ਐੱਨਆਈਏ ਦੀ ਟੀਮ ਵੱਲੋਂ ਪਿੰਡ ਝੋਰੜਾਂ ’ਚ ਛਾਪਾ
ਸੰਤੋਖ ਗਿੱਲ
ਰਾਏਕੋਟ, 1 ਅਗਸਤ
ਇੰਗਲੈਂਡ ਤੋਂ ਆਪਣੀ ਧੀ ਨੂੰ ਮਿਲਣ ਬਾਅਦ ਪਰਵਿਾਰ ਸਮੇਤ ਚਾਰ ਮਹੀਨੇ ਪਹਿਲਾਂ 18 ਅਪਰੈਲ ਨੂੰ ਪਰਤੇ ਪਿੰਡ ਝੌਰੜਾਂ ਵਾਸੀ ਜਸਵੰਤ ਸਿੰਘ ਦੇ ਘਰ ਸਵੇਰਸਾਰ ਐੱਨਆਈਏ ਦੀ ਟੀਮ ਵੱਲੋਂ ਲੁਧਿਆਣਾ (ਦਿਹਾਤੀ) ਪੁਲੀਸ ਦੀ ਮੌਜੂਦਗੀ ਵਿੱਚ ਦਸਤਕ ਦਿੱਤੀ ਗਈ।
ਇਸ ਦੀ ਪੁਸ਼ਟੀ ਲੁਧਿਆਣਾ (ਦਿਹਾਤੀ) ਦੇ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਵੀ ਕੀਤੀ ਹੈ, ਪਰ ਜਾਂਚ ਦੇ ਮਕਸਦ ਬਾਰੇ ਸਥਾਨਕ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਸੀ। ਜਸਵੰਤ ਸਿੰਘ ਦੀ ਧੀ ਅਮਨਦੀਪ ਕੌਰ ਡੇਹਲੋਂ ਲਾਗਲੇ ਪਿੰਡ ਨੰਗਲ ਵਾਸੀ ਅੰਮ੍ਰਿਤਪਾਲ ਸਿੰਘ ਨਾਲ ਵਿਆਹੀ ਹੋਈ ਹੈ ਅਤੇ ਉਹ ਕਰੀਬ 11 ਸਾਲ ਤੋਂ ਇੰਗਲੈਂਡ ਰਹਿੰਦੀ ਹੈ। ਖ਼ਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਅਦ ਇੰਗਲੈਂਡ ਵਿੱਚ ਖ਼ਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਦੂਤਘਰ ਸਾਹਮਣੇ ਲੱਗੇ ਤਿਰੰਗੇ ਦੇ ਅਪਮਾਨ ਬਾਰੇ ਭਾਰਤੀ ਏਜੰਸੀਆਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ।
ਜਸਵੰਤ ਸਿੰਘ ਦੇ ਪਰਵਿਾਰ ਅਨੁਸਾਰ ਅੰਮ੍ਰਿਤਪਾਲ ਸਿੰਘ ਇੰਗਲੈਂਡ ਦੀ ਲਬਿਰਲ ਪਾਰਟੀ ਨਾਲ ਸਬੰਧ ਰੱਖਦੇ ਹਨ ਅਤੇ ਉਹ ਕੌਂਸਲਰ ਵੀ ਰਹੇ ਹਨ ਪਰ ਪਰਵਿਾਰ ਨੇ ਪੰਜਾਬ ਦੀ ਕਿਸੇ ਰਾਜਨੀਤਿਕ ਪਾਰਟੀ ਨਾਲ ਸਰੋਕਾਰ ਤੋਂ ਇਨਕਾਰ ਕੀਤਾ ਹੈ। ਜਸਵੰਤ ਸਿੰਘ ਆਪਣੀ ਪਤਨੀ ਅਮਰਜੀਤ ਕੌਰ ਅਤੇ ਪੁੱਤਰ ਇੰਦਰਜੀਤ ਸਿੰਘ ਸਮੇਤ ਫਰਵਰੀ ਵਿੱਚ ਇੰਗਲੈਂਡ ਗਏ ਸਨ। ਇਸ ਦੌਰਾਨ ਪਰਵਿਾਰਕ ਮੈਂਬਰਾਂ ਦੇ ਪਾਸਪੋਰਟ, ਫ਼ੋਨ ਕਾਲਾਂ ਅਤੇ ਲੈਪਟਾਪ ਆਦਿ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਵਿਦੇਸ਼ ਤੋਂ ਪ੍ਰਾਪਤ ਹੋਈ ਕਿਸੇ ਧਨ ਰਾਸ਼ੀ ਬਾਰੇ ਵੀ ਪੁੱਛਗਿੱਛ ਕੀਤੀ ਗਈ ਸੀ। ਐੱਨਆਈਏ ਅਧਿਕਾਰੀਆਂ ਵੱਲੋਂ ਪੁੱਛਗਿੱਛ ਦਾ ਮੁੱਖ ਕੇਂਦਰ ਲੰਡਨ ਵਿੱਚ ਭਾਰਤੀ ਦੂਤਘਰ ਤੋਂ ਤਿਰੰਗਾ ਉਤਾਰੇ ਜਾਣ ਸਮੇਂ ਜਸਵੰਤ ਸਿੰਘ ਉਨ੍ਹਾਂ ਦੇ ਕਿਸੇ ਪਰਵਿਾਰਕ ਮੈਂਬਰ ਦੀ ਦੂਤਘਰ ਨੇੜੇ ਮੌਜੂਦਗੀ ਬਾਰੇ ਸੀ। ਜਸਵੰਤ ਸਿੰਘ ਦੇ ਪੁੱਤਰ ਇੰਦਰਜੀਤ ਸਿੰਘ ਅਨੁਸਾਰ ਤਲਾਸ਼ੀ ਮੌਕੇ ਉਹ ਘਰ ਵਿੱਚ ਮੌਜੂਦ ਨਹੀਂ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਕਮਰੇ ਦੀ ਅਲਮਾਰੀ ਵਿੱਚ ਪਏ 300 ਪੌਂਡ ਦੀ ਰਕਮ ਨਹੀਂ ਮਿਲੀ ਹੈ।