ਛੱਪੜ ਵਾਲੀ ਸਰਕਾਰੀ ਜ਼ਮੀਨ ’ਤੇ ਕਬਜ਼ੇ ਤੋਂ ਪਿਆ ਰੌਲਾ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਜੁਲਾਈ
ਸਥਾਨਕ ਰਾਏਕੋਟ ਮਾਰਗ ਤੋਂ ਪਿੰਡ ਕੋਠੇ ਪੋਨੇ ਨੂੰ ਜਾਂਦੇ ਰਸਤੇ ’ਤੇ ਇਕ ਪੁਰਾਣੇ ਛੱਪੜ ਵਾਲੀ ਥਾਂ ’ਤੇ ਕਥਿਤ ਕਬਜ਼ੇ ਨੂੰ ਲੈ ਕੇ ਅੱਜ ਰੌਲਾ ਪੈ ਗਿਆ। ਕਈ ਦਹਾਕੇ ਪਹਿਲਾਂ ਇਥੇ ਇਕ ਇਮਾਰਤ ਅਤੇ ਤਲਾਅ ਹੁੰਦਾ ਸੀ। ਹੌਲੀ ਹੌਲੀ ਇਸ ਤਲਾਅ ਤੇ ਇਮਾਰਤ ਦੀਆਂ ਇੱਟਾਂ ਆਦਿ ਗਾਇਬ ਹੋ ਗਈਆਂ ਅਤੇ ਨਗਰ ਕੌਂਸਲ ਨੇ ਇਸ ਥਾਂ ਨੂੰ ਕੂੜਾ ਕਰਕਟ ਨਾਲ ਭਰਨਾ ਸ਼ੁਰੂ ਕਰ ਦਿੱਤਾ। ਕਈ ਦਹਾਕਿਆਂ ਤੋਂ ਨਗਰ ਕੌਂਸਲ ਹੀ ਇਸ ਜ਼ਮੀਨ ਨੂੰ ਸਰਕਾਰੀ ਦੱਸ ਕੇ ਇਸ ’ਤੇ ਕਾਬਜ਼ ਰਹੀ ਹੈ। ਸਮੇਂ ਸਮੇਂ ’ਤੇ ਇਸ ਥਾਂ ਦੇ ਆਲੇ-ਦੁਆਲੇ ਨਾਜਾਇਜ਼ ਕਬਜ਼ੇ ਹੋਏ ਅਤੇ ਹੋਰ ਕਬਜ਼ੇ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਅੱਜ ਬਾਅਦ ਦੁਪਹਿਰ ਵੀ ਇਸ ਥਾਂ ’ਤੇ ਇਕ ਜੇਸੀਬੀ ਚੱਲਦੀ ਹੋਣ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ। ਸ਼ਹਿਰ ਅੰਦਰ ਮਿੰਟਾਂ ’ਚ ਹੀ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹੋਣ ਦੀ ਖ਼ਬਰ ਫੈਲ ਗਈ। ਇਸ ਬਾਰੇ ਸੂਚਨਾ ਮਿਲਣ ’ਤੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਵੀ ਸਾਥੀ ਕੌਂਸਲਰਾਂ ਤੇ ਅਮਲੇ ਫੈਲੇ ਨਾਲ ਮੌਕੇ ’ਤੇ ਪਹੁੰਚ ਗਏ। ਕੌਂਸਲਰ ਜਰਨੈਲ ਸਿੰਘ ਲੋਹਟ, ਮਾਸਟਰ ਹਰਦੀਪ ਜੱਸੀ ਆਦਿ ਵੀ ਉਨ੍ਹਾਂ ਦੇ ਨਾਲ ਸਨ।
ਪ੍ਰਧਾਨ ਰਾਣਾ ਨੇ ਦੱਸਿਆ ਕਿ ਉਹ ਨਗਰ ਕੌਂਸਲ ਦਫ਼ਤਰ ’ਚ ਮੌਜੂਦ ਸਨ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਸ ਸਰਕਾਰੀ ਜ਼ਮੀਨ ’ਤੇ ਜੇਸੀਬੀ ਰਾਹੀਂ ਮਿੱਟੀ ਪੁੱਟਣ ਅਤੇ ਕਥਿਤ ਕਬਜ਼ੇ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਸੂਚਨਾ ਦੇ ਆਧਾਰ ’ਤੇ ਉਹ ਮੌਕੇ ’ਤੇ ਪਹੁੰਚੇ ਤਾਂ ਜੇਸੀਬੀ ਚਾਲਕ ਨੇ ਦੱਸਿਆ ਕਿ ਉਹ ਬਠਿੰਡੇ ਤੋਂ ਆਇਆ ਹੈ ਅਤੇ ਛੱਪੜ ਵਾਲੀ ਥਾਂ ਪੁੱਟ ਕੇ ਰਸਤਾ ਬਣਾ ਰਿਹਾ ਹੈ। ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ ਅਤੇ ਭਲਕੇ ਨਗਰ ਕੌਂਸਲ ਦਫ਼ਤਰ ’ਚ ਸੱਦਿਆ ਹੈ। ਪ੍ਰਧਾਨ ਰਾਣਾ ਮੁਤਾਬਕ ਇਸ ਥਾਂ ’ਤੇ ਭੂ-ਮਾਫੀਆ ਦੀ ਚਿਰਾਂ ਤੋਂ ਅੱਖ ਹੈ ਅਤੇ ਸਮੇਂ-ਸਮੇਂ ’ਤੇ ਇਥੇ ਕਬਜ਼ਾ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਕੁਝ ਲੋਕਾਂ ਨੇ ਇਸ ਥਾਂ ’ਚੋਂ ਰਸਤਾ ਲੰਘਦਾ ਹੋਣ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਨੂੰ ਦਸਤਾਵੇਜ਼ ਲੈ ਕੇ ਆਉਣ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਰਕਾਰੀ ਜ਼ਮੀਨ ਨਗਰ ਕੌਂਸਲ ਦੀ ਹੈ ਜਿਸ ’ਤੇ ਕਿਸੇ ਵੀ ਕੀਮਤ ’ਤੇ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।