਾ ਗੁਰਦੁਆਰਾ ਸੈਕਟਰ-20 ਸੀ ਚੰਡੀਗੜ੍ਹ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਬਾਗ਼ ਸ਼ਹੀਦਾਂ ਸੈਕਟਰ-44 ਚੰਡੀਗੜ੍ਹ ਅਤੇ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੈਕਟਰ-20 ਸੀ ਚੰਡੀਗੜ੍ਹ ਵੱਲੋਂ ਕੀਰਤਨ ਕੀਤਾ ਗਿਆ। ਹੈੱਡ ਗ੍ਰੰਥੀ ਭਾਈ ਮਨਦੀਪ ਸਿੰਘ ਵੱਲੋਂ ਕਥਾ ਅਤੇ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਸਮਾਗਮ ਦੌਰਾਨ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਦੌਰਾਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਇੰਦਰ ਬੀਰ ਸਿੰਘ, ਸੈਕਟਰੀ ਹੁਕਮ ਸਿੰਘ ਤੇ ਹੋਰ ਮੈਂਬਰ ਮੌਜੂਦ ਰਹੇ।
ਕੁਰਾਲੀ (ਮਿਹਰ ਸਿੰਘ):
ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਅੱਜ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਮਨਾਇਆ ਗਿਆ। ਇਸ ਸਬੰਧੀ ਅੱਜ ਤੜਕਸਾਰ ਕੱਢੀ ਗਈ ਪ੍ਰਭਾਤ ਫੇਰੀ ਦਾ ਕੌਂਸਲਰ ਬਹਾਦਰ ਸਿੰਘ ਓਕੇ ਦੀ ਅਗਵਾਈ ਵਿੱਚ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਇਸੇ ਦੌਰਾਨ ਸਥਾਨਕ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਵਰਨ ਸਿੰਘ ਦੀ ਦੇਖ-ਰੇਖ ਹੇਠ ਅਤੇ ਸਮੁੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੇ ਪਹਿਲੇ ਚਰਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਅਮਲੋਹ (ਰਾਮ ਸਰਨ ਸੂਦ):
ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਅਮਲੋਹ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਨੇ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ, ਸੁਪਰ ਕਮੇਟੀ ਦੇ ਮੈਂਬਰ ਐਡਵੋਕੇਟ ਤੇਜਵੰਤ ਸਿੰਘ ਅਤੇ ਮਨੋਹਰ ਲਾਲ ਵਰਮਾ, ਹਰਦੇਵ ਸਿੰਘ ਜੱਸੜ, ਅਜਮੇਰ ਸਿੰਘ ਟਿਵਾਣਾ, ਹਰਨੇਕ ਸਿੰਘ ਪਾਲੀਆਂ, ਨਿਰਮਲ ਸਿੰਘ ਖਜ਼ਾਨਚੀ, ਮਾਸਟਰ ਬੀਰ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਲਛਮਣ ਸਿੰਘ, ਜਗਤਾਰਸਿੰਘ, ਮਾਸਟਰ ਹਰਬੰਸ ਸਿੰਘ, ਹੈਡਗ੍ਰੰਥੀ ਭਾਈ ਕਾਕਾ ਸਿੰਘ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਦਰਸਨ ਸਿੰਘ ਔਲਖ, ਕਮਲਜੀਤ ਸਿੰਘ ਆਦਿ ਤੋਂ ਇਲਾਵਾ ਸੁਖਮਨੀ ਸਾਹਿਬ ਸੁਸਾਇਟੀ ਅਤੇ ਬੀਬੀ ਭਾਨੀ ਸੰਸਥਾ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਮੋਰਿੰਡਾ (ਸੰਜੀਵ ਤੇਜਪਾਲ):
ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮੋਰਿੰਡਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤਰ੍ਹਾਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਪਿੰਡ ਘੜੂੰਆਂ ਵਿੱਚ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ):
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡਾਂ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਸਣੇ ਹੋਰਨਾਂ ਪਿੰਡਾਂ ਵਿੱਚ ਸਮਾਗਮ ਹੋਏ। ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿੱਚ ਬਾਬਾ ਲਖਬੀਰ ਸਿੰਘ ਨੇ ਸ਼ਬਦ ਕੀਰਤਨ ਕੀਤਾ। ਗੁਰਦੁਆਰਾ ਨਾਨਕ ਦਰਬਾਰ ਸਾਹਿਬ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਮੌਕੇ ਲੰਗਰ ਅਤੁੱਟ ਵਰਤੇ।
ਬਨੂੜ (ਕਰਮਜੀਤ ਸਿੰਘ ਚਿੱਲਾ):
ਬਨੂੜ ਖੇਤਰ ਦੇ ਸਮੁੱਚੇ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਅੱਜ ਉਤਸ਼ਾਹ ਨਾਲ ਮਨਾਇਆ ਗਿਆ। ਸਮੁੱਚੇ ਗੁਰਦੁਆਰਿਆਂ ਵਿੱਚ ਪਾਠਾਂ ਦੇ ਭੋਗ ਪਾਏ ਗਏ। ਲੰਗਰ ਚੱਲੇ ਅਤੇ ਕੀਰਤਨ ਦਰਬਾਰ ਸਜੇ। ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਗਿਆਨ ਸਾਗਰ ਹਸਪਤਾਲ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ।
ਇਸੇ ਤਰ੍ਹਾਂ ਪਿੰਡ ਮੋਟੇਮਾਜਰਾ, ਸਨੇਟਾ, ਜੰਗਪੁਰਾ, ਬੂਟਾਸਿੰਘ ਵਾਲਾ, ਤੰਗੌਰੀ, ਗੀਗੇਮਾਜਰਾ, ਨਗਾਰੀ, ਧਰਮਗੜ੍ਹ, ਮੁਠਿਆੜਾਂ, ਨੱਗਲ-ਛੜਬੜ੍ਹ, ਢੇਲਪੁਰ, ਦੁਰਾਲੀ ਆਦਿ ਵਿਖੇ ਪਾਠਾਂ ਦੇ ਭੋਗ ਪਾਏ ਗਏ। ਪਿੰਡ ਗੋਬਿੰਦਗੜ੍ਹ ਤੋਂ ਪ੍ਰਬੰਧਕ ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਨਗਰ ਕੀਰਤਨ ਸਜਾਇਆ ਗਿਆ।
ਅੰਬਾਲਾ (ਰਤਨ ਸਿੰਘ ਢਿੱਲੋਂ):
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਬਾਦਸ਼ਾਹੀ ਬਾਗ਼ ਵਿੱਚ ਮਨਾਇਆ ਗਿਆ। ਜਿੱਥੇ ਗੁਰਦੁਆਰਾ ਮੰਜੀ ਸਾਹਿਬ ਵਿੱਚ ਕੀਰਤਨ ਦਰਬਾਰ ਸਜਾਇਆ ਗਿਆ, ਉੱਥੇ ਹੀ ਗੁਰਦੁਆਰਾ ਬਾਦਸ਼ਾਹੀ ਬਾਗ ਅਤੇ ਗੁਰਦੁਆਰਾ ਗੋਬਿੰਦ ਨਗਰ ਅੰਬਾਲਾ ਛਾਉਣੀ ਵਿੱਚ ਗੁਰਮਤਿ ਕੁਇਜ਼ ਅਤੇ ਗੁਰਮਤਿ ਕੰਠ ਮੁਕਾਬਲੇ ਕਰਵਾਏ ਗਏ।
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ):
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸਥਾਨਕ ਖਾਲਸਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਪੁੱਜ ਕੇ ਸੰਪੂਰਨ ਹੋਇਆ। ਇਸ ਤੋਂ ਪਹਿਲਾਂ ਸਵੇਰੇ 9 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮਗਰੋਂ ਸਕੂਲਾਂ ਦੇ ਵਿਦਿਆਰਥੀਆਂ ਦੇ ਗੁਰੂ ਨਾਨਕ ਦੇਵ ਨਾਲ ਸਬੰਧਤ ਕਵਿਤਾਵਾਂ ਅਤੇ ਸ਼ਬਦ ਕੀਰਤਨ ਦੇ ਮੁਕਾਬਲੇ ਹੋਏ। ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ। ਨਗਰ ਕੀਰਤਨ ਦਾ ਕੌਂਸਲ ਦਫ਼ਤਰ ਅੱਗੇ ਪ੍ਰਧਾਨ ਹਰਜੀਤ ਸਿੰਘ ਜੀਤਾ ਤੇ ਸਾਥੀਆਂ ਨੇ ਸਵਾਗਤ ਕੀਤਾ।
ਖਰੜ (ਸ਼ਸ਼ੀ ਪਾਲ ਜੈਨ):
ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮੂਹ ਸੰਗਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਗੁਰਮਤਿ ਸਮਾਗਮ ਆਰੰਭ ਹੋਏ।
ਜ਼ੀਰਕਪੁਰ ਤੇ ਡੇਰਾਬੱਸੀ ਦੇ ਗੁਰਦੁਆਰਿਆਂ ’ਚ ਦੀਵਾਨ ਸਜੇ
ਜ਼ੀਰਕਪੁਰ/ਡੇਰਾਬੱਸੀ (ਹਰਜੀਤ ਸਿੰਘ):
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਇਲਾਕੇ ਦੇ ਵੱਖ-ਵੱਖ ਗੁਰਦੁਆਰਿਆਂ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਪਾਠ ਦੇ ਭੋਗ ਪਾਏ ਗਏ ਜਿਸ ਮਗਰੋਂ ਵੱਖ-ਵੱਖ ਕੀਰਤਨੀ ਜਥੇ ਵੱਲੋਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ, ਨਾਭਾ ਸਾਹਿਬ, ਪਿੰਡ ਸਨੌਲੀ, ਪਿੰਡ ਗਾਜ਼ੀਪੁਰ ਜੱਟਾਂ, ਬਲਟਾਣਾ, ਪੀਰ ਮੁਛੱਲਾ, ਲੋਹਗੜ੍ਹ, ਬਾਦਲ ਕਲੋਨੀ, ਭਬਾਤ ਅਤੇ ਡੇਰਾਬੱਸੀ ਦੇ ਗੁਰਦੁਆਰੀਆਂ ’ਚ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਇਸ ਮੌਕੇ ਲੰਗਰ ਵੀ ਲਾਏ ਗਏ।
ਪੰਜਾਬ ਦੇ ਰਾਜਪਾਲ ਕਟਾਰੀਆ ਗੁਰਦੁਆਰਾ ਨਾਢਾ ਸਾਹਿਬ ਨਤਮਸਤਕ
ਪੰਚਕੂਲਾ (ਪੀਪੀ ਵਰਮਾ):
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਗੁਰਦੁਆਰਾ ਨਾਢਾ ਸਾਹਿਬ ਵਿੱਚ ਮਨਾਇਆ ਗਿਆ। ਅੱਜ ਸਵੇਰੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੱਥਾ ਟੇਕਿਆ। ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਗੁਰਦੁਆਰੇ ਦੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨੇ ਇੱਥੇ ਮੱਥਾ ਟੇਕਿਆ। ਇੱਥੇ ਅੱਜ ਮੱਥਾ ਟੇਕਣ ਲਈ ਟ੍ਰਾਈਸਿਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਸ਼ਰਧਾਲੂ ਪਹੁੰਚੇ ਹੋਏ ਸਨ। ਗੁਰਦੁਆਰੇ ਦੇ ਹੈੱਡ ਗ੍ਰੰਥੀ ਜਗਜੀਤ ਸਿੰਘ ਨੇ ਦੱਸਿਆ ਕਿ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਵੱਡੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ। ਸ਼ਹਿਰ ਦੇ ਹੋਰ ਗੁਰੂ ਘਰਾਂ ’ਚ ਵੀ ਸਮਾਗਮ ਹੋਏ।