ਪਟਿਆਲਾ ਵਿੱਚ ਪੇਚਸ਼ ਦੇ ਮਰੀਜ਼ਾਂ ਦੀ ਗਿਣਤੀ 200 ਤੋਂ ਪਾਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਜੁਲਾਈ
ਪਟਿਆਲਾ ਵਿੱਚ ਪੇਚਸ਼ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦੀਆਂ ਚਾਰ ਕਲੋਨੀਆਂ ਵਿੱਚ 100 ਤੋਂ ਵੱਧ ਮਰੀਜ਼ ਪੇਚਸ਼ ਤੋਂ ਪੀੜਤ ਆਏ। ਸ਼ਹਿਰ ਦੀ ਨਿਊ ਯਾਦਵਿੰਦਰਾ ਕਲੋਨੀ, ਅਬਚਲ ਨਗਰ, ਫ਼ੈਕਟਰੀ ਏਰੀਆ ਤੇ ਅਨਾਜ ਮੰਡੀ ਆਦਿ ਥਾਵਾਂ ਸਿਹਤ ਵਿਭਾਗ ਅਨੁਸਾਰ ਕੁੱਲ ਕੇਸਾਂ ਦੀ ਗਿਣਤੀ 200 ਤੋਂ ਪਾਰ ਹੋ ਚੁੱਕੀ ਹੈ। ਬੀਤੇ ਦਿਨੀਂ ਪਾਤੜਾਂ ਕਸਬੇ ਅਤੇ ਸ਼ਹਿਰ ਦੀਆਂ ਕਈ ਕਲੋਨੀਆਂ ’ਚ ਫੈਲੇ ਪੇਚਸ਼ ਤੋਂ ਰਾਹਤ ਮਿਲਣ ਨਾਲ ਜ਼ਿਲ੍ਹੇ ’ਚ ਪੇਚਸ਼ ਕਾਬੂ ਹੇਠ ਸੀ ਪਰ ਕੱਲ੍ਹ ਰਾਤ ਤੋਂ ਸ਼ਹਿਰ ’ਚ ਆਏ ਕੇਸਾਂ ਨਾਲ ਪੇਚਸ਼ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਅੱਜ ਕੁੱਲ ਕੇਸਾਂ ਦਾ ਅੰਕੜਾ 200 ਤੋਂ ਪਾਰ ਹੋ ਗਿਆ। ਪੇਚਸ਼ ਪ੍ਰਭਾਵਿਤ ਇਲਾਕਿਆਂ ’ਚ ਇੱਕ 68 ਸਾਲਾ ਬਜ਼ੁਰਗ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ। ਦੂਜੇ ਪਾਸੇ ਸਿਹਤ ਵਿਭਾਗ ਨੇ ਪੇਚਿਸ਼ ਪ੍ਰਭਾਵਿਤ ਖੇਤਰਾਂ ਵਿੱਚ ਘਰ ਘਰ ਸਰਵੇ ਤੇਜ਼ ਕਰ ਦਿੱਤਾ ਅਤੇ ਦੇਰ ਰਾਤ ਤੱਕ ਸਰਵੇਅ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਓਆਰਐਸ ਦੇ ਘੋਲ ਅਤੇ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਕੀਤੀ ਜਾ ਰਹੀ ਹੈ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਵਿਚ ਹੀ 200 ਤੋਂ ਵੱਧ ਮਰੀਜ਼ ਰਿਪੋਰਟ ਹੋਏ ਹਨ ਅਤੇ ਸਰਵੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ ਇਲਾਕਿਆਂ ’ਚ 24 ਘੰਟੇ ਟੀਮਾਂ ਤਾਇਨਾਤ ਕਰਕੇ ਨਜ਼ਰ ਰੱਖੀ ਜਾ ਰਹੀ ਹੈ। ਨਗਰ ਨਿਗਮ ਨੇ ਵੀ ਪ੍ਰਭਾਵਿਤ ਇਲਾਕੇ ਵਿੱਚ ਵਾਟਰ ਸਪਲਾਈ ਪਾਈਪਲਾਈਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਗਮ ਵੱਲੋਂ ਨਿਊ ਯਦਵਿੰਦਰਾ ਕਲੋਨੀ ਅਤੇ ਅਨਾਜ ਮੰਡੀ ਵਿੱਚ ਵਾਟਰ ਸਪਲਾਈ ਪਾਈਪ ਲਾਈਨ ਦੀ ਜਾਂਚ ਲਈ ਬਣਾਈਆਂ ਟੀਮਾਂ ਵੱਲੋਂ ਇਲਾਕੇ ਦੇ ਵੱਖ-ਵੱਖ ਹਿੱਸਿਆਂ ਤੋਂ ਪਾਈਲਾਈਨਾਂ ਪੁੱਟ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਸੀਵਰੇਜ ਦਾ ਪਾਣੀ ਵਾਟਰ ਸਪਲਾਈ ਪਾਈਪਲਾਈਨ ਵਿੱਚ ਮਿਲ ਰਿਹਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਨਿਗਮ ਨੇ ਕਈ ਇਲਾਕਿਆਂ ਨੂੰ ਹੌਟਸਪੌਟ ਖੇਤਰ ਐਲਾਨ ਕੇ ਉਨ੍ਹਾਂ ਨੂੰ ਦੋ ਹਿੱਸਿਆਂ ’ਚ ਵੰਡ ਕੇ ਵੱਖ ਵੱਖ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਸ਼ਹਿਰ ’ਚ ਫੈਲੇ ਪੇਚਸ਼ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਐਪੀਡੋਮੋਲੋਜਿਸਟ ਅਫ਼ਸਰ ਡਾ. ਗਗਨਦੀਪ ਸਿੰਘ ਗਰੋਵਰ ਨੇ ਪ੍ਰਭਾਵਿਤ ਥਾਵਾਂ ਦਾ ਦੌਰਾ ਵੀ ਕੀਤਾ।